ਨਵਪ੍ਰੀਤ ਦੇ ਸਕੂਟਰ ਦੀ ਟਰੱਕ ਨਾਲ ਟੱਕਰ ਹੋ ਗਈ ਸੀ। ਕਿਸੇ ਕਾਰ ਵਾਲੇ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾ ਦਿੱਤਾ ਸੀ। ਸਮੇਂ ਸਿਰ ਪਹੁੰਚ ਜਾਣ ਕਰਕੇ ਉਹ ਬਚ ਤਾਂ ਗਿਆ ਸੀ ਪਰ ਉਸਦੀਆਂ ਦੇਵੇਂ ਲੱਤਾਂ ਬੁਰੀ ਤਰ੍ਹਾਂ ਫਿਸ ਜਾਣ ਕਰਕੇ ਕੱਟਣੀਆਂ ਪਈਆਂ ਸਨ।
ਉਸ ਦੀ ਨੌਜਵਾਨ ਅਤੇ ਖੂਬਸੂਰਤ ਪਤਨੀ ਆਪਣੇ ਅਪਾਹਜ ਪਤੀ ਨੂੰ ਵੇਖ ਕੇ ਅਸਹਿ ਪੀੜ ਨਾਲ ਤੜਫ ਉੱਠੀ ਸੀ। ਉਹ ਸੇਵਾ ਕਰਦੀ ਸੋਚਾਂ ਵਿੱਚ ਉਲਝ ਜਾਂਦੀ ਸੀ ਅਤੇ ਦਲੀਏ ਦਾ ਭਰਿਆ ਚਮਚਾ ਉਸ ਦੇ ਹੱਥ ਵਿੱਚ ਹੀ ਰੁਕ ਜਾਂਦਾ ਸੀ।
ਪਤੀ ਪ੍ਰਾਈਵੇਟ ਕਮਰੇ ਵਿੱਚ ਰਾਜੀ ਹੋ ਰਿਹਾ ਸੀ। ਉਹ ਇਕੱਲ ਵਿੱਚ ਸੋਚਦਾ ਕਿ ਆਪਣੀ ਅਪਾਹਜਤਾ ਨਾਲ ਕਿਸੇ ਦੀ ਜਿੰਦਗੀ ਨੂੰ ਨਰਕ ਬਣਾਉਣ ਨਾਲੋਂ ਕਿਤੇ ਚੰਗਾ ਏ ਆਪਾ ਵਾਰਿਆ ਜਾਵੇ।
‘ਲਓ ਜੀ ਨਵੀਂ ਗੋਲੀ ਲੈ ਲਵੋ, ਨਰਸ ਬਾਹਰ ਹੀ ਫੜਾ ਕੇ ਕਿਸੇ ਦੂਜੇ ਮਰੀਜ਼ ਵੱਲ ਚਲੀ ਗਈ ਏ। ਪਤਨੀ ਨੇ ਗੋਲੀ ਦਿੰਦਿਆਂ ਦੱਸ ਦਿੱਤਾ ਸੀ ਕਿ ਇਹ ਕੁਝ ਬੇਚੈਨੀ ਜਿਹੀ ਕਰੇਗੀ ਅਤੇ ਫਿਰ ਸਭ ਕੁਝ ਸ਼ਾਂਤ ਹੋ ਜਾਵੇਗਾ।
ਪਤਨੀ ਨੇ ਕੁਝ ਦੇਰ ਬਾਹਰ ਉਡੀਕ ਕੀਤੀ ਤਾਂ ਜੋ ਗੋਲੀ ਦਾ ਅਸਰ ਹੋ ਜਾਵੇ ਜਦ ਉਹ ਕਮਰੇ ਵਿੱਚ ਗਈ ਤਾਂ ਉਸ ਦਾ ਪਤੀ ਤੜਫ ਰਿਹਾ ਸੀ ਅਤੇ ਉਸ ਦੇ ਮੂੰਹ ਵਿੱਚੋਂ ਝੱਗ ਵਹਿ ਰਹੀ ਸੀ। ਉਸ ਨੇ ਉੱਚੀ ਚੀਕ ਮਾਰੀ।
ਨਰਸ ਨੂੰ ਸੈਲਫਾਸ ਦੀ ਗੋਲੀ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਸੀ।
