ਪੰਜਾਬੀ ਦਾ ਇੱਕ ਸ਼ਬਦ ਸਭ ਨੇ ਈ ਸੁਣਿਆ ਹੋਵੇਗਾ,”ਹਊ ਪਰ੍ਹੇ” ਕਰਨਾ । ਮਾਝੇ ਦੇ ਪੁਰਾਣੇ ਬਜ਼ੁਰਗ ਆਮ ਤੌਰ ਤੇ ਇਹ ਸ਼ਬਦ ਵਰਤਦੇ ਸਨ ਕਿਸੇ ਨੂੰ ਹੌਸਲਾ ਦੇਣ ਲਈ , ਜਦ ਉਸਨੂੰ ਕਿਸੇ ਨੇ ਦੁੱਖ ਦਿੱਤਾ ਹੋਵੇ, ਧੋਖਾ ਦਿੱਤਾ ਹੋਵੇ । ਇਸਦਾ ਭਾਵ ਇਹ ਹੁੰਦਾ ਸੀ ਕਿ ਭਾਈ ਤੂੰ ਦਿਲ ਵੱਡਾ ਕਰਕੇ ਇਸ ਗੱਲ ਦੀ ਯਾਦ ਨੂੰ ਮਨੋਂ ਕੱਢ ਦੇ ਤੇ ਆਪਣੇ ਕੰਮ ਤੇ ਧਿਆਨ ਦੇਹ, ਅੱਗੇ ਤੋਂ ਖਿਆਲ ਰੱਖੀਂ ਕਿ ਫਿਰ ਅਜਿਹਾ ਨਾ ਹੋਵੇ । ਅਸਲ ਵਿੱਚ ਇਹ ਸ਼ਬਦ ਦੀ ਸਾਰਥਕਤਾ ਵੱਲ ਵੇਖੀਏ ਤਾਂ ਬੜਾ ਬਰਕਤ ਵਾਲਾ ਸ਼ਬਦ ਏ ।ਅੱਖਾਂ ਚ ਹੰਝੂ ਲੈ ਕੇ ਅਗਲਾ ਰਸਤਾ ਨਹੀਂ ਦਿਸਦਾ ਤੇ ਨਾ ਹੀ ਬੀਤੇ ਨੂੰ ਭੁੱਲ ਸਕਦੇ ਹਾਂ ,ਬਿਹਤਰ ਏ ਅੱਖਾਂ ਨੂੰ ਛਿੱਟੇ ਮਾਰ ਕੇ , ਤਾਜਾ ਦਮ ਹੋਇਆ ਜਾਵੇ ਤੇ ਆਪਣੀ ਖਿੱਲਰੀ ਹੋਈ ਤਾਕਤ ਨੂੰ ਇਕੱਠੀ ਕਰਕੇ ਸਹੀ ਦਿਸ਼ਾ ਵਿੱਚ ਲਾਇਆ ਜਾਵੇ ।
ਤੇ ਦੂਜਾ ਸ਼ਬਦ ਹੁੰਦਾ ਸੀ “ਓਹ ਜਾਣੇ !”
ਇਸ ਵਿੱਚ ਓਹ ਤੋ ਇਸ਼ਾਰਾ ਗੁਰੂ ਬਾਬੇ ਦੇ ਓਅੰਕਾਰ ਵੱਲ ਹੁੰਦਾ ਸੀ ਜੋ ਏਸ ਸੰਦਰਭ ਵਿੱਚ ਵਰਤਿਆ ਜਾਂਦਾ ਸੀ ਕਿ ਅੰਤਿਮ ਫੈਸਲਾ ਪਰਮਾਤਮਾ ਤੇ ਛੱਡ ਦਿਓ, ਪਰ ਆਪ ਗਲਤ ਨਾ ਹੋਵੋ । ਜਿੱਤ ਸੱਚ ਦੀ ਹੀ ਹੋਵੇਗੀ ।
ਹੀਰੋਸ਼ੀਮਾ ਤੇ ਨਾਗਾਸਾਕੀ ਦੀ ਘਟਨਾ ਦੁਨੀਆਂ ਦੀ ਸ਼ਾਇਦ ਸਭ ਤੋ ਬੁਰੀ ਘਟਨਾ ਸੀ , ਪਰ ਓਸ ਨਿੱਕੜੇ ਜਿਹੇ ਮੁਲਕ ਦੇ ਵਾਰੇ ਵਾਰੇ ਜਾਈਏ, ਜੋ ਏਨੀ ਮਾਰ ਤੋ ਬਾਦ ਵੀ ਉੱਠ ਖੜਾ ਹੋਇਆ , ਗੋਡਿਆਂ ਚ ਸਿਰ ਦੇ ਕੇ ਰੋਣ ਨਹੀ ਬੈਠਾ ਰਿਹਾ । ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਏ ਏਸ ਸਿਰੜੀ ਕੌਮ ਨੇ , ਸਾਰੀ ਦੁਨੀਆਂ ਨੂੰ ।
ਸਿੱਖ ਕੌਮ ਨੂੰ ਹਰ ਖ਼ੁਸ਼ੀ ਗ਼ਮੀ ਤੋ ਬਾਅਦ ਆਨੰਦ ਸਾਹਿਬ ਪੜ੍ਹਨ ਤੇ ਅਰਦਾਸ ਕਰਨ ਦਾ ਹੁਕਮ ਏ ਗੁਰੂ ਵੱਲੋਂ । ਕਹਿੰਦੇ , ਵੱਡੇ ਘੱਲੂਘਾਰੇ ਵਿੱਚ ਸਿੱਖਾਂ ਦੀ ਘੋਰ ਤਬਾਹੀ ਤੋ ਬਾਅਦ ਜਦ ਸ਼ਾਮ ਨੂੰ ਬਚੇ ਖੁਚੇ ਸਿੱਖਾਂ ਨੇ ਅਰਦਾਸ ਕੀਤੀ ਕਿ ‘ਤੇਰੇ ਭਾਣੇ ਅੰਦਰ ਚਾਰ ਪਹਿਰ ਦਿਨ ਸੁਖ ਦਾ ਬਤੀਤ ਹੋਇਆ ਏ, ਚਾਰ ਪਹਿਰ ਰੈਣ ਵੀ ਸੁਖ ਨਾਲ ਬਤੀਤ ਕਰਨੀ ‘ ਤੇ ਅਖੀਰ ਤੇ” ਤੇਰੇ ਭਾਣੇ ਸਰਬੱਤ ਦਾ ਭਲਾ” ਕਿਹਾ ਗਿਆ ਤਾਂ ਵਿਰੋਧੀ ਫੌਜ ਦੇ ਜਾਸੂਸ ਵੀ ਦੰਦਾਂ ਹੇਠ ਉੰਗਲਾਂ ਲੈ ਕੇ ਰਹਿ ਗਏ ।
ਬੀਤੇ ਨੂੰ ਕੋਈ ਤਾਕਤ ਨਹੀ ਬਦਲ ਸਕਦੀ, ਪਰ ਓਸ ਸਮੇਂ ਤੋ ਤਜਰਬਾ ਲੈ ਕੇ ਆਉਣ ਵਾਲੇ ਸਮੇਂ ਨੂੰ ਯਕੀਨਨ ਕੋਈ ਦਿਸ਼ਾ ਦਿੱਤੀ ਜਾ ਸਕਦੀ ਏ ।ਏਸੇ ਵਿੱਚ ਈ ਸਰਬੱਤ ਦਾ ਭਲਾ ਏ ।
800
previous post