554
ਜਿੰਦ ਮੇਰੀ ਠੁਰਕਦੀ
ਹੋਂਠ ਨੀਲੇ ਹੋ ਗਏ
ਤੇ ਆਤਮਾ ਦੇ ਪੈਰ ਵਿਚੋਂ
ਕੰਬਣੀ ਚੜ੍ਹਦੀ ਪਈ …ਵਰ੍ਹਿਆਂ ਦੇ ਬੱਦਲ ਗਰਜਦੇ
ਇਸ ਉਮਰ ਦੇ ਅਸਮਾਨ ‘ਤੇ
ਵੇਹੜੇ ਦੇ ਵਿਚ ਪੈਂਦੇ ਪਏ
ਕਾਨੂੰਨ, ਗੋਹੜੇ ਬਰਫ਼ ਦੇ …ਗਲੀਆਂ ਦੇ ਚਿਕੜ ਲੰਘ ਕੇ
ਜੇ ਅੱਜ ਤੂੰ ਆਵੇਂ ਕਿਤੇ
ਮੈਂ ਪੈਰ ਤੇਰੇ ਧੋ ਦੀਆਂ
ਬੁੱਤ ਤੇਰਾ ਸੂਰਜੀ
ਕੱਬਲ ਦੀ ਕੰਨੀ ਚੁੱਕ ਕੇ
ਮੈਂ ਹੱਡਾਂ ਦਾ ਠਾਰ ਭੰਨ ਲਾਂ।ਇਕ ਕੌਲੀ ਧੁੱਪ ਦੀ
ਮੈਂ ਡੀਕ ਲਾ ਕੇ ਪੀ ਲਵਾਂ
ਤੇ ਇਕ ਟੋਟਾ ਧੁੱਪ ਦਾ
ਮੈਂ ਕੁੱਖ ਦੇ ਵਿਚ ਪਾ ਲਵਾਂ। …ਤੇ ਫੇਰ ਖ਼ੌਰੇ ਜਨਮ ਦਾ
ਇਹ ਸਿਆਲ ਗੁਜ਼ਰ ਜਾਏਗਾ। …