Common Tags Punjabi Kahanian Punjabi Kahani
ਪ੍ਰਕਾਸ਼ ਕੌਰ ਦੀ ਬਿਮਾਰੀ ਕੁਝ ਸਮੇਂ ਵਿੱਚ ਹੀ ਵਧ ਗਈ ਸੀ। ਦੋਰਾ ਪੈਣ ਪਿੱਛੋਂ ਉਹ ਪਾਗਲਾਂ ਵਾਗ ਜਾ ਤਾਂ ਕੁਝ ਬੋਲਦੀ ਰਹਿੰਦੀ ਸੀ ਤੇ ਜਾਂ ਫਿਰ ਖੁੱਲੀਆਂ ਅੱਖਾਂ ਨਾਲ ਛੱਤ ਨੂੰ ਘੂਰਦੀ ਰਹਿੰਦੀ ਸੀ। ਡਾਕਟਰੀ ਇਲਾਜ ਦਾ ਕਿਤੋਂ ਵੀ ਕੋਈ ਅਸਰ ਨਹੀਂ ਹੋ ਰਿਹਾ ਸੀ।
ਡੇਰਾ ਵੱਡ ਭਾਗ ਸਿੰਘ ਦੇ ਕਈ ਚੱਕਰ ਲੱਗ ਚੁੱਕੇ ਸਨ। ਕਈ ਸਾਧਾਂ, ਸੰਤਾਂ ਅਤੇ ਸਿਆਣਿਆਂ ਨੂੰ ਵਖਾਇਆ ਜਾ ਚੁੱਕਾ ਸੀ ਪਰ ਕਿਤੋਂ ਵੀ ਕੋਈ ਫਰਕ ਨਹੀਂ ਪਿਆ ਸੀ। ਉਹ ਸੋਹਣੀ ਅੰਤਾਂ ਦੀ ਸੀ ਪਰ ਪੜੀ ਘੱਟ ਸੀ। ਜਿੱਥੇ ਵੀ ਉਸ ਦੇ ਰਿਸਤੇ ਦੀ ਗੱਲ ਚੱਲਦੀ, ਕਿਤੇ ਮਾਪਿਆਂ ਦੀ ਗਰੀਬੀ ਅੜ ਜਾਂਦੀ, ਕਿਤੇ ਅਣਪਤਾ ਰੋੜਾ ਅਟਕਾ ਦਿੰਦੀ ਅਤੇ ਕਿਤੇ ਉਸ ਦੇ ਭਰਾ ਦਾ ਨਾ ਹੋਣਾ ਗੱਲ ਖਤਮ ਕਰ ਦਿੰਦਾ ਸੀ। ਇਸ ਭੱਜ ਨੱਠ ਵਿੱਚ ਉਸ ਦੇ ਵਿਆਹੁਣ ਦੀ ਉਮਰ ਲੰਘ ਗਈ ਸੀ।
‘‘ਕੁੱਝ ਨਹੀਂ ਹੋਣਾ………” ਉਹ ਆਮ ਕਿਹਾ ਕਰਦੀ ਸੀ। ਇੱਕ ਮਿੰਟ ਰੁਕ ਕੇ ਫਿਰ ਬੋਲਦੀ, “ਕੁੱਝ ਕਰੋ….’ ਫਿਰ ਉਹ ਘੰਟਿਆ ਵੱਦੀ ਚੁੱਪ ਹੋ ਜਾਂਦੀ ਸੀ।
ਅੱਜ ਉਹ ਠੀਕ ਜਾਪ ਰਹੀ ਸੀ। ਉਸ ਦੇ ਚਿਹਰੇ ਉੱਤੇ ਕੁਝ ਰੌਣਕ ਨਜ਼ਰ ਆ ਰਹੀ ਸੀ ਅਤੇ ਇੱਕ ਦੋ ਵਾਰ ਉਹ ਮੁਸ਼ਕਰਾਈ ਵੀ ਸੀ।
“ਮਾਂ ਮੈਂ ਗਈ……….ਕੁਝ ਕਰੋ…।” ਹਨੇਰੇ ਵਿੱਚ ਤੜਫੀ ਪ੍ਰਕਾਸ਼ ਨੇ ਆਖਰੀ ਹੌਕਾ ਲਿਆ।
