ਕਥਾ ਕਰਦਿਆਂ ਮੈਨੂੰ ਕਿਸੇ ਨੇ ਇਕ ਦਿਨ ਕਹਿ ਦਿੱਤਾ, ਤੁਹਾਡੀਆਂ ਕਈ ਗੱਲਾਂ ਮਨ ‘ਤੇ ਬੋਝ ਬਣ ਜਾਂਦੀਆਂ ਨੇ, ਥੋੜਾ ਹਾਸ-ਰਸ ਵੀ ਸੁਣਾਇਆ ਕਰੋ। ਮੈਂ ਕਿਹਾ-ਮੈਂ ਮਸਖ਼ਰਾ ਤਾਂ ਨਹੀਂ ਹਾਂ। ਤੁਸੀਂ ਥੀਏਟਰ ‘ਚ ਥੋੜ੍ਹੀ ਆਏ ਹੋ! ਸਿਨਮੇ ਹਾਲ ਵਿਚ ਨਹੀਂ ਆਏ ਹੋ ! ਸਰਕਟ ਦੇਖਣ ਨਹੀਂ ਆਏ ਹੋ ! ਸਤਿਸੰਗ ਵਿਚ ਆਏ ਹੋ ! ਇਹੋ ਜਿਹਾ ਮਸ਼ਵਰਾ ਦੇਣ ਵਾਲਿਆਂ ਨੂੰ ਹੋਰ ਕੀ ਕਹਾਂ ?
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥
(ਰਾਮਕਲੀ ਮਹਲਾ ੧ ਦਖਣੀ ਓਅੰਕਾਰੁ, ਪੰਨਾ 935) ਤਖ਼ਤ ਪਟਨਾ ਸਾਹਿਬ ਦੇ ਮੈਨੇਜਰ ਗੁਰਦਿਆਲ ਸਿੰਘ ਬੜੇ ਮੰਨੇ-ਪ੍ਰਮੰਨੇ ਸਨ। ਵਾਕਈ ਗੁਰਦੁਆਰੇ ਦੇ ਜਿਸ ਤਰ੍ਹਾਂ ਦੇ ਮੈਨੇਜਰ ਹੋਣੇ ਚਾਹੀਦੇ ਨੇ, ਐਸੇ ਸਨ। ਪਹਿਲੇ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਰਹੇ, ਫਿਰ ਪਟਨਾ ਸਾਹਿਬ ਦੇ। ਪਟਨਾ ਸਾਹਿਬ ਸੰਤ ਭਾਗ ਸਿੰਘ ਜੀ ਦੀ ਬਰਸੀ ਤੇ ਅਸੀਂ ਤਿੰਨ ਪ੍ਰਚਾਰਕ ਜਾਂਦੇ ਰਹੇ– ਪ੍ਰਿੰਸੀਪਲ ਗੰਗਾ ਸਿੰਘ, ਗਿਆਨੀ ਰਣਜੀਤ ਸਿੰਘ ਪਾਰਸ ਤੇ ਦਾਸ। ਮੈਨੇਜਰ ਨੇ ਬੜੀ ਬਾ-ਦਲੀਲ ਗੱਲ ਪ੍ਰਿੰਸੀਪਲ ਗੰਗਾ ਸਿੰਘ ਜੀ ਨੂੰ ਕਹੀ। ਕਹਿਣ ਲੱਗੇ ਕਿ ਮਾਸੂਮ ਬੱਚੇ ਨਾਲ ਜਦ ਮਾਂ-ਬਾਪ ਗੱਲ ਕਰਦੇ ਨੇ ਤੇ ਤੁਤਲਾ ਕੇ ਬੋਲਦੇ ਨੇ। ਮਾਂ ਉਸ ਤਲ `ਤੇ ਬੋਲਦੀ ਹੈ, ਜਿਸ ਤਲ `ਤੇ ਬੱਚਾ ਬੋਲ ਸਕਦਾ ਤੇ ਸਮਝ ਸਕਦਾ ਹੈ। ਪਿਤਾ ਵੀ ਉਸ ਤਲ ਤੇ ਆ ਜਾਂਦਾ ਹੈ, ਜਿਸ ਤੇਲ ਤੇ ਉਹ ਬੱਚਾ ਸਮਝ ਸਕਦਾ ਹੈ। ਇਸ ਤਰ੍ਹਾਂ ਮਾਂ-ਬਾਪ ਆਪਣੇ ਬੋਲਾਂ ਨੂੰ ਛੋਟਾ ਕਰ ਲੈਂਦੇ ਨੇ। ਨੀਵਾਂ ਕਰ ਲੈਂਦੇ ਨੇ, ਬੱਚੇ ਨਾਲ ਸੰਬੰਧ ਜੁੜ ਜਾਂਦਾ ਹੈ। ਮੈਨੇਜਰ ਗੁਰਦਿਆਲ ਸਿੰਘ ਕਹਿਣ ਲੱਗੇ ਕਿ ਤੁਸੀਂ ਵੀ ਆਪਣੇ ਬੋਲਾਂ ਨੂੰ ਥੋੜਾ ਨੀਵਾਂ ਕਰ ਲਿਆ ਕਰੋ ! ਜੋ ਸੋਤਿਆਂ ਦੀ ਪਕੜ ਵਿਚ ਆ ਜਾਏ।
ਪ੍ਰਿੰਸੀਪਲ ਗੰਗਾ ਸਿੰਘ ਜੀ ਆਪਣੇ ਜ਼ਮਾਨੇ ਦੇ ਮਹਾਨ ਆਲਮ ਫਾਜ਼ਲ ਪੁਰਸ਼ ਸਨ। ਅੱਗੋਂ ਕਹਿਣ ਲੱਗੇ ਕਿ ਅਸੀਂ ਬੋਲਾਂ ਨੂੰ ਛੋਟਾ ਕਰ ਦਈਏ । ਤੁਸੀਂ ਐਸਾ ਮੰਨਦੇ ਹੋ ! ਮੇਰੇ ਕੀਤਿਆਂ ਸੂਰਜ ਛੋਟਾ ਹੋ ਸਕਦੈ ? ਮੇਰੇ ਕੀਤਿਆਂ ਇਹ ਗੁਰਬਾਣੀ ਛੋਟੀ ਹੋ ਸਕਦੀ ਐ ? ਅਗਰ ਮੈਂ ਗੁਰਬਾਣੀ ਨੂੰ ਛੋਟਾ ਕਰ ਸਕਦਾ, ਪਰਮਾਤਮਾ ਨੂੰ ਛੋਟਾ ਕਰ ਸਕਦਾ ਹਾਂ ਤੇ ਐਸੇ ਪਰਮਾਤਮਾ ਨੂੰ ਪੂਜਣ ਦੀ ਲੋੜ ਵੀ ਕੋਈ ਨਹੀਂ ਏ। ਮੈਂ ਛੋਟਾ ਨਹੀਂ ਕਰ ਸਕਦਾ। ਗੱਲ ਜਿਤਨੀ ਵੱਡੀ ਹੈ, ਉਤਨੀ ਵੱਡੀ ਤਾਂ ਨਹੀਂ ਕਰ ਸਕਦਾ। ਬਹੁਤ ਵੱਡੀ ਏ, ਬਹੁਤ ਵੱਡੀ ਏ। ਪਰ ਉਨ੍ਹਾਂ ਨੇ ਕਿਹਾ ਕਿ ਮੈਂ ਛੋਟੀ ਵੀ ਨਹੀਂ ਕਰ ਸਕਾਂਗਾ। ਛੋਟਾ ਕਰਨਾ, ਗੁਰਬਾਣੀ ਦੀ ਤੌਹੀਨ ਹੈ।
ਬੜੀਆਂ ਮਜ਼ਾਕ ਭਰੀਆਂ ਸਾਖੀਆਂ ਅਸੀਂ ਭਾਈ ਮਰਦਾਨੇ ਨਾਲ ਜੋੜੀਆਂ ਨੇ। ਉਸ ਮਰਦਾਨੇ ਸਾਹਿਬ ਨਾਲ, ਜਿਸ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਨੇ। ਇਹ ਮਜ਼ਾਕ ਭਰੀਆਂ ਸਾਖੀਆਂ ਕਿਉਂ ਜੋੜੀਆਂ ਗਈਆਂ ? ਇਹ ਇਸ ਤਰ੍ਹਾਂ ਹੈ ਜਿਵੇਂ ਮਾਂ-ਬਾਪ ਮਾਸੂਮ ਬੱਚੇ ਨਾਲ ਗੱਲਬਾਤ ਕਰਦਿਆਂ ਤੁਤਲਾ ਕੇ ਬੋਲਣ ਲੱਗ ਪੈਂਦੇ ਨੇ। ਗੁਰੂ ਜੀ ਨੂੰ ਤਾਂ ਅਸੀਂ ਛੋਟਾ ਨਾ ਕਰ ਸਕੇ। ਕਈਆਂ ਨੇ ਸੋਚਿਆ, ਚਲੋ ਭਾਈ ਮਰਦਾਨੇ ਨੂੰ ਛੋਟਾ ਕਰੋ। ਭਾਈ ਮਰਦਾਨੇ ਜੈਸਾ ਕੀਰਤਨੀਆ ਜਗਤ ਚ ਕਿੱਥੇ ਹੈ ? ਰੁੱਖਾਂ ਥੱਲੇ ਰਾਤ ਕੱਟ ਕੇ ਗੁਰੂ ਨਾਨਕ ਜੀ ਨੂੰ ਕੀਰਤਨ ਸੁਣਾਂਦਾ ਹੈ। ਪੈਦਲ ਚੱਲ ਕੇ ਗੁਰੂ ਨਾਨਕ ਜੀ ਨੂੰ ਕੀਰਤਨ ਸੁਣਾਂਦਾ ਰਿਹੈ। ਪੰਦਰਾਂ-ਪੰਦਰਾਂ ਦਿਨ ਭੁੱਖੇ ਰਹਿ ਕੇ ਗੁਰੂ ਨਾਨਕ ਜੀ ਨੂੰ ਕੀਰਤਨ ਸੁਣਾਂਦਾ ਹੈ। ਜੇ ਪੰਦਰਾਂ ਦਿਨਾਂ ਬਾਅਦ ਭਾਈ ਮਰਦਾਨੇ ਨੇ ਇਹ ਕਹਿ ਦਿੱਤਾ ਹੈ ਕਿ ਹੇ ਦਾਤਾ’ ਜਾਂ ਤਾਂ ਮੇਰਾ ਵੀ ਨਾਮ ਦਾ ਆਧਾਰ ਬਣਾ ਦੇਹ, ਨਹੀਂ ਤਾਂ ਕਿਧਰੋਂ ਭੋਜਨ ਦੀ ਉਪਲਬਧੀ ਕਰਾ, ਨਹੀਂ ਤਾਂ ਅੱਜ ਰਬਾਬ ਨਹੀਂ ਵੱਜੇਗੀ। ਤੇ ਇਹਦੇ ਵਿਚ ਉਸ ਦਾ ਕਸੂਰ ਕੀ ਸੀ ? ਆਖ਼ਰ ਸਰੀਰ ਹੈ। ਲੇਕਿਨ ਅਸੀਂ ਮਜ਼ਾਕ ਭਰੀਆਂ ਸਾਖੀਆਂ ਜੋੜ ਦਿੱਤੀਆਂ। ਕਾਰਨ ? ਤਿਆਂ ਦੇ ਤਲ `ਤੇ ਆਉਣਾ ਪੈਂਦਾ ਹੈ। ਜਿਹਨੂੰ ਭਾਈ ਸਾਹਿਬ ਕਰਕੇ ਗੁਰੂ ਨਾਨਕ ਜੀ ਕਹਿਣ, ਇਹਦੇ ਨਾਲ ਮੇਰਾ ਭਾਈਚਾਰਾ ਹੈ, ਮੇਰਾ ਭਰਾ ਹੈ, ਉਹਨੂੰ ਛੋਟਾ ਕਰਨਾ ਵੀ ਗੁਰੂ ਦੀ ਤੌਹੀਨ ਹੈ। ਭਾਈ ਮਰਦਾਨਾ ਮਹਾਨ ਹੈ। ਆਪਣੇ ਸਮੇਂ ਦਾ ਮਹਾਨ ਕੀਰਤਨੀਆ। ਤੇ ਰੂਹਾਨੀਅਤ ਦੀਆਂ ਉਚਾਈਆਂ ਨੂੰ ਛੂਹਣ ਵਾਸਤੇ ਸੁਰਤ ਨੂੰ ਉੱਚਾ ਚੁੱਕਣਾ ਹੀ ਪਏਗਾ, ਨਹੀਂ ਤਾਂ ਗੱਲ ਨਹੀਂ ਬਣੇਗੀ। ਪੰਛੀ ਉੱਡਣ ਵਾਸਤੇ ਅਕਾਸ਼ ਨੂੰ ਨੀਵਾਂ ਨਹੀਂ ਕਰਦੇ ਸਗੋਂ ਆਪ ਉੱਚੀਆਂ ਉਡਾਰੀਆਂ ਭਰਦੇ ਨੇ। ਇਨ੍ਹਾਂ ਤੋਂ ਹੀ ਕੁਝ ਪ੍ਰੇਰਨਾ ਲੈ ਲਈਏ।