ਮੈਂਨੂੰ ਦਿੱਤਾ, ਉਸ ਦਾ ਵੀ ਮੈਂ ਅਤੀ ਧੰਨਵਾਦੀ ਹਾਂ। ਇਸ ਮਾਨ ਪੱਤਰ ਦੇ ਉਤਰ ਵਿਚ ਆਪ ਨੇ ਜੋ ਮੰਗ ਕੀਤੀ ਹੈ ਕਿ ਮੈਂ ਆਪਣੇ ਹਿਰਦੇ ਦੇ ਖ਼ਿਆਲ ਪ੍ਰਗਟ ਕਰਾਂ, ਇਹ ਮੰਗ ਜੇ ਨਾ ਕਰਦੇ ਤਾਂ ਚੰਗਾ ਸੀ, ਕਿਉਂਕਿ ਮੈਂ ਆਪਣੇ ਖ਼ਿਆਲ ਆਪਣੇ ਨਾਲ ਹੀ ਵਾਪਸ ਲੈ ਜਾਣੇ ਚਾਹੁੰਦਾ ਸੀ, ਪਰ ਹੁਣ ਤੁਹਾਡੀ ਮੰਗ ਉਤੇ ਅਤੇ ਉਸ ਸਬੰਧੀ ਤੁਹਾਡੇ ਨਾਲ ਕੀਤੇ ਇਕਰਾਰ ਮੂਜਬ ਮੈਨੂੰ ਆਪਣੇ ਦਿਲੀ ਖ਼ਿਆਲ ਪ੍ਰਗਟ ਕਰਨੇ ਪਏ ਹਨ। ਜੇਕਰ ਇਹ ਖ਼ਿਆਲ ਆਪ ਨੂੰ ਖੁਸ਼ ਨਾ ਕਰ ਸਕਣ, ਤਾਂ ਮੈਨੂੰ ਇਸ ਲਈ ਖਿਮਾਂ ਬਖਸ਼ਣੀ ਕਿਉਂਕਿ ਇਹ ਖ਼ਿਆਲ ਉਸ ਹਿਰਦੇ ਵਿਚੋਂ ਨਿਕਲੇ ਹਨ, ਜੋ ਆਪਣੇ ਦੇਸ਼ ਵਾਸੀਆਂ ਦੀ ਸੇਵਾ ਤੇ ਉਨਤੀ ਲਈ ਸਦਾ ਤੜਫਦਾ ਰਿਹਾ ਹੈ। ਮੈਂ ਜਦ ਜਵਾਨੀ ਦੀ ਉਮਰ ਵਿਚ ਅਮੁੱਕ ਖਜ਼ਾਨਾ ਲੱਭਿਆ ਤਾਂ ਮੇਰੇ ਦਿਲ ਵਿਚ ਇਹ ਸੱਧਰ ਉਠੀ ਕਿ ਬਜਾਏ ਆਪਣੀ ਔਲਾਦ ਦੇ ਕਿਉਂ ਨਾ ਇਹ ਖਜ਼ਾਨਾ ਆਪਣੇ ਦੇਸ਼ ਵਾਸੀਆਂ ਦੀ ਭੇਟਾ ਕੀਤਾ ਜਾਵੇ, ਜਿਸ ਨਾਲ ਉਹਨਾਂ ਦੀ ਸਦੀਆਂ ਦੀ ਗਰੀਬੀ ਦੂਰ ਹੋਵੇ ਅਤੇ ਦੁਨਿਆਵੀ ਜ਼ਰੂਰਤਾਂ ਤੋਂ ਆਜ਼ਾਦ , ਹੋ ਕੇ ਉਹ ਸਦਾ ਅਮੀਰ ਤੇ ਸੁਖੀ ਬਣਜਾਣ। ਇਸ ਆਸ਼ੇ ਨੂੰ ਅੱਖਾਂ ਅੱਗੇ ਰੱਖ ਕੇ ਮੈਂ ਕਈ ਵਰ੍ਹਿਆਂ ਦੀ ਲਗਾਤਾਰ ਮਿਹਨਤ ਨਾਲ ਆਪਣੇ ਦੇਸ ਤੋਂ ਉਕਤ ਖਜ਼ਾਨੇ ਤਕ ਸੜਕ ਤਿਆਰ ਕਰਵਾਈ ਅਤੇ ਇਸ ਸੜਕ ਸਬੰਧੀ ਪੂਰੇ ਹਾਲ ਆਪਣੀ ਪੁਸਤਕ ਵਿਚ ਦਰਜ ਕਰ ਕੇ , ਨੀਵੇ, ਉਚੇ ਆਪਣੇ ਪਰਾਏ ਦਾ ਖ਼ਿਆਲ ਨਾ ਕਰਦਿਆਂ, ਸਭ ਦੇਸ ਵਾਸੀਆਂ ਤਕ ਇਹ ਪੁਸਤਕ ਪਹੁੰਚਾਈ। ਮੇਰੀ ਸਾਰੀ ਕੋਸ਼ਿਸ਼ ਦਾ ਮਨੋਰਥ ਆਪਣੇ ਦੇਸ਼ ਨੂੰ ਗਰੀਬੀ ਤੇ ਦੁਖਾਂ ਤੋਂ ਆਜ਼ਾਦ ਕਰ ਕੇ ਅਮੀਰੀ ਤੇ ਬੇਪਰਵਾਹੀ ਦੀ ਟੀਸੀ ਤੇ ਚੜਿਆ ਦੇਖਣਾ ਸੀ। ਇਹ ਸਭ ਕਰਨ ਮਗਰੋਂ ਮੈਂ ਅਮੁੱਕ ਖਜ਼ਾਨੇ ਦੇ ਨਜ਼ਦੀਕ ਦੇ ਪਹਾੜਾਂ ਵਿਖੇ ਰਹਿਣ ਦਾ ਅਸਥਾਨ ਬਣਾਇਆ ਤਾਕਿ ਬਾਕੀ ਦੀ ਆਯੂ ਉਥੇ ਹੀ ਬਤੀਤ ਕਰਾਂ, ਪੂਰਨ ਸੁੱਖਾਂ ਦੇ ਕਾਰਨ ਮੈਨੂੰ ਆਯੂ ਦੀਆਂ ਘੜੀਆਂ ਗੁਜ਼ਰਦਿਆਂ ਦਾ ਪਤਾ ਨਾ ਲੱਗਾ। ਹੁਣ ਜਦ ਸਰੀਰ ਛੱਡ ਕੇ ਪਹਾੜਾਂ ਦੀ ਸਹਿਜ ਭਰੀ ਇਕਾਂਤ ਵਿਚ ਸਮਾਅ ਜਾਣ ਦੀ ਇਛਿਆ ਮੇਰੇ ਦਿਲ ਵਿਚ ਤੀਬਰ ਹੋਈ ਤਾਂ ਕੇਵਲ ਇਕ ਸੰਕਲਪ ਸੀ, ਜਿਸ ਨੇ ਮੈਨੂੰ ਅਜਿਹਾ ਕਰਨੋਂ ਰੋਕਿਆ ਅਤੇ ਉਹ ਸੀ ਕਿ ਆਪਣੇ ਦੇਸ ਦੀ ਸੁਧਰੀ ਤੇ ਸੁਖੀ ਹਾਲਤ ਨੂੰ ਸਰੀਰ ਤਿਆਗਣ ਤੋਂ ਪਹਿਲੇ ਇਕ ਵਾਰ ਆਪਣੀਆਂ ਅੱਖਾਂ ਨਾਲ ਆ ਕੇ ਦੇਖਾਂ, ਪਰ ਮੈਂ ਆ ਕੇ ਦੇਸ਼ ਦੀ ਹਾਲਤ ਉਸ ਦੀ ਉਸੇ ਤਰ੍ਹਾਂ ਦੇਖੀ ਹੈ। ਭੁੱਖ , ਥੋੜ , ਚਿੰਤਾ, ਫਿਕਰ , ਬੀਮਾਰੀ, ਅਵਿਦਿਆ, ਵੈਰ-ਵਿਰੋਧ, ਈਰਖਾ, ਝਗੜੇ ਜੋ ਗਰੀਬੀ ਦੀਆਂ ਨਿਸ਼ਾਨੀਆਂ ਹਨ, ਉਹ ਜਿਉਂ ਦੀਆਂ ਜਿਉਂ ਪਹਿਲੇ ਦੀ ਤਰ੍ਹਾਂ ਦੇਸ ਵਿਚ ਮੌਜੂਦ ਦਿਸੀਆਂ ਹਨ। ਖੁਸ਼ਹਾਲੀ, ਬੇ-ਫ਼ਿਕਰੀ, ਸੰਤੋਖ, ਅਰੋਗਤਾ, ਵਿਦਿਆ, ਪਰੇਮ, ਮਿਲਾਪ ਅਤੇ ਇਤਫਾਕ ਜੋ ਗਰੀਬੀ ਦੇ ਨਾ ਹੋਣ ਦੇ ਚਿੰਨ ਹਨ, ਉਹਨਾਂ ਨੂੰ ਕਿਤੇ ਕਿਤੇ ਡਾਢੀ ਡਾਵਾਂਡੋਲ ਹਾਲਤ ਵਿਚ ਵਕਤ ਕੱਟੀ ਕਰਦੇ ਵੇਖਿਆਂ ਹੈ। ਇਸ ਦੇ ਉਲਟ ਮੈਂ ਕਈ, ਇਕ ਐਸੀਆਂ ਨਵੀਆਂ ਗੱਲਾਂ ਆਪਣੇ . ਦੇਸ਼ ਵਾਸੀਆਂ ਵਿਚ ਆ ਕੇ ਵੇਖੀਆਂ ਨੇ। ਮੇਰੀ ਅਮੁੱਕ ਖਜ਼ਾਨੇ ਸਬੰਧੀ ਪੁਸਤਕ ਨੂੰ ਪੜ ਕੇ, ਉਥੋਂ ਦੌਲਤ ਲਿਆ ਲਿਆ ਕੇ ਅਮੀਰ ਤੇ ਸੁਖੀ ਬਣਨ ਦੀ ਉਸ ਵਿਚ ਦਸੇ ਰਸਤੇ ਤੇ ਤੁਰਨ ਦੀ ਬਜਾਏ ਉਸ ਤੇ ਫੁੱਲ ਚੜਾਨੇ ਸ਼ੁਰੂ ਕਰ ਦਿੱਤੇ ਹਨ। ਮੇਰੇ ਅਤੇ ਮੇਰੀ ਪੁਸਤਕ ਦੇ ਨਾਮ ਉਤੇ ਕਈ ਸੰਸਥਾਵਾਂ ਸੁਸਾਇਟੀਆਂ ਕਾਇਮ ਹੋ ਗਈਆਂ ਹਨ, ਜਿਨ੍ਹਾਂ ਦਾ ਮਨੋਰਥ ਮੇਰੇ ਦੱਸੇ ਖਜ਼ਾਨੇ ਤੋਂ ਲਾਭ ਉਠਾਣ ਦੀ ਬਜਾਏ , ਇਹ ਕਰਨਾ ਹੈ ਕਿ ਮੈਂ ਇਕ ਆਮ ਆਦਮੀ ਨਹੀਂ, ਸਗੋਂ ਅਵਤਾਰ ਹਾਂ, ਈਸ਼ਵਰ ਹਾਂ ਅਤੇ ਮੇਰੀ ਖੁਸ਼ੀ ਵਾਸਤੇ ਮੇਰੀ ਪੂਜਾ ਹੋਣੀ ਚਾਹੀਦੀ ਹੈ। ਜੋ ਸ਼ਖਸ ਮੈਨੂੰ ਇਨਸਾਨ ਆਖੇ, ਜਾਂ ਪੂਜਾ ਕਰਨੀ ਪਸੰਦ ਨਾ ਕਰੋ , ਉਸ ਦਾ ਸਿਰ ਤੋੜਨ ਲਈ ਮੇਰੇ ਦੇਸ ਵਾਸੀ ਤਿਆਰ ਹਨ, ਪਰ ਜੋ ਦੌਲਤ ਹਾਸਲ ਕਰ ਕੇ ਸੁਖੀ ਵਸਣ ਦਾ ਤਰੀਕਾ ਮੈਂ ਸਾਰੀ ਉਮਰ ਦੀ ਘਾਲਣਾ ਘਾਲਣ ਮਗਰੋਂ ਦੇਸ਼ ਵਾਸੀਆਂ ਦੀ ਸੇਵਾ ਵਿਚ ਪੇਸ਼ ਕੀਤਾ ਸੀ, ਉਸ ਵਲ ਕਿਸੇ ਨੇ ਧਿਆਨ ਨਹੀਂ ਦਿਤਾ। ਕੀ ਮੈਂ ਇਹ ਸਾਰੀ ਘਾਲਣਾ ਇਸ ਵਾਸਤੇ ਘਾਲੀ ਸੀ ਕਿ ਮੇਰੀ ਪੁਸਤਕ ਜਾਂ ਮੇਰੀ ਮੂਰਤੀ ਪੂਜਾ ਹੋਣੀ ਸ਼ੁਰੂ ਹੋ ਜਾਵੇ? ਇਸ ਪੂਜਾ ਤੋਂ ਮੈਨੂੰ, ਮੇਰੇ ਦੇਸ਼ ਨੂੰ, ਮੇਰੇ ਦੇਸ਼ ਵਾਸੀਆਂ ਨੂੰ ਕਿਸੇ ਨੂੰ ਲਾਭ ਪਹੁੰਚ ਸਕਦਾ ਹੈ? ਮੇਰੀ ਖੁਸ਼ੀ ਆਪਣੇ ਦੇਸ਼ ਵਾਸੀਆਂ ਨੂੰ ਅਮੀਰ ਤੇ ਸੁਖੀ ਵੇਖਣ ਵਿਚ ਸੀ, ਆਪਣੀ ਪੂਜਾ ਕਰਾਣ ਵਿਚ ਨਹੀਂ ਸੀ। ਮੇਰੇ ਦੇਸ਼ ਵਾਸੀਆਂ ਨੇ ਅਮੀਰ ਤੇ ਸੁਖੀ ਬਣਨ ਦੀ ਥਾਂ ਮੇਰੀ ਪੂਜਾ ਅਰੰਭ ਕੇ ਕਿਸ ਨੂੰ ਖੁਸ਼ ਕੀਤਾ ਹੈ? ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੇਰੇ ਦੇਸ ਵਾਸੀਆਂ ਨੂੰ ਮੇਰੇ ਨਾਲ ਪਿਆਰ ਹੈ ਅਤੇ ਉਹਨਾਂ ਦੇ ਦਿਲ ਵਿਚ ਮੇਰੀ ਇਜ਼ਤ ਹੈ, ਪਰ ਮੈਂ ਇਹ ਵੀ ਕਹਿਣੋਂ ਨਹੀਂ ਰਹਿ ਸਕਦਾ ਕਿ ਉਹਨਾਂ ਨੇ ਇਸ ਪਿਆਰ ਤੇ ਇਜ਼ਤ ਨੂੰ ਐਸੇ ਤਰੀਕੇ ਵਿਚ ਜ਼ਾਹਿਰ ਕੀਤਾ ਹੈ, ਜਿਸ ਤੋਂ ਨਾ ਮੈਨੂੰ ਤੇ ਨਾ ਉਹਨਾਂ ਨੂੰ ਕੋਈ ਲਾਭ ਪਹੁੰਚਿਆ ਹੈ।