ਗੁਰੇ ਹਰੀਜਨ ਦੇ ਪਰਿਵਾਰ ਦੀਆਂ ਦਸ ਵੋਟਾਂ ਸਨ। ਜਦ ਪਾਰਟੀਆਂ ਵਾਲੇ ਉਸ ਦੇ ਬੂਹੇ ਅੱਗੇ ਖੜ੍ਹ ਕੇ, ‘ਸਰਦਾਰ ਗੁਰਦਿੱਤ ਸਿੰਘ ਜੀ ਕਹਿਕੇ ਆਵਾਜ ਮਾਰਦੇ ਤਾਂ ਉਹ ਮੁੱਛਾਂ ਵਿੱਚ ਹੀ ਮੁਸ਼ਕਰਾ ਕੇ, ਮੀਸਨਾ ਜਿਹਾ ਬਣ, ਹੱਥ ਜੋੜਕੇ ਉਨ੍ਹਾਂ ਦੇ ਅੱਗੇ ਜਾ ਖਦਾ ਸੀ।
ਵੋਟਾਂ ਮੰਗਣ ਆਈਆਂ ਸਾਰੀਆਂ ਪਾਰਟੀਆਂ ਨੂੰ ਉਸ ਦਾ ਇੱਕ ਹੀ ਉੱਤਰ ਹੁੰਦਾ ਸੀ। ‘ਵੋਟਾਂ ਦਾ ਕੀ ਐ, ਜਿਵੇਂ ਕਹੋਗੇ ਕਰ ਲਵਾਂਗੇ, ਜਰਾ ਸਾਡੀ ਗਰੀਬੀ ਦਾ ਵੀ ਕੁਝ ਧਿਆਨ ਰੱਖ ਲੈਣਾ। ਜਦ ਪਾਰਟੀਆਂ ਵਾਲੇ ਆਪਣੀ ਪਾਰਟੀ ਦਾ ਬਟਨ ਦੱਸਕੇ ਅੱਗੇ ਜਾਣ ਲੱਗਦੇ ਤਾ ਉਹ ਦੂਜਾ ਇਸ਼ਾਰਾ ਸੁਟਦਾ,‘ਬਟਨ ਤਾਂ ਤੁਹਾਡਾ ਹੀ ਹੋਊ, ਪਰ ਸਾਡੀ ਉਂਗਲ ਪਹਿਲਾਂ ਆਪਣੀ ਬਣਾ ਲੈਣੀ’ ਲੀਡਰ ਜਾਂਦੇ ਹੋਏ ਹੱਥ ਚੁੱਕਕੇ ਤਸੱਲੀ ਦੇ ਜਾਂਦੇ ਸਨ।
ਗੁਰੇ ਨੇ ਸਾਰੀਆਂ ਉਂਗਲਾਂ ਤਾਂ ਇੱਕ ਇੱਕ ਕਰਕੇ ਪਾਰਟੀਆਂ ਨੂੰ ਪਹਿਲਾਂ ਹੀ ਵੇਚ ਦਿੱਤੀਆਂ ਸਨ। ਵੋਟਾਂ ਪਾਉਣ ਵਾਲੇ ਦਿਨ ਆਪਣੀ ਮਨ ਮਰਜੀ ਦਾ ਬਟਨ ਅੰਗੂਠੇ ਨਾਲ ਦੱਬਕੇ ਉਸ ਨੇ ਗੰਧਲੇ ਪਾਣੀ ਵਿੱਚ ਇਕ ਹੋਰ ਨਵਾਂ ਪੱਥਰ ਮਾਰ ਦਿੱਤਾ ਸੀ।
ਚਾਂਦਨੀ ਨੂੰ ਜਦ ਤੋਂ ਏਡਜ਼ ਹੋਣ ਦਾ ਪਤਾ ਲੱਗਿਆ ਸੀ, ਉਸ ਨੇ ਆਪਣੇ ਹੋਠਾਂ ਨੂੰ ਸੀ ਕੇ, ਉਨ੍ਹਾਂ ਉੱਤੇ ਮੁਸ਼ਕਰਾਹਟ ਹੋਰ ਵੀ ਮਿੱਠੀ ਅਤੇ ਤਿੱਖੀ ਕਰ ਦਿੱਤੀ ਸੀ। ਉਸਨੇ ਹਰ ਗਾਹਕ ਨੂੰ ਫਸਾਉਣ ਲਈ ਆਪਣੇ ਪੇਸ਼ੇ ਦੀਆਂ ਸਾਰੀਆਂ ਆਦਾਵਾਂ ਦੀ ਵਰਤੋਂ ਕਰਨੀ ਆਰੰਭ ਕਰ ਦਿੱਤੀ ਸੀ।
