ਗਰੀਬ ਬ੍ਰਾਹਮਣ (?) ਹੱਟੀਵਾਲ਼ੇ ਹਿੰਦੂ ਦੇ ਘਰ ਬੇਟੇ ਨੇ ਜਨਮ ਲਿਆ।
ਲੋਕ ਵਿਸ਼ਵਾਸ ਮੁਤਾਬਕ ਉਸਦੇ ਨੱਥ ਪਾੲੀ ਗੲੀ ਅਤੇ ਲਾਡ ਨਾਲ਼ ੳੁਸਦਾ ਨਾਂ ਨੱਥੂਰਾਮ ਰੱਖਿਆ।
ਸੁਰਤ ਸੰਭਾਲ਼ੀ ਤਾਂ ਉਸਨੇ ਪੰਜਾਬੀ ਦੇ ਪ੍ਰਸਿੱਧ ਕਿੱਸਾਕਾਰ ਹਾਸ਼ਮ ਸ਼ਾਹ ਦੇ ਬੇਟੇ ਮੌਲਵੀ ਹਯਾਤ ਸ਼ਾਹ ਕੋਲ਼ ਫਾਰਸੀ ਭਾਸ਼ਾ ਸਿੱਖਣੀ ਅਰੰਭ ਕੀਤੀ।
ਫਿਰ ਉਸਨੇ ਸਿੱਖ ਸੈਨਿਕਾਂ ਦੀ ਰੋਬੀਲੀ ਦਿੱਖ ਦੇ ਪ੍ਰਭਾਵ ਵਿੱਚ ਸਿੱਖ ਸਜਣ ਦਾ ਸੰਕਲਪ ਧਾਰ ਲਿਆ ਤੇ ਅੰਮ੍ਰਿਤਪਾਨ ਕਰਕੇ ਨੱਥੂਰਾਮ ਤੋਂ ਸਾਹਿਬ ਸਿੰਘ ਹੋ ਗਿਆ।
ਗੁਰਬਾਣੀ ਪ੍ਰਤੀ ਪਿਆਰ ਜਾਗਿਆ ਤਾਂ ਸੰਸਕ੍ਰਿਤ ਭਾਸ਼ਾ ਦੇ ਗਿਆਨ ਦੀ ਕਮੀਂ ਮਹਿਸੂਸ ਹੋਈ ਤਾਂ ਉਹ ਸੰਸਕ੍ਰਿਤ ਭਾਸ਼ਾ ਦਾ ਗੂੜ੍ਹ ਗਿਆਨ ਹਾਸਲ ਕਰਨ ਵਿੱਚ ਜੁੱਟ ਗਿਆ।
ਅੰਤਾਂ ਦੀ ਗਰੀਬੀ ਨੇ ਉਸਦੀ ਜਿਗਿਆਸਾ ਨੂੰ ਮਾਰਕਸ ਵੱਲ੍ਹ ਮੋੜ ਦਿੱਤਾ; ਮਾਰਕਸਵਾਦ ਪੜ੍ਹਿਆ ਤਾਂ ਮਨ ਦੀ ਜਿਗਿਆਸਾ ਮਾਰਕਸਵਾਦ ਤੋਂ ਵਿਗਿਆਨਵਾਦ ਵੱਲ੍ਹ ਪਰਤ ਗਈ।
ਫਿਰ ਖਿਆਲ ਆਇਆ ਕਿਉਂ ਨਾ ਗੁਰਮਤਿ ਦੀ ਵਿਗਿਆਨਿਕ ਵਿਆਖਿਆ ਕੀਤੀ ਜਾਵੇ?
