387
ਮਾਨ ਸਰੋਵਰ ਰਿਸ਼ਮਾਂ ਲੱਥੀਆਂ
ਮੋਤੀ ਰਹੀਆਂ ਚੁੱਗ ਵੇ ।
ਫੇਰ ਹਨੇਰੇ ਚਉਸਰ ਖੇਡੇ
ਫ਼ਜ਼ਰ ਗਈ ਊ ਪੁੱਗ ਵੇ ।
ਪੂਰਬ ਦੀ ਇਕ ਟਾਹਣੀ ਉੱਤੇ
ਕਿਰਣਾਂ ਪਈਆਂ ਉੱਗ ਵੇ ।
ਸੱਭੇ ਯਾਦਾਂ ਉੱਮਲ੍ਹ ਆਈਆਂ
ਭਰੀ ਕਲੇਜੇ ਰੁੱਗ ਵੇ ।
ਅੱਲ੍ਹੜ ਧੁੱਪਾਂ ਖੇਡਣ ਪਈਆਂ
ਖੇਡਣ ਰੰਗ ਕਸੁੰਭ ਵੇ ।
ਲਗਰਾਂ ਜਹੀਆਂ ਸਿਖ਼ਰ ਦੁਪਹਿਰਾਂ
ਹੋਈਆਂ ਚਿੱਟੀਆਂ ਖੁੰਬ ਵੇ ।
ਵੇਖ ਸਮੇਂ ਨੇ ਚਾੜ੍ਹ ਧੁਣਖਣੀ
ਚਾਨਣ ਦਿੱਤਾ ਤੁੰਬ ਵੇ ।
ਦੋਵੇਂ ਪੈਰ ਦਿਹੁੰ ਦੇ ਠਰ ਗਏ
ਕਿਰਣਾਂ ਮਾਰੀ ਝੁੰਬ ਵੇ ।ਕਿਰਣਾਂ ਜਿਵੇ ਜਲੂਟੀ ਹੋਈਆਂ
ਅੰਬਰ ਗਏ ਨੇ ਅੰਬ ਵੇ ।
ਕਿਸੇ ਰਾਹੀ ਨੇ ਅੱਡੀ ਝਾੜੀ
ਪੰਛੀ ਝਾੜੇ ਖੰਭ ਵੇ ।
ਆ ਗਏ ਝੁੰਡ, ਵੱਗ ਤੇ ਡਾਰਾਂ
ਭਰ ਗਏ ਸਰਵਰ ਛੰਭ ਵੇ ।
ਏਸ ਹਿਜਰ ਦੇ ਪੈਂਡੇ ਉੱਤੇ
ਜਿੰਦ ਗਈ ਮੇਰੀ ਹੰਭ ਵੇ ।ਡੋਲ ਗਈ ਸੂਰਜ ਦੀ ਬੇੜੀ
ਪੱਛਮ ਉੱਠੀ ਛੱਲ ਵੇ ।
ਗੰਢ ਪੋਟਲੀ ਚੁੱਕ ਤਰਕਾਲਾਂ
ਆਈਆਂ ਸਾਡੀ ਵੱਲ ਵੇ ।
ਕਿਹੜੇ ਬੱਦਲੋਂ ਕਣੀਆਂ ਲੱਥੀਆਂ
ਅੱਖੀਆਂ ਭਰ ਲਈ ਡੱਲ ਵੇ ।
ਹਰ ਇਕ ਮੇਰੀ “ਅੱਜ” ਢੂੰਡਦੀ
ਕਿੱਥੇ ਕੁ ਤੇਰੀ “ਕੱਲ੍ਹ” ਵੇ ?