“ਸਤਿ ਸ੍ਰੀ ਅਕਾਲ …ਬੱਲਿਆ ,” ਦੁਕਾਨ ‘ਤੇ ਬੈਠੇ ਨੂੰ ਇਕ ਬਜੁਰਗ ਨੇ ਗੱਜ ਕੇ ਫਤਿਹ ਬੁਲਾਈ।
ਚਿੱਟਾ ਕੁੜਤਾ ਤੇ ਚਾਦਰਾ ਲਾਈ ਕਾਲੇ ਰੰਗ ਦੀ ਪੱਗ ਬੰਨ੍ਹੀ ਉਹ ਸਰਦਾਰ ਬਜੁਰਗ ਕਿਸੇ ਚੰਗੇ ਘਰ ਦਾ ਲੱਗ ਰਿਹਾ ਸੀ।ਸਾਡੇ ਕੋਲ ਅਕਸਰ ਅਜਿਹੇ ਗ੍ਰਾਹਕ ਆਉਂਦੇ ਰਹਿੰਦੇ ਹਨ ਇਸ ਲਈ ਕੁਝ ਓਪਰਾ ਨਹੀਂ ਲੱਗਿਆ।
‘ਸਤਿ ਸ੍ਰੀ ਅਕਾਲ ਜੀ…ਕਹਿ ਮੈਂ ਦੂਜੇ ਗ੍ਰਾਹਕ ਦੀ ਗੱਲ ਸੁਣਨ ਲੱਗ ਪਿਆ।
“ਬਈ ਲੱਗਦਾ ਪਹਿਚਾਣਿਆ ਨਹੀਂ ?”ਚਿਹਰੇ ‘ਤੇ ਹਲਕੀ ਜਿਹੀ ਮੁਸਕਰਾਹਟ ਲਿਆਉਂਦਿਆਂ ਉਸ ਕਿਹਾ।
ਉਸਦੇ ਚਿਹਰੇ ਨਾਲ ਮਿਲਦੇ-ਜੁਲਦੇ ਲੋਕਾਂ ਨਾਲ ਬੀਤੇ ਸਮੇਂ ‘ਤੇ ਇਕ ਨਜ਼ਰ ਦੌੜਾਈ ਤਾਂ ਇਕ ਘਟਨਾ ਜੋ ਯਾਦ ਆਈ…ਦੋ ਕੁ ਸਾਲ ਪਹਿਲਾਂ ਪੋਹ ਮਾਘ ਦੀ ਨਿੱਘੀ ਜਿਹੀ ਧੁੱਪ ਚੁਫੇਰੇ ਫੈਲੀ ਹੋਈ ਸੀ..ਇਕ ਬਜੁਰਗ ਮੰਗਣ ਦੇ ਲਹਿਜੇ ਨਾਲ ਦੁਕਾਨ ‘ਤੇ ਆਇਆ। ਥੌੜਾ ਹੈਰਾਨ ਜਿਹਾ ਹੋਇਆ…ਕਿਉਂਕਿ ਇਸਦੇ ਦੋ ਕਾਰਣ ਸਨ,ਪਹਿਲਾ ਤਾਂ ਦੇਖਣ ਤੋਂ ਮੰਗਤਾ ਨਹੀਂ ਲੱਗ ਰਿਹਾ ਸੀ ਦੂਜਾ ਕਾਰਣ ਬੜਾ ਅਹਿਮ ਸੀ ਕਿ ਉਹ ਸਰਦਾਰ ਸੀ। ਪੁੱਛਣ ‘ਤੇ ਉਸ ਦੱਸਿਆ ਕਿ ਕੋਈ ਕੰਮ ਨਹੀਂ ਮਿਲਦਾ ਇਸ ਲਈ ਮੰਗਦਾ ਹਾਂ।
“ਬਾਬਾ ਸੌ ਦੁਕਾਨ ‘ਤੇ ਜਾਵੇਂਗਾ ਤਾਂ ਸੌ ਰੁਪਏ ‘ਕੱਠੇ ਹੋਣਗੇ…ਕਿੰਨਾ ਫਿਰਨਾ ਪਊ.. ਕੀ ਕੁਝ ਸੁਣਨਾ ਪਊ…ਕੰਮ ਕਰੇਂਗਾ ਤਾਂ ਮੈਂ ਸੌ ਰੁਪਈਆ ਹੁਣੇ ਦੇ ਦੇਵਾਂਗਾ…..ਬੋਲ ਕਰੇਂਗਾ?”
