ਪਾਖੰਡੀ ਕੱਟਦੇ ਸੀ ਦੁਖ ਜਿਹੜੇ ਬਾਬੇ ਬਣਕੇ,
ਪਈ ਬਿਪਤਾ ਇਕਾਂਤਵਾਸ ਭੋਰਿਆਂ ‘ਚ ਹੋ ਕੇ ਗਏ
ਜਿਹੜੇ ਦੁਨਿਆਵੀ ਬ੍ਰਹਮ ਗਿਆਨੀ ਆਖਦੇ ਹਨ ਕਿ ਉਹ ਦੁਨੀਆਂ ਦਾ ਪਾਰ ਉਤਾਰਾ ਕਰਨ ਲਈ ਆਏ ਹਨ ਫੇਰ ਅੱਜ ਉਹ ਆਪ ਕਿਉਂ ਗੁਫ਼ਾਵਾਂ ਡੇਰਿਆਂ ਵਿਚ ਬੈਠੇ ਹਨ? ਜਾਂ ਸਿਰਫ ਇਹ ਉਨ੍ਹਾਂ ਦਾ ਇਕ ਗੋਰਖ ਧੰਦਾ ਹੈ।
ਜਿਹੜੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਂਦੇ ਸਨ ਤੇ ਟੈਲੀਵਿਜ਼ਨਾਂ ਰਾਹੀਂ ਤੇ ਦੀਵਾਨਾਂ ਵਿਚ ਆਖਦੇ ਸਨ ਕਿ ਭਾਈ ਬ੍ਰਹਮ ਗਿਆਨੀ ਦੁਨੀਆਂ ਦਾ ਪਾਰ ਉਤਾਰਾ ਕਰਨ ਆਉਂਦੇ ਹਨ ਉਨ੍ਹਾਂ ਪਤੰਦਰਾਂ ਨੂੰ ਹੁਣ ਕਰੋਨਾ ਲੱਭ ਰਿਹੈ, ਉਹ ਨਾ ਹੁਣ ਕੋਰੋਨਾ ਨੂੰ ਲੱਭ ਰਹੇ ਹਨ ਤੇ ਨਾਂ ਸੰਗਤ ਨੂੰ…
ਗੌਰਤਲਬ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਸਾਹਿਬ ਨੇ ਕਿਸੇ ਵੀ ਗੁਰਮੁਖ ਪਿਆਰੇ ਦੇ ਨਾਮ ਅੱਗੇ ਬ੍ਰਹਮਗਿਆਨੀ ਸੰਤ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ। ਬਾਬਾ ਬੁੱਢਾ ਜੀ ਬਹੁਤ ਗਿਆਨਵਾਨ ਗੁਰਮੁੱਖ ਪਿਆਰੇ ਸਨ ਉਨ੍ਹਾਂ ਦੇ ਨਾਮ ਅੱਗੇ ਵੀ ਸਤਿਕਾਰ ਨਾਲ ਬਾਬਾ ਲਿਖਿਆ ਮਿਲਦਾ ਹੈ।ਹੋਰ ਵੀ ਅਨੇਕਾਂ ਉਦਾਹਰਨਾਂ ਹਨ ਸਮਝਣ ਲਈ ਇਹੀ ਕਾਫ਼ੀ ਹੈ।ਕੀ ਗੁਰਬਾਣੀ ਵਿੱਚ ਬ੍ਰਹਮ ਗਿਆਨੀ ਸ਼ਬਦ ਵਰਤਣ ਵਾਲੇ ਗੁਰੂ ਸਾਹਿਬਾਨਾਂ ਨੇ ਬ੍ਰਹਮ ਗਿਆਨੀ ਕਿਸੇ ਦੁਨਿਆਵੀ ਮਨੁੱਖ ਲਈ ਨਹੀਂ ਵਰਤਿਆ ਤਾਂ ਅਸੀਂ ਕਿਉਂ ਦੁਨਿਆਵੀ ਲੋਕਾਂ ਨੂੰ ਰੱਬ (ਬ੍ਰਹਮ ਗਿਆਨੀ ) ਬਣਾ ਛੱਡਿਆ।
ਅੱਜ ਜਦੋਂ ਦੁਨੀਆਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਦੀ ਜ਼ਰੂਰਤ ਹੈ ਤਾਂ ਇਹ ਆਪਣੇ ਡੇਰਿਆਂ, ਘੋਰਿਆਂ ਜਾਂ ਗੁਫ਼ਾਵਾਂ ਵਿੱਚ ਲੁਕੇ ਬੈਠੇ ਹਨ।
“ਬ੍ਰਹਮ ਗਿਆਨੀ ਸਭ ਸ੍ਰਿਸ਼ਟਿ ਕਾ ਕਰਤਾ ॥
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥
ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥
ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ”॥ (ਸੁਖਮਨੀ ਸਾਹਿਬ)
ਜਿਹੜੇ ਇਹ ਦੁਨਿਆਵੀ ਜਾਂ ਬ੍ਰਹਮ ਗਿਆਨੀ ਆਪਣੇ ਆਪ ਨੂੰ ਸ੍ਰਿਸ਼ਟੀ ਦਾ ਕਰਤਾ ਭਾਵ ਰਚਨਹਾਰਾ ਸਮਝਦੇ ਹਨ ਫਿਰ ਉਹ ਹੁਣ ਸੰਸਾਰਿਕ ਬਿਪਤਾ ਸਮੇਂ ਡੇਰੇ ਵਿੱਚ ਜਾਂ ਗੁਫ਼ਾ ਵਿੱਚ ਕਿਉਂ ਰਹਿ ਰਹੇ ਹਨ ਸਗੋ ਰਹਿਣਾ ਸ੍ਰਿਸ਼ਟੀ ਵਿੱਚ ਚਾਹੀਦੈ ਜੋ ਕਰੋਨਾ ਨਾਲ ਭੈਭੀਤ ਹੋ ਚੁੱਕੀ ਹੈ।ਭੋਲੇ ਭਾਲੇ ਲੋਕ ਇਨ੍ਹਾਂ ਦੀ ਉਸਤਤ ਗਾਉਂਦੇ ਕਹਿੰਦੇ ਹਨ ਕੀ ਸਾਡੇ ਬਾਬੇ ਨੇ ਅਰਦਾਸ ਕਰਕੇ ਫਲਾਣੀ ਬਿਪਤਾ ਟਾਲ ਦਿੱਤੀ, ਵੱਡੀ ਆਫ਼ਤ ਟਾਲ ਦਿੱਤੀ ਵਗੈਰਾ ਵਗੈਰਾ।
ਅਸਲ ਚ ਇਹ ਆਪ ਕਾਦਰ ਦੀ ਕੁਦਰਤ ਦੀ ਵਿਸ਼ਾਲਤਾ ਤੋਂ ਅਣਜਾਣ ਹਨ, ਕੁਦਰਤ ਤਾਂ ਦੂਰ ਦੀ ਗੱਲ ਹੈ,ਇਹ ਤਾਂ ਇਨ੍ਹਾਂ ਲਾਇਨਾਂ ਦੇ ਘੇਰੇ ਚ ਹੀ ਘਿਰ ਜਾਂਦੇ ਹਨ ਕਿ
1.ਸੱਚ ਖੰਡ ਦੇ ਰਾਹਾਂ ਦਾ ਖੋਜੀ,
ਓ ਕਚਹਿਰੀਆਂ ਦਾ ਰਾਹ ਪੁੱਛਦਾ।
2.ਸਾਨੂੰ ਆਖਦੇ ਨੇ ਰਾਮ-ਨਾਮ ਲੁੱਟਲੋ,
ਤੇ ਆਪ ਬਾਬੇ ਮੌਜਾਂ ਲੁੱਟਦੇ। (ਜਗਸੀਰ ਜੀਦਾ)
