ਵਿਸਾਖੀ ਸਿਰ ਤੇ ਸੀ ਕਣਕਾਂ ਲਗਭਗ ਪੱਕੀਆਂ ਖੜੀਆਂ ਸਨ। ਲੌਢੇ ਵੇਲੇ ਦੀ ਚਾਹ ਪੀ ਕੇ ਓਹਨੇ ਟੋਕੇਆਣੀ ਚੋ ਦੋਵੇਂ ਖੂੰਢੀਆਂ ਦਾਤਰੀਆਂ ਫੜ ਕੇ ਸਾਈਕਲ ਦੇ ਹੈਂਡਲ ਚ ਫਸਾ ਲਈਆਂ ਤੇ ਤੁਰ ਪਿਆ ਅਲਗੋਂ_ਕੋਠੀ ਆਲੇ ਅੱਡੇ ਤੋਂ ਦੰਦੇ ਕੱਢਵਾਉਣ। ਪਿੰਡੋਂ ਨਿਕਲਦਿਆਂ ਓਹਨੇ ਸੜਕੋ ਦੂਰ ਆਪਣੇ ਖੇਤ ਵੱਲ ਨਜ਼ਰ ਮਾਰੀ ਤੇ ਹੌਕਾ ਜਿਹਾ ਲੈ ਕੇ ਕਿਸੇ ਬੀਤੇ ਤੇ ਮਨ ਹੀ ਮਨ ਪਛਤਾਵਾ ਜਿਹਾ ਕੀਤਾ, ਕਿਉਂਕਿ ਉਹਦੀ ਜੱਦੀ ਪੈਲੀ ਦੇ ਬਹੁਤੇ ਹਿੱਸੇ ਚ ਖਲੋਤੀਆਂ ਓਹਦੀਆਂ ਟਾਹਲੀਆਂ ਹੁਣ ਕਿਸੇ ਹੋਰ ਦੀ ਅਮਨਾਤ ਹੋ ਗਈਆਂ ਸਨ। ਸਕੂਲ, ਕਾਲਜ, ਯਾਰੀਆਂ, ਜਵਾਨੀ ਦਾ ਜ਼ੋਰ,ਮਸਤ ਮਲੰਗੀ ਤੇ ਹੱਡੀ ਹੰਢਾਇਆ ਸਭ ਕੁਝ ਇੱਕ ਦਮ ਓਹਦੇ ਦਮਾਗ ਚ ਘੁੰਮਿਆ। ਜਿੰਦਗੀ ਦੇ ਪੰਜ ਦਹਾਕੇ ਟੱਪ ਚੁੱਕਿਆ ਜਿੰਦਰ ਜਵਾਨੀ ਦੇ ਅਖੀਰਲੇ ਸਾਲਾਂ ਚ ਆਪਣੇ ਹੱਥੋਂ ਹੋਏ ਕਤਲ ਕਰਕੇ ਬਹੁਤ ਕੁਝ ਗਵਾ ਚੁੱਕਾ ਸੀ। ਉਸ ਸਮੇਂ ਪੰਜਾਬ ਦੀ ਹਵਾ ਚ ਬਾਰੂਦ ਦੀ ਸੁਗੰਧ ਰੋਜ਼ ਘੁਲਦੀ ਹੁੰਦੀ ਸੀ। ਅੰਬਰਸਰ ਪੈਂਦੀਆਂ ਤਰੀਕਾਂ ਨੇ ਓਹਦੇ ਬਾਪ ਦੇ ਗੂਠੇ ਨੂੰ ਨੀਲਾ ਰੰਗ ਚਾੜ ਦਿੱਤਾ, ਬਾਪ ਨੇ ਪੁੱਤ ਖਾਤਿਰ ਪੈਸਾ ਪਾਣੀ ਵਾਂਗੂੰ ਰੋੜਿਆ,ਪਰ! ਵਕੀਲਾਂ ਦੀਆਂ ਦਲੀਲਾਂ ਤੇ ਦਾਵੇ ਕਿਸੇ ਕੰਮ ਨਾ ਆਏ, ਜਿੰਦਰ ਦੇ ਲੇਖਾਂ ਚ ਜੇਲ ਦੀ ਰੋਟੀ ਲਿਖੀ ਸੀ। ਪੁੱਤ ਨੂੰ ਵੀਹ ਸਾਲੀ ਸੁਣ ਕੇ ਬਾਪੂ ਵੀ ਹੌਸਲਾ ਛੱਡ ਗਿਆ, ਆਖ਼ਰ ਤਿੰਨਾਂ ਧੀਆਂ ਤੋਂ ਨਿੱਕਾ ਇੱਕੋ ਇੱਕ ਪੁੱਤ ਸੀ ਓਹਦਾ। ਬਾਪੂ ਨਾਲ ਲੜ ਲੜ ਕੇ ਸੰਨ ਠਾਸੀ ਚ ਲਿਆ ਚਿੱਟਾ ਸਕਾਟ ਤਾਂ ਓਹਦੇ ਜੇਲ ਜਾਂਦੇ ਸਾਰ ਈ ਬੈਂਕ ਆਲੇ ਲੈ ਗਏ ਸੀ। ਪੈਸੇ ਦੀ ਟੋਟ ਕਰਕੇ ਜਿੰਦਰ ਦੇ ਹਿੱਸੇ ਦੀ ਭੋਏਂ ਵੀ ਸੁੰਗੜ ਕੇ ਅੱਧੀ ਤੋਂ ਘੱਟ ਰਹਿ ਗਈ ਸੀ। ਇਸ ਲੇਖੇ ਜੋਖੇ ਚ ਡੁੱਬਿਆ ਉਹ ਲੁਹਾਰਾਂ ਕੋਲ ਜਾ ਅੱਪੜਿਆ। ਸਾਸਰੀ ਕਾਲ ਤੋਂ ਬਾਦ ਦਾਤਰੀਆਂ ਲੁਹਾਰ ਨੂੰ ਫੜਾ ਕੇ ਜਿੰਦਰ ਓਹਦੇ ਕੋਲ ਬੈਠ ਗਿਆ। ਪੁਰਾਣੇ ਜਾਣੂੰ ਹੋਣ ਕਰਕੇ ਦੋਵਾਂ ਨੇ ਅੱਜ ਫੇਰ ਜੇਲ ਵੇਲੇ ਦੀਆਂ ਗੱਲਾਂ ਛੋਹ ਲਈਆਂ। ਗੱਲਾਂ ਚ ਖੁੱਭਿਆਂ ਨੂੰ ਵਾਹਵਾ ਚਿਰ ਲੰਘ ਗਿਆ, ਏਨੇ ਨੂੰ ਬੁੱਲਟ ਤੇ ਦੋ ਗੱਭਰੂ ਦੁਕਾਨ ਤੇ ਆ ਕੇ ਰੁਕੇ। ਕੁੰਢੀਆਂ ਮੁੱਛਾਂ, ਅੱਖਾਂ ਚ ਠਹਿਰਾਵ, ਸਰੀਰ ਤੋਂ ਤਗੜੇ ਤੇ ਸੁਬਾਅ ਤੋਂ ਦੋਵੇਂ ਅੜਬ ਜਹੇ ਲਗਦੇ ਸਨ। ਆਉਂਦਿਆਂ ਨੇ ਦੁਕਾਨਦਾਰ ਤੋਂ ਟਕੂਏ ਦੀ ਮੰਗ ਕੀਤੀ, ਦੁਕਾਨਦਾਰ ਨੇ ਆਪਣੇ ਹੱਥੀਂ ਚੰਡੇ ਟਕੂਏ ਕੱਢ ਕੇ ਉਹਨਾਂ ਨੂੰ ਵਿਖਾਏ। ਮੋਟੀ ਡਾਂਗ ਨਾਲ ਲੱਗਾ ਟੋਕੇ ਆਲਾ ਟਕੂਆ ਉਹਨਾਂ ਨੇ ਵਾਰ ਵਾਰ ਟੋਹ ਕੇ ਆਪਣੀ ਤਸੱਲੀ ਕੀਤੀ ਤੇ ਅੱਖ ਦੀ ਸੈਨਤ ਨਾਲ ਇੱਕ ਦੂਜੇ ਦੀ ਰਾਇ ਪੁੱਛੀ। ਫੇਰ ਦੋਵਾਂ ਨੇ ਆਪੋ ਚ ਘੁਸਰ ਮੁਸਰ ਜਹੀ ਕੀਤੀ। ਜਿੰਦਰ ਪਾਸੇ ਤੇ ਬੈਠਾ ਇਹ ਸਭ ਕੁਝ ਵੇਖ ਰਿਹਾ ਸੀ। ਓਹਨੇ ਆਪਣੇ ਆਪ ਨੂੰ ਵੀਹ ਸਾਲ ਪਿੱਛੇ ਖਲੋਤਾ ਵੇਖਿਆ। ਉਹ ਸਮਝ ਚੁੱਕਾ ਸੀ ਕਿ ਚੋਬਰ ਜਵਾਨੀ ਦੇ ਜ਼ੋਰ ਚ ਕੋਈ ਕਾਰਾ ਕਰਨਗੇ। ਇੱਕ ਜਣੇ ਨੇ ਦੁਕਾਨਦਾਰ ਤੋਂ ਹਥਿਆਰ ਦਾ ਮੁੱਲ ਪੁੱਛਿਆ, ਇਸ ਤੋਂ ਪਹਿਲੋਂ ਕੇ ਦੁਕਾਨਦਾਰ ਕੁਝ ਦੱਸਦਾ ਜਿੰਦਰ ਬੋਲਿਆ, ” ਪੁੱਤਰੋ, ਏਥੇ ਤਾਂ ਇਹ ਦੋ ਚਾਰ ਸੌ ਦਾ ਈ ਹੋਣਾ ਆ ਪਰ ਜੇ ਕਿਤੇ ਟਿਕਾਣੇ ਤੇ ਵੱਜ ਗਿਆ ਤਾਂ ਪਤਾ ਨਹੀਂ ਕਿੰਨੇਂ ਲੱਖ ਚ ਪਊ”! ਆਪਣੇ ਵੱਲੋਂ ਜਿੰਦਰ ਉਹਨਾਂ ਨੂੰ ਆਪ ਬੀਤੀ ਦੱਸ ਕੇ ਕਿਸੇ ਅਣਹੋਣੀ ਤੋਂ ਰੋਕਣਾ ਚਾਹੁੰਦਾ ਸੀ, ਪਰ ਉਹ ਦੋਵੇਂ ਗੱਲ ਨੂੰ ਹਾਸੇ ਚ ਟਾਲ ਕੇ ਕਿਸੇ ਦੀ ਪੈੜ ਨੱਪਣ ਲਈ ਬੁੱਲਟ ਤੇ ਸਵਾਰ ਹੋ ਚੁੱਕੇ ਸਨ…… ਮਝੈਲ
780
previous post