ਕੰਮ ਤਾਂ ਉਸ ਵੇਲੇ ਕੋਈ ਖਾਸ ਨਹੀਂ ਸੀ ਮੇਰੇ ਕੋਲ ਪਰ ਫਿਰ ਵੀ ਉਸ ਨਿਰਾਸ਼ ਬਜੁਰਗ ਨੂੰ ਆਸ ਦੀ ਇਕ ਕਿਰਨ ਦਿਖਾਉਣ ਲਈ ਦੁਕਾਨ ‘ਤੇ ਪਏ ਲੂਣ ਨੂੰ ਕੁੱਟਣ ਲਈ ਕਿਹਾ ਜਿਸਨੂੰ ਬਾਅਦ ਵਿੱਚ ਚੱਕੀ ‘ਚ ਪੀਸ ਕੇ ਬਰੀਕ ਕੀਤਾ ਜਾਂਦਾ ਹੈ। ਉਸਦੇ ਹਾਂ ਕਰਨ ‘ਤੇ ਬਾਹਰ ਧੁੱਪੇ ਹੀ ਪੱਲੀ ਵਿਛਾ ਨਮਕ ਦੇ ਡਲੇ ਉਸ ਅੱਗੇ ਰੱਖ ਦਿੱਤੇ।ਬਜੁਰਗ ਨੇ ਚੁੱਪਚਾਪ ਅੱਧੇ-ਪੌਣੇ ਘੰਟੇ ਵਿਚ ਕੰਮ ਕੀਤਾ ਤੇ ਪੈਸੇ ਲੈ ਕੇ ਚਲਾ ਗਿਆ। ਮੈਨੂੰ ਅੱਜ ਵਾਲੇ ਸਰਦਾਰ ਦੀ ਸ਼ਕਲ ਉਸ ਨਾਲ ਮਿਲਦੀ ਹੋਈ ਜਾਪੀ। ਅਜੇ ਸੋਚ ਹੀ ਰਿਹਾ ਸੀ ਕਿ ਮੇਰੀ ਸੋਚਾਂ ਦੀ ਲੜੀ ਤੋੜਦਿਆਂ ਬਜੁਰਗ ਨੇ ਕਿਹਾ,” ਮੈਂ ੳਹੀ ਹਾਂ….ਜੋ ਤੇਰਾ ਲੂਣ ਕੁੱਟ ਕੇ ਗਿਆਂ ਸਾਂ।ਏਥੋਂ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਤੇਰੀ ਗੱਲ ਸਹੀ ਸੀ ਕਿ ਸਰਦਾਰ ਭੀਖ ਨਹੀਂ ਮੰਗਦੇ ਚੰਗੇ ਲੱਗਦੇ ਨਾਲੇ ਬਾਬੇ ਨਾਨਕ ਦਾ ਸਿੱਖ ਤਾਂ ਕਿਰਤੀ ਸਿੱਖ ਹੈ…ਫਿਰ ਮੈਂ ਕਿਉਂ ਭੀਖ ਮੰਗ ਰਿਹਾ,ਉਸੇ ਦਿਨ ਤੋਂ ਭੀਖ ਮੰਗਣਾ ਛੱਡ ਦਿੱਤਾ…. ਅੱਜਕਲ੍ਹ ਮੈਂ ਇਕ ਕੋਲਡ ਸਟੋਰ ‘ਤੇ ਗੇਟਕੀਪਰ ਦੀ ਨੌਕਰੀ ਕਰ ਰਿਹਾਂ…ਵਧੀਆ ਗੁਜਾਰਾ ਹੋਈ ਜਾਂਦਾ………ਅੱਜ ਸੁਲਤਾਨਪੁਰ ਬਾਬੇ ਨਾਨਕ ਦਾ ਸ਼ੁਕਰਾਨਾ ਕਰਨ ਜਾ ਰਿਹਾ ਹਾਂ ਸੋਚਿਆ ਰਾਸਤੇ ਵਿੱਚ ਤੇਰਾ ਵੀ ਧੰਨਵਾਦ ਕਰਦਾ ਜਾਂਵਾ ਕਿ ਉਸ ਦਿਨ ਜੇ ਤੂੰ ਵੀ ਇਕ ਰੁਪਈਆ ਦੇ ਕੇ ਤੋਰ ਦਿੰਦਾ ਤਾਂ ਮੈਂ ਮੰਗਤਾ ਹੀ ਬਣਿਆ ਰਹਿਣਾ ਸੀ ।”
– ਰਾਕੇਸ਼ ਅਗਰਵਾਲ ਸ਼ਾਹਕੋਟ
Baba Nanak
ਡਾਕਟਰ ਸ਼ਿਵਜੀਤ ਸਿੰਘ..
ਪਟਿਆਲੇ ਸ਼ਹਿਰ ਦੀ ਮਹਾਨ ਹਸਤੀ..ਮਸੂਰੀ ਦੀ “ਸਿਵਲ ਸਰਵਿਸਿਜ਼ ਅਕੈਡਮੀ ਵਿਚੋਂ ਇਕਨੋਮਿਕਸ ਦੇ ਹੈਡ ਆਫ਼ ਦੇ ਡਿਪਾਰਟਮੈਂਟ ਰਿਟਾਇਰ ਹੋਏ!
ਇੱਕ ਵਾਰ ਧੀ ਹਰਪ੍ਰੀਤ ਕੌਰ ਨੂੰ ਸਾਈਕੋਲੋਜੀ ਦੀ ਪੜਾਈ ਦੀ ਸਭ ਤੋਂ ਵੱਡੀ ਸੰਸਥਾ ਵਿਚ ਦਾਖਲਾ ਦਵਾਉਣ ਰੇਲ ਗੱਡੀ ਰਾਂਹੀ ਬੰਗਲੌਰ ਜਾ ਰਹੇ ਸਨ..
ਕੋਲ ਬੈਠੀ ਨਾਲਦੀ ਸਹਿ ਸੁਭਾ ਆਖਣ ਲੱਗੀ..”ਤੁਹਾਡੇ ਮਸੂਰੀ ਵਾਲੀ ਅਕੈਡਮੀਂ ਵਿਚੋਂ ਕਿੰਨੇ ਸਾਰੇ ਅਫਸਰ ਬਣ ਹਰ ਥਾਂ ਵੱਡੇ ਵੱਡੇ ਅਫਸਰ ਲਗੇ ਹੋਏ ਨੇ..ਕੋਈ ਬੇੰਗਲੌਰੋਂ ਸਿਫਾਰਿਸ਼ ਹੀ ਲੱਭ ਲਵੋਂ..”
ਹੱਸਦੇ ਹੋਏ ਆਖਣ ਲੱਗੇ “ਜਿਊਣ ਜੋਗੀਏ ਹੋਂਸਲਾ ਰੱਖ..ਬਾਬਾ ਨਾਨਕ ਭਲੀ ਕਰੇਗਾ..”
ਮਜਾਕੀਏ ਲਹਿਜੇ ਵਿਚ ਉਲਾਹਮਾਂ ਦਿੱਤਾ ਕੇ “ਹਰ ਥਾਂ ਬਾਬਾ ਨਾਨਕ..ਤੁਹਾਨੂੰ ਸਾਰੀ ਦੁਨੀਆ ਵਿਚ ਬਾਬੇ ਨਾਨਕ ਤੋਂ ਇਲਾਵਾ ਕੋਈ ਜਾਣਦਾ ਹੀ ਨਹੀਂ?”