ਜਦੋਂ ਇਹ ਆਖਦੇ ਹਨ ਕਿ ਸੰਗਤ ਵਿੱਚ ਹੀ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ, ਸੰਗਤਾਂ ਦੇ ਦਰਸ਼ਨ ਕਰਨ ਵੱਡੀ ਸਕਿਉਰਿਟੀ ਗੰਨਮੈਨਾਂ ਤੇ ਕਾਰਾਂ ਦੇ ਕਾਫ਼ਲੇ ਚ ਜਾਂਦੇ ਹਨ, ਕਾਫਲਾ ਵੇਖਕੇ ਸਮਝ ਨਹੀਂ ਆਉਂਦੀ ਕਿ ਸੰਗਤਾਂ ਦੇ ਦਰਸ਼ਨ ਕਰਨ ਚੱਲਿਓ ਜਾਂ ਕਬਜ਼ਾ ਲੈਣ ਅਖੇ
‘ਬਾਬੇ ਚੱਲ ਪਏ ਬੰਦੂਕਾਂ ਲੈ ਕੇ,
ਓ ਸੰਗਤਾਂ ਦੇ ਦਰਸ਼ਨ ਲਈ।
ਸੰਗਤ ਦਾ ਪੈਸਾ ਤੇ ਗੁਰੂ ਘਰ ਦਾ ਅੰਨ ਇਨ੍ਹਾਂ ਦੇ ਦਿਮਾਗ਼ ਵਿੱਚ ਐਸਾ ਚੜ੍ਹ ਜਾਂਦਾ ਕਿ ਇਨ੍ਹਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਜਿਸ ਨਾਲ ਇਨ੍ਹਾਂ ਦੀ ਵਿਵੇਕ, ਬੁੱਧੀ, ਦਲੀਲ, ਤਰਕ, ਫਲਸਫਾ ਤੇ ਸਿਧਾਂਤ ਤਾਂ ਉੱਕਾ ਹੀ ਮਰ ਜਾਂਦਾ ਹੈ ਫਿਰ ਇਹ ਦੇ ਸ਼ਰਧਾਲੂ ਇਨ੍ਹਾਂ ਦੀਆਂ ਬੇਤੁਕੀਆਂ ਗੱਲਾਂ ਨੂੰ ਪ੍ਰਵਚਨ ਮੰਨ ਕੇ ਉਸ ਤੇ ਕੱਟੜਤਾ ਨਾਲ ਪਹਿਰਾ ਦਿੰਦੇ ਹਨ ਜਿਸ ਦੀ ਇਹਨਾਂ ਨੂੰ ਲੋੜ ਹੁੰਦੀ ਹੈ।ਅੱਜ ਭਾਰਤ ਅੰਦਰ ਖਾਸ ਕਰਕੇ ਪੰਜਾਬ ਵਿੱਚ ਡੇਰਾਵਾਦ ਬੜੀ ਗੰਭੀਰ ਸਮੱਸਿਆ ਬਣ ਚੁੱਕਿਆ ਹੈ।ਸਾਨੂੰ ਅਜਿਹੇ ਬਾਬਿਆਂ ਤੋਂ ਬਚਣਾ ਚਾਹੀਦਾ ਹੈ, ਇਨ੍ਹਾਂ ਦੀ ਮੰਦਬੁੱਧੀ ਨੂੰ ਅਪਣਾਉਣ ਦੀ ਬਜਾਏ ਸਾਨੂੰ ਆਪਣੀ ਬੁੱਧੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਸਹੀ ਜਾਂ ਗਲਤ ਦਾ ਫੈਸਲਾ ਸਾਨੂੰ ਖ਼ੁਦ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਚੰਗਾ ਪਰਿਵਾਰ ਤੇ ਉਸਾਰੂ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।
ਵਲੋਂ :ਜਗਜੀਤ ਸਿੰਘ ਪੰਜੋਲੀ,
ਰਿਸਰਚ ਸਕਾਲਰ, ਪੰਜਾਬੀ ਯੂਨੀਵਰਸਿਟੀ (ਪਟਿਆਲਾ)
Jagjit Singh Panjoli