ਗੁਰਬਾਣੀ ਦੇ ਭਾਸ਼ਾਈ ਗਿਆਨ ਲਈ ਫਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਗਿਆਨ ਹਾਸਲ ਕਰਨਾ ਕਿਤਨਾ ਜਰੂਰੀ ਹੈ, ਇਹ ਗੱਲ ਥੋੜ੍ਹੇ ਜਹੇ ਪੜ੍ਹੇ ਲਿਖੇ ਵੀ ਅੱਛੀ ਤਰਾਂ ਸਮਝ ਸਕਦੇ ਹਨ।
ਉਹ ਭਾਸ਼ਾਈ ਮਹਾਰਤ ਨਾਲ਼ ਲੈਸ ਹੋ ਕੇ ਗੁਰਬਾਣੀ ਦੀ ਟੀਕਾ-ਕਾਰੀ ਵਿੱਚ ਰੁੱਝ ਗਿਆ।
ਸਭ ਤੋਂ ਪਹਿਲਾਂ ਭੱਟਾਂ ਦੇ ਸਵੱਈਏ ਧਿਆਨ ਹਿਤ ਆਏ; ਸੰਸਕ੍ਰਿਤ ਦਾ ਗਿਆਨ ਕੰਮ ਆਇਆ ਤੇ ਭੱਟਾਂ ਦੇ ਸਵੱਈਆਂ ਦਾ ਸਟੀਕ ਤਿਆਰ ਹੋਇਆ।
ਫਿਰ ਚੱਲ ਸੋ ਚੱਲ।
ਪ੍ਰਥਮ ਬਾਣੀ-ਕਾਰ ਬਾਬਾ ਫਰੀਦ ਸਾਹਿਬ ਦੇ ਸ਼ਬਦ ਅਤੇ ਸਲੋਕਾਂ ਦਾ ਸਟੀਕ ਤਿਆਰ ਕੀਤਾ; ਹਯਾਤਸ਼ਾਹ ਤੋਂ ਸਿੱਖੀ ਹੋਈ ਫਾਰਸੀ ਭਾਸ਼ਾ ਦਾ ਗਿਆਨ ਕੰਮ ਆਇਆ।
ਹੌਸਲਾ ਵਧਿਆ ਤਾਂ ਨਿੱਤ-ਨੇਮ ਦੀਆਂ ਬਾਣੀਆਂ ਦਾ ਟੀਕਾ ਤਿਆਰ ਕੀਤਾ ਤਾਂ ਗੁਰਬਾਣੀ ਦੇ ਵਿਆਖਿਆਕਾਰ ਵਜੋਂ ਪਹਿਚਾਣ ਬਣ ਗਈ।
ਇਸ ਸਿਲਸਿਲੇ ‘ਚ ਗੁਰਬਾਣੀ ਦਾ ਮੁਕੰਮਲ ਅਤੇ ਮੁਸੱਲਸਲ ਵਿਆਕਰਣ ਤਿਆਰ ਕੀਤਾ ਅਤੇ ਉਸ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਗਿਆਨਿਕ ਟੀਕਾ ਤਿਆਰ ਕਰਨ ਦਾ ਬੀੜਾ ਚੁੱਕ ਲਿਆ।
ਇਸ ਮਹਾਨ ਅਤੇ ਮੁਕੱਦਸ ਕਾਰਜ ਵਿੱਚ ਹੀ ਉਸਦੀ ਉਮਰ ਬੀਤ ਗਈ।
ਇਤਨੇ ਵੱਡੇ ਕਾਰਜ ਨੂੰ ਕੋਈ ਸਿੱਖ ਪਬਲਿਸ਼ਰ ਛਾਪਣ ਲਈ ਤਿਆਰ ਨਾ ਹੋਇਆ ਕਿ ਸਿੱਖਾਂ ਨੂੰ ਪੜ੍ਹਨ ਦੀ ਆਦਤ ਹੈ ਕੋਈ ਨਹੀਂ; ਮੁਕੰਮਲ ਟੀਕਾ ਕੌਣ ਖਰੀਦੂ; ਸਭ ਨੂੰ ਘਾਟੇ ਵਾਲ਼ਾ ਸੌਦਾ ਪ੍ਰਤੀਤ ਹੋਇਆ;