ਆਖਣ ਲੱਗੇ “ਭਲੀਏ ਲੋਕੇ ਜੇ ਮੇਰਾ ਨਾਨਕ ਮੇਰੇ ਵੱਲ ਏ ਤਾਂ ਫੇਰ ਮੈਨੂੰ ਕਿਸੇ ਹੋਰ ਸਿਫਾਰਿਸ਼ ਦੀ ਕੋਈ ਲੋੜ ਨਹੀਂ”
ਬੰਗਲੌਰ ਪਹੁੰਚੇ..ਅੱਗੇ ਮੁਕਾਬਲਾ ਬੜਾ ਸਖਤ..ਕਿੰਨੇ ਸਾਰੇ ਉਮੀਦਵਾਰ..ਅਖੀਰ ਕਰਾਮਾਤ ਹੋ ਹੀ ਗਈ..ਬੇਟੀ ਦਾ ਨੰਬਰ ਲੱਗ ਗਿਆ!
ਅਗਲੇ ਸਾਲ ਜਦੋਂ ਪੇਰੇੰਟ ਟੀਚਰਚ ਮੀਟਿੰਗ ਵਿਚ ਸੰਸਥਾ ਦੇ ਡਾਇਰੈਕਟਰ ਨੂੰ ਮਿਲੇ ਤਾਂ ਪੁੱਛਿਆ ਕੇ “ਓਦੋਂ ਏਨੇ ਸਖਤ ਮੁਕਾਬਲੇ ਵਿਚ ਸਾਡੀ ਬੇਟੀ ਦਾ ਨੰਬਰ ਕਿੱਦਾਂ ਲੱਗਾ ਗਿਆ..?”
ਆਖਣ ਲੱਗਾ ਕੇ ਤਿੰਨ ਪੜਾਵੀ ਇੰਟਰਵਿਯੂ ਦੇ ਆਖਰੀ ਦੌਰ ਵਿਚ ਪਹੁੰਚੇ ਚਾਰ ਉਮੀਦਵਾਰਾਂ ਦੇ ਨੰਬਰ ਬਰਾਬਰ ਸਨ..ਯੋਗਤਾ ਬਰਾਬਰ..ਹੋਰ ਸਾਰੀਆਂ ਸ਼ਰਤਾਂ ਵੀ ਬਰੋਬਰ..ਸਾਰਾ ਸਿਲੈਕਸ਼ਨ ਬੋਰਡ ਸ਼ਸ਼ੋਪੰਝ ਵਿਚ ਪੈ ਗਿਆ ਕੇ ਹੁਣ ਕਿਸਨੂੰ ਰੱਖੀਏ..
ਫੇਰ ਸਾਰੇ ਮੈਂਬਰਾਂ ਨੇ ਇੱਕ ਫੈਸਲਾ ਕੀਤਾ ਕੇ ਜਿਸ ਉਮੀਦਵਾਰ ਦੀ ਕੋਈ ਸਿਫਾਰਿਸ਼ ਨਹੀਂ ਉਸਨੂੰ ਰੱਖ ਲੈਂਦੇ ਹਾਂ..ਕਿਓੰਕੇ ਸਿਫ਼ਾਰਿਸ਼ੀ ਤੇ ਕੀਤੇ ਹੋਰ ਵੀ ਫਿੱਟ ਹੋ ਜਾਊ..
ਬਾਕੀ ਤਿੰਨ ਵਾਸਤੇ ਤੇ ਕਿੰਨੇ ਸਾਰੇ ਰਾਜਾਂ ਦੇ ਚੀਫ ਸੈਕਟਰੀ,ਰਾਜਪਾਲ ਅਤੇ ਪਾਲਿਟੀਸ਼ਨ ਸਿਫਾਰਿਸ਼ ਤੇ ਸਨ ਪਰ ਤੁਹਾਡੀ ਧੀ ਵਾਸਤੇ ਕੋਈ ਸਿਫਾਰਿਸ਼ ਨਹੀਂ ਸੀ..ਸੋ ਅਸੀ ਤੁਹਾਡੀ ਧੀ ਨੂੰ ਚੁਣ ਲਿਆ!