ਚਾਂਦਨੀ ਕੋਠੇ ਵਾਲੀ ਸਲਮਾ ਮਾਸੀ ਦੀ ਜਰ ਖਰੀਦ ਜਾਇਦਾਦ ਸੀ। ਉਹ ਦਸ ਸਾਲ ਦੀ ਅੱਤ ਸੋਹਣੀ ਬੱਚੀ ਸੀ ਜਦ ਮਾਸੀ ਦੀ ਘੋਖਵੀਂ ਅੱਖ ਨੇ ਉਸ ਦੀ ਜਵਾਨੀ ਦੇ ਕਹਿਰੀ-ਜਲਵੇ ਨੂੰ ਪਹਿਲਾਂ ਹੀ ਪਹਿਚਾਣ ਲਿਆ ਸੀ। ਜਦ ਤੱਕ ਉਹ ਆਣ-ਵਿਧਿਆ ਮੋਤੀ ਸੀ ਤਾਂ ਚੁਬਾਰੇ ਦੀਆਂ ਸਾਰੀਆਂ ਮਿਹਰ ਬਾਨੀਆਂ ਉਸ ਉੱਤੇ ਨਿਛਾਵਰ ਹੁੰਦੀਆਂ ਸਨ। ਉਸ ਦੇ ਹੱਥ ਪੈਂਦਿਆਂ ਹੀ ਉਸਦੀ ਸੋਹਲ ਜਿੰਦ ਲਈ ਅਸਹਿ ਅਤੇ ਅਣਕਿਆਸੀਆਂ ਮੁਸੀਬਤਾਂ ਅਰੰਭ ਹੋ ਗਈਆਂ ਸਨ। ਉਸ ਦੇ ਧੰਦੇ ਲਈ ਦਿਨ ਅਤੇ ਰਾਤ ਦਾ ਕੋਈ ਫਰਕ ਨਹੀਂ ਰਹਿ ਗਿਆ ਸੀ। ਉਸ ਦਾ ਤਨ ਨੋਚਿਆ ਜਾਂਦਾ, ਰੂਹ ਪੁੱਛੀ ਜਾਂਦੀ ਪਰ ਉਸਦੇ ਆਹ ਭਰਨ ਉੱਤੇ ਸਖਤ ਪਾਬੰਦੀ ਸੀ। ਉਸਦੇ ਅੰਦਰ, ਬਾਹਰ ਲੱਖ ਪੀੜਾਂ ਹੁੰਦਿਆਂ ਵੀ ਹਰ ਗਾਹਕ ਲਈ ਉਸਦੇ ਹੋਠਾਂ ਵਿੱਚੋਂ ਮੁਸ਼ਕਰਾਹਟ ਕਿਰਨੀ ਜਰੂਰੀ ਸੀ।
ਇਸ ਏਡਜ਼ ਦੇ ਨਵੇਂ ਮਿਲੇ ਹੱਥਿਆਰ ਦੀ ਉਹ ਪੂਰੀ ਵਰਤੋਂ ਕਰਨਾ ਚਾਹੁੰਦੀ ਸੀ। ਉਹ ਮਰਨ ਤੋਂ ਪਹਿਲਾਂ ਇਸ ਦਿੱਤੀ ਦਾਤ ਨੂੰ ਸਮਾਜ ਦੇ ਚੌਧਰੀਆਂ ਵਿੱਚ ਰੱਜਕੇ ਵੰਡ ਦੇਣਾ ਚਾਹੁੰਦੀ ਸੀ।
ਉਸ ਦੀ ਦਰੜੀ ਰੂਹ, ਪੱਛੇ ਤਨ ਅਤੇ ਜ਼ਖ਼ਮੀ ਸੋਚ ਵਿੱਚ ਬਦਲੇ ਲਈ ਅਵੱਲਾ-ਰੋਹ ਜਾਗ ਉੱਠਿਆ ਸੀ।
ਸੇਠ ਦੌਲਤ ਰਾਮ ਭੰਡਾਰੀ ਨੂੰ ਮੁੰਡੇ ਦੀ ਲੋੜ ਸੀ, ਜੋ ਵੱਡਾ ਹੋਕੇ ਉਸ ਦੇ ਕਰੋੜਾਂ ਦੇ ਕਾਰੋਬਾਰ ਦਾ ਵਾਰਸ ਬਣ ਸਕੇ। ਉਸ ਦੇ ਦੋ ਕੁੜੀਆਂ ਪਹਿਲਾਂ ਹੀ ਹੋ ਚੁੱਕੀਆਂ ਸਨ ਅਤੇ ਦੋ ਵਾਰੀ ਟੈਸਟ ਕਰਵਾ ਕੇ ਸਫਾਈ ਕੀਤੀ ਜਾ ਚੁੱਕੀ ਸੀ। ਪਤਨੀ ਨੇ ਤੀਜੀ ਵਾਰ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਭਰੂਣ-ਹੱਤਿਆ ਦਾ ਹੋਰ ਭਾਰ ਆਪਣੇ ਸਿਰ ਨਹੀਂ ਲੈਣਾ ਚਾਹੁੰਦੀ ਸੀ। ਸੌਹਰਿਆਂ, ਪੇਕਿਆਂ ਅਤੇ ਰਿਸਤੇਦਾਰਾਂ ਦੇ ਦਬਾ ਹੇਠ ਉਸਨੇ ਅਣਚਾਹੇ ਮਨ ਨਾਲ ਸਹਿਮਤੀ ਦੇ ਦਿੱਤੀ ਸੀ। ਇਸ ਵਾਰ ਟੈਸਟ ਦਾ ਰਿਜਲਟ ਪਤੀ ਦੀ ਆਸ਼ਾ ਦੇ ਅਨਕੂਲ ਸੀ।
ਨਵੇਂ ਬੱਚੇ ਲਈ ਘਰ ਵਿੱਚ ਸਭ ਤਿਆਰੀਆਂ ਹੋ ਚੁੱਕੀਆਂ ਸਨ। ਉਂਗਲਾਂ ਉੱਤੇ ਦਿਨ ਗਿਣੇ ਜਾ ਰਹੇ ਸਨ। ਜੱਚਾਂ ਨੂੰ ਇਕ ਹਫਤਾ ਪਹਿਲਾਂ ਹੀ ਸ਼ਹਿਰ ਦੇ ਚੰਗੇ ਨਰਸਿੰਗ ਹੋਮ ਵਿੱਚ ਦਾਖਲ ਕਰਵਾ ਦਿੱਤਾ ਸੀ। ਸਾਰਾ ਪਰਿਵਾਰ ਖੁਸ਼ ਸੀ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ।
ਅੱਧੀ ਰਾਤ ਪਿੱਛੋਂ ਪ੍ਰਸੂਤ-ਪੀੜਾਂ ਅਰੰਭ ਹੋ ਚੁੱਕੀਆਂ ਸਨ। ਭੰਡਾਰੀ ਸਾਹਿਬ । ਅਤੇ ਬਹੁਤ ਸਾਰੇ ਰਿਸਤੇਦਾਰ ਵਰਾਂਡੇ ਵਿੱਚ ਬੈਠੇ ਖੁਸ਼ਖਬਰੀ ਸੁਨਣ ਲਈ ਉਤਾਵਲੇ ਹੋ ਰਹੇ ਸਨ। ਜੱਚ ਦੀਆਂ ਚੀਕਾਂ ਕਾਫੀ ਸਮੇਂ ਤੋਂ ਬੰਦ ਸਨ। ਆਖਰ ਸਜਾਏ ਬਚੇ ਦੇ ਰੋਣ ਦੀ ਆਵਾਜ ਆਉਂਦਿਆਂ ਹੀ ਸਾਰੇ ਪਰਿਵਾਰ ਦੇ ਚਿਹਰਿਆਂ ਉੱਤੇ ਖੁਸ਼ੀ ਪਰਤ ਆਈ ਸੀ। ਕੁਝ ਦੇਰ ਬਾਅਦ ਲੇਡੀ ਡਾਕਟਰ ਬਾਹਰ ਆਈ। ਅਫਸੋਸ ਭੰਡਾਰੀ ਸਾਹਿਬ ਅਸੀਂ ਬੱਚੇ ਨਾਲ ਜੱਚਾ ਨੂੰ ਨਹੀਂ ਬਚਾ ਸਕੇ। ਮੂੰਹ ਲਟਕਾਈ ਉਹ ਅੱਗੇ ਲੰਘ ਗਈ।
ਭੰਡਾਰੀ ਸਾਹਿਬ ਹੰਝੂਆਂ ਵਿੱਚ ਹੱਸ ਰਹੇ ਸਨ।