ਵੱਡੇ ਵੱਡੇ ਨਾਮੀ ਸਿੱਖ ਪਬਲਿਸ਼ਰ ਟਾਲ਼-ਮਟੋਲ਼ ਕਰਨ ਲੱਗੇ; ਕਹਿੰਦੇ ਹਨ ਪਹਿਲੀ ਵੇਰ ਕਿਸੇ ਪਬਲਿਸ਼ਰ ਨੇ ਸਾਹਿਬ ਸਿੰਘ ਦੀ ਲਿਖਤ ਛਾਪਣ ਲਈ ਕੀਮਤ ਵਜੋਂ, ਉਸਨੂੰ ਸੋਢੇ ਦੀ ਬੋਤਲ ਦੀ ਪੇਸ਼ਕਸ਼ ਕੀਤੀ ਸੀ।
ਅਖੀਰ ਜਲੰਧਰ ਦੇ ਇੱਕ ਹਿੰਦੂ ‘ਰਾਜ ਪਬਲਿਸ਼ਰ’ ਨੇ ”ਘਾਟੇ ਵਾਲ਼ਾ” “ਸੱਚਾ ਸੌਦਾ” ਜਾਣ ਕੇ ਹਾਂ ਕਰ ਦਿੱਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਵਿਆਕਰਣਿਕ ਅਤੇ ਵਿਗਿਆਨਿਕ ਟੀਕਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੇ ਨਾਂ ਹੇਠ ਛਪ ਕੇ ਤਿਆਰ ਹੋ ਗਿਆ।
ਦਰਪਣ ਦੀ ਦੂਰ ਦੂਰ ਤੱਕ ਚਰਚਾ ਹੋਣੀ ਸ਼ੁਰੂ ਹੋ ਗਈ; ਧੁੰਮਾਂ ਪੈ ਗਈਆਂ।
ਦੂਰੋਂ ਦੂਰੋਂ ਆਰਡਰ ਆਉਣੇ ਸ਼ੁਰੂ ਹੋ ਗਏ; ਦਰਪਣ ਦੀ ਮੰਗ ਵਧ ਗਈ; ਸਪਲਾਈ ਘਟ ਗਈ।
ਰਾਜ ਪਬਲਿਸ਼ਰ ਨੇ ਬਾਕੀ ਸਭ ਕੰਮ ਠੱਪ ਕਰ ਦਿੱਤੇ ਅਤੇ ਦਰਪਣ ਦੀ ਧੜਾਧੜ ਛਪਾਈ ਅਰੰਭ ਦਿੱਤੀ।
ਫਿਰ ਦੇਸ਼ ਦੀਆਂ ਸੜਕਾਂ ‘ਤੇ ਦੌੜਦੀ ਇੱਕ ਵੈਨ ਦਿਖਾਈ ਦੇਣ ਲੱਗੀ, ਜਿਸ ‘ਤੇ ਵੱਡੇ ਅੱਖਰਾਂ ‘ਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਲਿਖਿਆ ਹੋਇਆ ਸੀ।
ਲੋਕ ਸਤਿਕਾਰ ਵਜੋਂ ਇਸ ਵੈਨ ਨੂੰ ਰਾਹ ਦੇ ਦਿੰਦੇ ਤੇ ਕੋਈ ਓਵਰਟੇਕ ਕਰਨ ਦੀ ਕੋਸ਼ਿਸ਼ ਵੀ ਨਾ ਕਰਦਾ।
ਡਰਾਇਵਰ ਵੀ ਸਿਰ ਕੱਜ ਕੇ ਬੈਠਦਾ।
ਵਿਸ਼ਵ ਦੇ ਇਤਿਹਾਸ ਵਿੱਚ, ਸ਼ਾਇਦ, ਕਿਸੇ ਟੀਕੇ ਨੂੰ ਪਹਿਲਾਂ ਕਦੀ ਏਨਾ ਸਤਿਕਾਰ ਨਹੀਂ ਮਿਲਿਆ ਹੋਣਾ।