ਡਾਕਟਰ ਸਾਬ ਨੇ ਮਨ ਹੀ ਮਨ ਸ਼ੁਕਰਾਨਾ ਕੀਤਾ ਤੇ ਫੇਰ ਆਖਣ ਲੱਗੇ ਕੇ ਦੋਸਤਾ ਤੂੰ ਕੀ ਜਾਣੇ ਮੇਰੇ ਕੋਲ ਕਿੰਨੀ ਵੱਡੀ ਸਿਫਾਰਿਸ਼ ਸੀ..ਉਹ ਸਿਫਾਰਿਸ਼ ਜਿਹੜੀ ਜਿਥੇ ਵੀ ਲੱਗ ਜਾਵੇ ਅਗਲੇ ਨੂੰ ਮੰਨਣੀ ਹੀ ਪੈਂਦੀ..ਬਾਬੇ ਨਾਨਕ ਦੀ ਸਿਫਾਰਿਸ਼..!
(ਯੂ ਟੀਊਬ ਕਲਿੱਪ ਦਾ ਉਲਥਾ)
ਹਰਪ੍ਰੀਤ ਸਿੰਘ ਜਵੰਦਾ
ਬਾਬਾ ਨਾਨਕ ਬਾਗੀਆਂ ਦਾ ਬਾਦਸਾਹ ਹੈ, ਜੋ ਪੁੱਛਦੇ ਹਨ ਕਿ ਬਾਬਾ ਨਾਨਕ ਉਹਨਾ ਦਾ ਕੀ ਲਗਦਾ ਹੈ ਜਾ ਉਹ ਬਾਬੇ ਦੇ ਕੀ ਲਗਦੇ ਹਨ ਤਾ ਮੈ ਦੱਸ ਦੇਣਾ ਚਾਹੁੰਦਾ ਹਾ ਕਿ ਚਮਚੇ ਤੇ ਚਾਪਲੂਸਾ ਦਾ ਬਾਬਾ ਨਾਨਕ ਕੁਝ ਨਹੀ ਲਗਦਾ।
ਬਾਬਾ ਨਾਨਕ ਉਹ ਸਕਤੀ ਹੈ ਜਿਸਨੂੰ ਜਦੋ ਬਾਬਾ ਨਾਨਕ ਮੋਜੂਦ ਸੀ ਉਦੋ ਵੀ ਖਤਮ ਕਰਨ ਦੀਆਂ ਬਹੁਤ ਕੋਸਿਸਾ ਕੀਤੀਆਂ ਗਈਆਂ ਤੇ ਅੱਜ ਤੱਕ ਬਾਬੇ ਨੂੰ ਖਤਮ ਕਰਨ ਦੀਆਂ ਕੋਸਿਸਾ ਸਰਕਾਰਾ ਨੇ ਅਪਣੇ ਚੇਲੇ ਚਾਟੜਿਆ ਰਾਹੀ ਬਾਦਸਤੂਰ ਜਾਰੀ ਰੱਖੀਆ ਹੋਈਆਂ ਹਨ,ਬਾਬਾ ਨਾਨਕ ਨਾ ਉਦੋ ਖਤਮ ਹੋਇਆ ਤੇ ਨਾ ਕਦੇ ਹੋਣਾ।
