652
ਪਿਆਰ ਤੇਰੇ ਦੀਆਂ ਕੱਚੀਆਂ ਗੰਢਾਂ
ਤੂੰ ਨਾ ਸੱਕਿਓਂ ਖੋਹਲ !
ਪਿਆਰ ਮੇਰੇ ਦੀਆਂ ਕੱਚੀਆਂ ਗੰਢਾਂ
ਮੈਂ ਨਾ ਸੱਕੀਆਂ ਖੋਹਲ !ਇਕ ਦਿਹਾੜੇ ਤੰਦ ਵਲੀ ਇਕ
ਵਲੀ ਗਈ ਅਣਭੋਲ
ਅੱਖੀਆਂ ਨੇ ਇਕ ਚਾਨਣ ਦਿੱਤਾ
ਅੱਖੀਆਂ ਦੇ ਵਿਚ ਘੋਲ ।ਹੰਢਦਾ ਹੰਢਦਾ ਹੁਸਨ ਹੰਢਿਆ
ਖੋਹਲ ਨਾ ਸੱਕਿਆ ਗੰਢ
ਕੀ ਹੋਇਆ ਜੇ ਅੰਦੇ ਪੈ ਗਈ
ਤੰਦ ਸੁਬਕ ਤੇ ਸੋਹਲ ।ਦੋ ਜਿੰਦਾਂ ਦੋ ਤੰਦਾਂ ਵਲੀਆਂ
ਵਲ ਵਲ ਬੱਝੀ ਜਾਨ
ਕੀ ਹੋਇਆ ਜੇ ਕਦੀ ਕਿਸੇ ਦੇ
ਬੁੱਤ ਨਾ ਵਸਦੇ ਕੋਲ ।ਚੜ੍ਹ ਚੜ੍ਹ ਲਹਿ ਲਹਿ ਸੂਰਜ ਹਫ਼ਿਆ
ਵਧ ਵਧ ਘਟ ਘਟ ਚੰਦਾ
ਸਾਰੀ ਉਮਰਾ ਕੀਲ ਗਏ
ਤੇਰੇ ਜਾਦੂ ਵਰਗੇ ਬੋਲ ।ਖੋਹਲ ਖੋਹਲ ਕੇ ਲੋਕ ਹਾਰਿਆ
ਖੋਹਲ ਖੋਹਲ ਪਰਲੋਕ
ਕੇਹੜੇ ਰੱਬ ਦਾ ਜ਼ੋਰ ਵੱਸਦਾ
ਦੋ ਤੰਦਾਂ ਦੇ ਕੋਲ ।ਇਸ ਮੰਜ਼ਲ ਦੇ ਕੰਡੇ ਵੇਖੇ
ਇਸ ਮੰਜ਼ਲ ਦੀਆਂ ਸੂਲਾਂ
ਇਸ ਮੰਜ਼ਲ ਦੇ ਯੋਜਨ ਤੱਕੇ
ਕਦਮ ਨਾ ਸੱਕੇ ਡੋਲ ।ਪਿਆਰ ਤੇਰੇ ਦੀਆਂ ਕੱਚੀਆਂ ਗੰਢਾਂ
ਤੂੰ ਨਾ ਸੱਕਿਓਂ ਖੋਹਲ ।
ਪਿਆਰ ਮੇਰੇ ਦੀਆਂ ਕੱਚੀਆਂ ਗੰਢਾਂ
ਮੈ ਨਾ ਸੱਕੀਆਂ ਖੋਹਲ ।