ਬੇਸ਼ੱਕ ਹੁਣ ਸੋਢੇ ਦੀ ਬੋਤਲ ਤੋਂ ਗੱਲ ਬਹੁਤ ਅਗਾਂਹ ਲੰਘ ਚੁੱਕੀ ਸੀ; ਪਰ ਬੌਧਿਕ ਪ੍ਰਤਿਭਾ ਦੀ ਮਸ਼ਹੂਰੀ ਨੇ ਸਾਹਿਬ ਸਿੰਘ ਨੂੰ ਕਮਾਲ ਦੀ ਸਾਦਗੀ ਦਾ ਮੁਜੱਸਮਾ ਬਣਾ ਦਿੱਤਾ।
ਪੰਜਾਬੀ ਯੂਨੀਵਰਸਿਟੀ, ਪਟਿਆਲ਼ੇ ਦਾ ਇਸ ਪਾਸੇ ਧਿਆਨ ਗਿਆ ਤਾਂ ਉਸਨੇ ਸਾਹਿਬ ਸਿੰਘ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਡਿਗਰੀ ‘ਡੀ ਲਿਟ’ ਨਾਲ਼ ਸਨਮਾਨਤ ਕੀਤਾ।
ਕਹਿੰਦੇ ਹਨ ਕਿ ਉਸ ਦਿਨ, ਨਾਸਾਜ਼ ਤਬੀਅਤ ਕਾਰਣ, ਸਾਹਿਬ ਸਿੰਘ ਨੂੰ ਕੁਝ ਪਤਾ ਨਹੀਂ ਸੀ ਕਿ ਉਸਨੂੰ ਕਿਉਂ ਬੁਲਾਇਆ ਅਤੇ ਕੀ ਦਿੱਤਾ ਗਿਆ ਹੈ।
ਸਾਹਿਬ ਸਿੰਘ ਨੇ ਵੱਡੇ ਬੇਟੇ ਨੂੰ ਅੱਖਾਂ ਦਾ ਵੱਡਾ ਡਾਕਟਰ ਬਣਨ ਲਈ ਪ੍ਰੇਰਿਤ ਕੀਤਾ ਸੀ।
ਕਰਾਮਾਤੀ ਪ੍ਰਤਿਭਾ ਵਾਲ਼ੇ ਨਵੇਂ ਸਜ਼ੇ ਸਿੱਖ ਬਾਪ ਦਾ ਬੇਟਾ, ਡਾ. ਦਲਜੀਤ ਸਿੰਘ ਅੱਖਾਂ ਦਾ ਵਿਸ਼ਵ ਪ੍ਰਸਿੱਧ ਸਰਜਣ, ਵੱਡਾ ਡਾਕਟਰ ਮਸ਼ਹੂਰ ਹੋ ਗਿਆ।
ਲੋਕ ਅਮਰੀਕਾ ਨੂੰ ਇਲਾਜ ਲਈ ਜਾਂਦੇ ਹਨ।
ਪਰ ਅੱਖਾਂ ਲਈ ਅਮਰੀਕਣ ਲੋਕ ਅੰਮ੍ਰਿਤਸਰ ਆਉਂਣੇ ਸ਼ੁਰੂ ਹੋ ਗਏ।
ਜਿਵੇਂ ਦਲਜੀਤ ਸਿੰਘ ਅੱਖਾਂ ਦਾ ਰੱਬ ਹੋਵੇ।
ਆਮ ਤੌਰ ‘ਤੇ ਡਾ. ਲੋਕ ਵਿਦਵਾਨ ਨਹੀਂ ਹੁੰਦੇ; ਪਰ ਦਲਜੀਤ ਸਿੰਘ ਵਿਦਵਾਨ ਵੀ ਤੇ ਡਾਕਟਰ ਵੀ ਸੀ।
ਫਿਰ ਉਸਨੂੰ ਸਮਾਜ ਸੁਧਾਰ ਦਾ ਚੰਦਰਾ ਖਿਆਲ ਆਇਆ।
ਕੇਜਰੀਵਾਲ ਨੇ ਟਿਕਟ ਦੇ ਦਿੱਤੀ; ਮਨ ਵਿੱਚ ਸੀ ਕਿ ਉਸਨੂੰ ਕੌਣ ਨਹੀਂ ਵੋਟ ਪਾਵੇਗਾ!