ਬਾਬਾ ਨਾਨਕ ਜੂਰਰਤ ਦਾ ਨਾਮ ਹੈ, ਬਾਬਾ ਮੱਕੇ ਜਾ ਕੇ ਮੁਸਲਮਾਨਾ ਨਾਲ ਤਰਕ ਕਰਦਾ ਹੈ, ਹਰਿਦੁਆਰ ਜਾ ਕੇ ਪੰਡਿਤਾ ਨੂੰ ਚੈਲੰਜ ਕਰਦਾ ਹੈ, ਬਾਬਰ ਨੂੰ ਜਾਬਰ ਤੇ ਸਮੇ ਦੇ ਹਾਕਮਾ ਨੂੰ ਕੁੱਤੇ ਦੱਸਦਾ ਹੈ। ਬਾਬਾ ਨਾਨਕ ਸਰਕਾਰਾ ਨੂੰ ਨਹੀ ਗੋਲਦਾ, ਬਾਬਾ ਨਾਨਕ ਸਰਕਾਰੀ ਭਾਸ਼ਾ ਬੋਲਣ ਵਾਲੇ ਡਰਪੋਕ ਲੋਕਾ ਦਾ ਕੁਝ ਨਹੀ ਲਗਦਾ।
ਬਾਬਾ ਨਾਨਕ ਮਿਹਨਤਕਸ ਹੈ,ਬਾਬਾ ਖੁਦ ਉਦੋ ਖੇਤੀ ਕਰਦਾ ਹੈ ਜਦੋ ਉਸਦੇ ਲੱਖਾ ਸਰਦਾਲੂ ਸਨ, ਬਾਬਾ ਨਾਨਕ ਹਲ ਚਲਾਉਦਾ ਹੈ,ਬਾਬਾ ਵਹਿਲੜਾ ਸਾਧ ਲਾਣੇ ਦਾ ਕੁਝ ਨਹੀ ਲਗਦਾ, ਬਾਬਾ ਕਿਰਤ ਕਰੋ ਤੇ ਵੰਡ ਸਕੋ ਦਾ ਸਿਧਾਤਕਾਰ ਹੈ, ਬਾਬਾ ਨਹੀ ਚਾਹੁੰਦਾ ਕਿ ਤੁਸੀ ਵਿਹਲੇ ਰਹੋ ਤੇ ਫਿਰ ਮਿਹਨਤ ਕਰਨ ਵਾਲਿਆ ਤੋ ਹਿੱਸੇ ਮੰਗੀ ਜਾਵੋ।
ਬਾਬਾ ਨਾਨਕ ਲੋਕਾ ਨੂੰ ਜੋੜਦਾ ਹੈ, ਹੁਣੇ ਹੁਣੇ ਭਾਰਤ ਪਾਕ ਚ ਲਾਂਘਾ ਖੁੱਲਣ ਨਾਲ ਲੋਕ ਜੁੜੇ ਹਨ,ੲਿਹ ਬਾਬੇ ਨਾਨਕ ਕਰਕੇ ਹੀ ਹੈ,ਲੋਕਾ ਨੂੰ ਤੋੜਨ ਵਾਲੇ ਤੇ ਵੰਡੀਆਂ ਪਾ ਕੇ ਰੱਖਣ ਵਾਲਿਆਂ ਦਾ ਬਾਬਾ ਕੁਝ ਨਹੀ ਲਗਦਾ।
ਬਾਬਾ ਨਾਨਕ ਮਰਨ ਤੋ ਬਾਦ ਸਵਰਗਾ ਚ ਜਗਾ ਦਵਾਉਣ ਦਾ ਕੰਮ ਨਹੀ ਕਰਦਾ, ਜੇਕਰ ਕੋਈ ਬਾਬੇ ਨਾਨਕ ਦੀ ਸਮੁੱਚੀ ਬਾਣੀ ਚੋ ਕੋਈ ਦੋ ਚਾਰ ਲਾਈਨਾ ਤੇ ਹੀ ਅਮਲ ਕਰ ਲਵੇ ਤਾ ਉਸਦਾ ਜੀਵਣ ਇਸ ਧਰਤੀ ਤੇ ਹੀ ਸਵਰਗ ਵਾਂਗ ਹੈ।..