ਮੈਂ ਹੁਣ ਮੁੜ ਆਪਣੇ ਅਮੁੱਕ ਖਜ਼ਾਨੇ ਦੇ ਨੇੜੇ ਪਹਾੜਾਂ ਵਲ ਜਾ ਰਿਹਾ ਹਾਂ, ਮੈਂ ਆਪਣੇ ਬਿਰਧ ਸਰੀਰ ਨੂੰ ਹੋਰ ਜ਼ਿਆਦਾ ਅਰਸੇ ਵਾਸਤੇ ਕਾਇਮ ਨਹੀਂ ਰੱਖਣਾ ਚਾਹੁੰਦਾ। ਇਸ ਨੂੰ ਪਹਾੜਾਂ ਦੀ ਅਕਹਿ ਸ਼ਾਂਤੀ ਵਿਚ ਅਲੋਪ ਕਰ ਦੇਵਾਂਗਾ, ਪਰ ਮੇਰੀ ਆਤਮਾ, ਸ਼ਿਸ਼ਟੀ ਦੀ ਪਰਮ-ਆਤਮਾ ਨਾਲ ਇਕ ਮਿਕ ਹੋ ਕੇ , ਆਪਣੇ ਦੇਸ਼ ਤੇ ਛਾ ਜਾਵੇਗੀ ਅਤੇ ਇਸ ਉਡੀਕ ਵਿਚ ਰਹੇਗੀ ਕਿ ਕਦੇ ਮੇਰੇ ਦੇਸ਼ ਵਾਸੀ ਅਮੀਰ ਤੇ ਸੁਖੀ ਬਣਦੇ ਹਨ। ਅਗਰ ਮੇਰੇ ਦੇਸ਼ ਵਾਸੀਆਂ ਦੇ ਦਿਲ ਵਿਚ ਸੱਚੀ ਮੁੱਚੀ ਮੇਰੇ ਸਬੰਧੀ ਪਿਆਰ ਤੇ ਇਜ਼ਤ ਹੈ, ਤਾਂ ਉਨ੍ਹਾਂ ਨੂੰ ਮੇਰੀ ਲਿਖੀ ਪੁਸਤਕ ਨੂੰ ਪੜ੍ਹਨਾ, ਵਿਚਾਰਨਾ, ਉਸ ਵਿਚ ਦੱਸੀਆਂ ਹਦਾਇਤਾਂ ਅਨੁਸਾਰ ਸਫ਼ਰ ਕਰਕੇ ਅਮੁੱਕ ਖਜ਼ਾਨੇ ਤਕ ਪਹੁੰਚਣਾ, ਉਸ ਖਜ਼ਾਨੇ ਵਿਚੋਂ ਜ਼ਰੂਰਤ ਅਨੁਸਾਰ ਦੌਲਤ ਲਿਆ ਕੇ ਅਮੀਰ ਤੇ ਸੁਖੀ ਬਣਨਾ ਚਾਹੀਦਾ ਹੈ। ਮੇਰੀ ਆਤਮਾ ਆਪਣੀ ਜਾਂ ਆਪਣੀ ਪੁਸਤਕ ਦੀ ਪੂਜਾ ਕਰਵਾ ਕੇ ਕਦੀ ਸੁਖੀ ਨਹੀਂ ਹੋ ਸਕਦੀ, ਉਹ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਵਰਗਾ ਅਮੀਰ ਤੇ ਸੁਖੀ ਵਸਦਿਆਂ ਵੇਖ ਕੇ ਹੀ ਸੁਖੀ ਹੋਵੇਗੀ ਅਤੇ ਉਸ ਦਿਨ ਤਕ ਆਪਣੇ ਦੇਸ਼ ਨਮਿਤ ਕੀਤੀ ਸੇਵੀ ਤੇ ਘਾਲਣਾ ਨੂੰ ਸਫਲ ਨਹੀਂ ਸਮਝੇਗੀ, ਜਦ ਤਕ ਸਾਰਾ ਦੇਸ ਅਮੀਰ ਤੇ ਸੁਖੀ ਨਾ ਹੋ ਜਾਵੇ।
ਦੇਸ ਵਾਸੀਆਂ ਦਾ ਸੇਵਕ ਤੇ ਸ਼ੁਭਚਿੰਤਕ
ਖੋਜੀ