ਪਰ ਕੇਜਰੀਵਾਲ਼ ਨੂੰ ਸਿੱਖ ਮਾਨਸਿਕਤਾ ਦਾ ਪਤਾ ਨਹੀਂ ਸੀ।
ਸਿੱਖਾਂ ਦੀ ‘ਸਮਝਦਾਰੀ’ ਅਤੇ ‘ਫਰਾਖਦਿਲੀ’ ਦਾ ਕੇਜਰੀਵਾਲ਼ ਨੂੰ ਉਦੋਂ ਪਤਾ ਲੱਗਾ, ਜਦ ਸਾਹਿਬ ਸਿੰਘ ਦੇ ਬੇਟੇ, ਡਾ. ਦਲਜੀਤ ਸਿੰਘ ਜੀ ਦੀ, ਗੁਰੂ ਕੀ ਨਗਰੀ, ਵਿਖੇ ਜ਼ਮਾਨਤ ਜ਼ਬਤ ਹੋਣੋ ਮਸਾਂ ਬਚੀ।
ਕਿਸੇ ਹੋਰ ਸਮਾਜ ਵਿੱਚ ਹੁੰਦਾ ਤਾਂ ਉਹ ਬਿਨਾ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਜਾਂਦਾ।
ਜਿਨ੍ਹਾਂ ਦੀਆਂ ਅੱਖਾਂ ਨੂੰ ਡਾ ਦਲਜੀਤ ਸਿੰਘ ਨੇ ਦੇਖਣ ਦੀ ਤੌਫੀਕ ਦਿੱਤੀ, ਉਹ ਅੱਖਾਂ, ਦੇਸ਼ ਦੀ ਤਕਦੀਰ ਬਦਲਣ ਵਾਲ਼ੇ ਡਾ. ਦਲਜੀਤ ਸਿੰਘ ਨੂੰ ਨਾ ਤਾਂ ਦੇਖ ਸਕੀਆਂ ਤੇ ਨਾ ਪਛਾਣ ਸਕੀਆਂ।
ਪਛਾਣਦੀਆਂ ਵੀ ਕਿਵੇਂ — ਟੋਪੀ ਵਾਲ਼ੇ ਦੀ ਪਾਰਟੀ ਵਿੱਚ, ਹਟਵਾਣੀਏ ਦਾ ਪੱਗ ਵਾਲ਼ਾ ਪੋਤਾ, ਕਿਸੇ ਨੂੰ ਵੀ ਪਰਵਾਣ ਨਹੀਂ ਸੀ।
ਸਿੱਖ ਅੱਖਾਂ ਨੇ ਅੱਖਾਂ ਦੇ ਡਾਕਟਰ ਦੀਆਂ ਅੱਖਾਂ ਵਿੱਚੋਂ ਵੀ ਹਟਵਾਣੀਆਂ ਪਛਾਣ ਲਿਆ ਸੀ।
ਨੱਥੂਰਾਮ ਦਾ ਕਰਾਮਾਤੀ ਟੀਕਾ ਵੀ ਉਸਨੂੰ ਜਿਤਾ ਨਾ ਸਕਿਆ।
ਡਾ. ਦਲਜੀਤ ਸਿੰਘ ਨੂੰ ਪਹਿਲੀਵਾਰ ਪਤਾ ਲੱਗਾ ਕਿ ਉਹ ਕੌਣ ਹੈ ਤੇ ਕੀ ਹੈ।
ਉਹ ਕਰੂਪ ਅਤੇ ਕਰੂਰ ਸੱਚ ਬਰਦਾਸ਼ਤ ਨਾ ਕਰ ਸਕਿਆ ਤੇ ਉਹ ਪੂਰਾ ਹੋ ਗਿਆ;
ਕਿਉਂਕਿ ਉਹ ਪੂਰਾ ਹੋ ਗਿਆ ਸੀ।
ਮੈਂ ਜਦ ਵੀ ਕਿਸੇ ਹਟਵਾਣੀਏ ਨੂੰ ਦੇਖਦਾ ਹਾਂ ਤਾਂ ਮੈਨੂੰ ਪ੍ਰੋ ਸਾਹਿਬ ਸਿੰਘ ਜੀ ਦੀ ਯਾਦ ਆਉਂਦੀ ਹੈ।
ਆਉ ਉਨ੍ਹਾਂ ਦੇ ਸਤਿਕਾਰ ਵਿੱਚ ਸਿਰ ਝੁਕਾਈਏ ਤੇ ਆਪਣੇ ਨਾਸ਼ੁਕਰੇਪਣ ‘ਤੇ ਪ੍ਰਸ਼ਨ-ਚਿੰਨ੍ਹ ਲਾਈਏ।
(Avtar Singh ਜੀ ਦੀ ਵਾਲ ਤੋਂ ਧੰਨਵਾਦ ਸਹਿਤ)