ਜੀਤ ਘੁੱਦਾ
ਮੈਂ ਮੁਸਲਿਮ ਪਰਿਵਾਰ ‘ਚੋਂ ਹਾਂ,ਸਿਰਫ਼ ਨਾਂਅ ਦਾ ਹੀ ਮੁਸਲਿਮ ਨਹੀਂ,ਬਲਕਿ ਪੂਰਨ ਰੂਪ ਵਿੱਚ ਮੁਸਲਿਮ ਪਰਿਵਾਰ ਹੈ ਸਾਡਾ ਪੂਰੇ ਪਿੰਡ ਵਿੱਚੋਂ। ਪੰਜ ਵਕਤ ਦੀ ਨਮਾਜ਼ ਦਾ ਪਾਬੰਦ ਹੈ ਸਾਡਾ ਟੱਬਰ।ਲੋਕੀ ਕੱਟੜ ਮੁਸਲਿਮ ਵੀ ਕਹਿ ਦਿੰਦੇ ਨੇ ਸਾਨੂੰ।ਮੇਰੀ ਮਾਂ ਮੈਨੂੰ ਨਿੱਕੇ ਜਿਹੇ ਨੂੰ ਰਾਤ ਨੂੰ ਆਪਣੇ ਢਿੱਡ ਤੇ ਪਾ ਕੇ ਨਾਲੇ ਤਾਂ ਨਮਾਜ਼ ਸਿਖਾਉਂਦੀ ਹੁੰਦੀ ਸੀ,ਤੇ ਨਾਲੇ ਗੁਰੂਦੁਆਰੇ ਜਾਣ ਲਈ ਵੀ ਕਹਿੰਦੀ ਹੁੰਦੀ ਸੀ।ਜਦ ਮੈਂ ਦਸਾਂ ਗੁਰੂਆਂ ‘ਚੋਂ ਕਿਸੇ ਗੁਰੂ ਸਾਹਿਬ ਦੀ ਫੋਟੋ ਵੱਲ ਹੱਥ ਕਰਕੇ ਪੁੱਛਣਾ ਕਿ ਮਾਂ ਆਹ ਕਿੰਨਾ ਦੇ ਗੁਰੂ ਨੇ,ਤਾਂ ਮਾਂ ਨੇ ਪਿਆਰ ਨਾਲ ਕਹਿਣਾ ਕਿ ਪੁੱਤ ਇਹ ਸਾਰੇ ਆਪਣੇ ਹੀ ਗੁਰੂ ਨੇ,ਕਦੇ ਮੇਰੀ ਮਾਂ ਨੇ ਰੱਬ ਨੂੰ ਵੰਡ ਕੇ ਨੀ ਦੱਸਿਆ ਮੈਨੂੰ ਕਿ ਆਹ ਮੁਸਲਮਾਨਾਂ ਦੇ ਜਾਂ ਸਿੱਖਾਂ ਦੇ ਗੁਰੂ ਨੇ।
ਪਰ ਜਦ ਮੈਂ ਸਕੂਲ ਪੜ੍ਹਨ ਲੱਗਿਆ ਤਾਂ ਕਿਤਾਬਾਂ ‘ਚ ਪਹਿਲੀ ਵਾਰੀ ਪੜ੍ਹਿਆ ਕਿ ਗੁਰੂ ਨਾਨਕ ਦੇਵ ਜੀ ‘ਸਿੱਖਾਂ’ ਦੇ ਪਹਿਲੇ ਗੁਰੂ ਨੇ।ਮੈਨੂੰ ਨਿਆਣੇ ਜਿਹੇ ਨੂੰ ਬੜਾ ਗੁੱਸਾ ਚੜਿਆ ਕਿ ਇਹ ਕਿਤਾਬ ਮੇਰੇ ਬਾਬੇ ਨਾਨਕ ਜੀ ਨੂੰ ਪਰਾਇਆ ਦੱਸ ਰਹੀ ਹੈ ਇਹ ਤਾਂ ਮੇਰਾ ਸਭ ਤੋਂ ਪਿਆਰਾ ਬਾਬਾ ਹੈ।ਮੇਰਾ ਭੋਰਾ ਕੁ ਦਿਲ ਵੱਡਾ ਜਿਹਾ ਹਊਂਕਾ ਭਰ ਗਿਆ।ਮੈਂ ਘਰ ਆ ਕੇ ਕਿਤਾਬ ਦੀ ਸ਼ਿਕਾਇਤ ਜਿਹੀ ਲਾਈ ਮਾਂ ਕੋਲੇ ਕਿ ਮਾਂ ਆਹ ਕਿਤਾਬ ਬਾਬੇ ਨਾਨਕ ਜੀ ਨੂੰ ਸਿੱਖਾਂ ਦਾ ਬਾਬਾ ਕਹਿੰਦੀ ਹੈ ਪਰ ਆਹ ਬਾਬਾ ਤਾਂ ਮੇਰਾ ਹੈ।ਮਾਂ ਨੇ ਕਿਹਾ ਕਿ ਇਹ ਤਾਂ ਐਂਵੇਂ ਕਹਿੰਦੀ ਹੈ ਇਹ ਬਾਬਾ ਤਾਂ ਤੇਰਾ ਹੀ ਹੈ,ਮੈਂ ਖੁਸ਼ ਹੋ ਗਿਆ ਤੇ ਮੇਰੀਆਂ ਅੱਖਾਂ ‘ਚ ਚਮਕ ਆ ਗਈ।
ਜਿਉਂ ਜਿਉਂ ਮੈਂ ਵੱਡਾ ਹੁੰਦਾ ਗਿਆ,ਗੁਰੂਘਰਾਂ ਦੇ ਸਪੀਕਰ ਮੈਥੋਂ ਮੇਰਾ ਬਾਬਾ ਨਾਨਕ ਖੋਂਹਦੇ ਰਹੇ,ਇਹ ਬੋਲ ਬੋਲ ਕੇ ਕਿ ਗੁਰੂ ਨਾਨਕ ਜੀ ਸਿੱਖਾਂ ਦੇ ਗੁਰੂ ਹਨ।ਪਰ ਮੇਰੀ ਮਾਂ ਦੇ ਬੋਲਾਂ ਦੀ ਡੋਰ ਨੇ ਮੈਨੂੰ ਬਾਬੇ ਨਾਨਕ ਜੀ ਨਾਲ ਐਨਾ ਮਜ਼ਬੂਤ ਬੰਨਿਆਂ ਕਿ ਕਿਸੇ ਸਪੀਕਰ ਦੀ ਤੇਜ਼ਧਾਰ ਆਵਾਜ਼ ਉਸ ਡੋਰ ਨੂੰ ਨਾਂ ਕੱਟ ਸਕੀ।ਸੱਚੀਂ ਮੈਨੂੰ ਬਾਬਾ ਜੀ ਨਾਲ ਐਨਾ ਪਿਆਰ ਹੈ ਕਿ ਉਹਨਾਂ ਦੀ ਤਸਵੀਰ ਦੇਖਕੇ ਜਾਂ ਨਾਮ ਸੁਣਕੇ ਮੇਰੀ ਰੂਹ ਝੂਮ ਉੱਠਦੀ ਹੈ।
ਮੈਂ ਕੋਸ਼ਿਸ਼ ਕਰਦਾ ਰਹਿੰਦਾ ਹਾਂ ਕਿ ਮੈਂ ਉਹਨਾਂ ਦੇ ਕਹਿਣ ਅਨੁਸਾਰ ਹੱਕ ਹਲਾਲ ਦੀ ਕਿਰਤ ਕਮਾਈ ਖਾਵਾਂ,ਕਿਸੇ ਦਾ ਹੱਕ ਨਾ ਖਾਵਾਂ,ਵੰਡ ਕੇ ਛਕਾਂ ਤੇ ਹਰ ਕਿਸੇ ਲਈ ਦਿਲ ਨਰਮ ਰਹੇ।ਇਹਨਾਂ ਸਭ ਗੱਲਾਂ ਤੇ ਅਮਲ ਕਰਨ ਦੀ ਉਹਨਾਂ ਤੋਂ ਤੌਫ਼ੀਕ ਮੰਗਦਾ ਰਹਿੰਦਾ ਹਾਂ।
ਪਰ ਅੰਤ ਤੇ ਇਹ ਦੁਨੀਆਂ ਤੇ ਇਹ ਸਪੀਕਰ ਜੋ ਮਰਜ਼ੀ ਕਹਿੰਦੇ ਰਹਿਣ ਪਰ ਮੇਰੇ ਅੰਦਰਲਾ ਉਹ ਬੱਚਾ ਅੱਜ ਵੀ ਕਹਿੰਦਾ ਹੈ ‘ਮੇਰਾ ਬਾਬਾ ਨਾਨਕ’|