ਲੋਕਾਂ ਦੇ ਦਿਲਾਂ ਵਿੱਚ ਅਪਾਹਜਾਂ ਪ੍ਰਤੀ ਹਮਦਰਦੀ ਜਗਾਉਣ ਲਈ ਸਰਕਾਰੀ ਪੱਧਰ ਉੱਤੇ ਇੱਕ ਵਿਸ਼ਾਲ ਸਮਾਗਮ ਹੋ ਰਿਹਾ ਸੀ। ਦੂਰ ਦੁਰਾਡੇ ਪਿੰਡਾਂ ਵਿੱਚੋਂ ਅਪਾਹਜ ਵਿਸ਼ੇਸ਼ ਸਾਧਨਾਂ ਰਾਹੀਂ ਲਿਆਂਦੇ ਗਏ ਸਨ। ਇਸ ਮਹੱਤਵਪੂਰਨ ਵਿਸ਼ੇ ਉਤੇ ਵਿਚਾਰ ਪ੍ਰਗਟ ਕਰਨ ਲਈ ਕੇਂਦਰ ਅਤੇ ਸਟੇਟ ਦੇ ਮੰਤਰੀ ਵੱਡੀ ਗਿਣਤੀ ਵਿੱਚ ਪੁੱਜ ਰਹੇ ਸਨ।
ਛੋਟੇ ਅਪਾਹਜ ਬੱਚਿਆਂ ਨੂੰ ਫੁੱਲਾਂ ਦੇ ਹਾਰ ਦੇ ਕੇ ਸਵਾਗਤ ਲਈ ਲੰਮੀਆਂ ਕਤਾਰਾਂ ਵਿੱਚ ਖੜ੍ਹਾ ਕੀਤਾ ਗਿਆ ਸੀ। ਮੁੱਖ ਮਹਿਮਾਨ ਦਾ ਪੁੱਜਣਾ ਲੇਟ ਹੋਕੇ ਹੁਣ ਬਹੁਤ ਲੇਟ ਹੋ ਗਿਆ ਸੀ। ਭੁੱਖ, ਪਿਆਸੇ ਬੱਚੇ ਗਰਮੀ ਵਿੱਚ ਤੰਗ ਹੋ ਰਹੇ ਸਨ। ਕਈ ਆਪਣੀਆਂ ਫੌੜੀਆਂ ਉੱਤੇ ਖੜੇ ਥੱਕ ਗਏ ਸਨ।
ਮੁੱਖ ਮਹਿਮਾਨ ਦਾ ਕਾਫਲਾ ਪੁੱਜ ਗਿਆ ਸੀ। ਬੱਚਿਆਂ ਤੋਂ ਝੁਕਕੇ ਹਾਰ ਪਵਾਏ ਜਾ ਰਹੇ ਸਨ। ਬਹੁਤ ਛੋਟੇ ਬੱਚਿਆਂ ਤੋਂ ਮਾਪੇ ਗੋਦੀ ਚੁੱਕਕੇ ਸਤਿਕਾਰ ਕਰਵਾ ਰਹੇ ਸਨ ਅਤੇ ਨੇਤਰ ਹੀਣ ਬੱਚਿਆਂ ਦੀ ਸਰਕਾਰੀ ਕਰਮਚਾਰੀ ਸਹਾਇਤਾ ਕਰ ਰਹੇ ਸਨ। ਮਹਿਮਾਨ ਦਾ ਗਲਾ ਭਾਵੇਂ ਬੱਚਿਆਂ ਦੇ ਹਾਰਾਂ ਦੇ ਭਾਰ ਨਾਲ ਕੁਝ ਝੁਕ ਗਿਆ ਸੀ ਪਰ ਉਸ ਦਾ ਕਰ-ਕਮਲ ਕਿਸੇ ਬੱਚੇ ਦੇ ਮੁੰਹ ਉੱਤੇ ਪਿਆਰ ਦੀ ਛੋਹ ਦੇਣ ਲਈ ਨਹੀਂ ਉੱਠਿਆ ਸੀ।
ਸਮਾਗਮ ਅਰੰਭ ਹੁੰਦਿਆਂ ਹੀ ਅਪਾਹਜਾਂ ਦਾ ਹੇਜ ਖਤਮ ਹੋ ਗਿਆ ਸੀ। ਛੋਟੇ ਲੀਡਰ ਅਤੇ ਵੱਡੇ ਅਫਸਰ ਮੁੱਖ ਮਹਿਮਾਨ ਦੀ ਚਾਪਲੂਸੀ ਵਿੱਚ ਰੁੱਝ ਗਏ ਸਨ। ਕਾਜੂ, ਪਿਸਤੇ, ਬਦਾਮ ਆਦਿ ਦੀਆਂ ਪਲੇਟਾਂ ਮਹਿਮਾਨ ਅੱਗੇ ਕਰਕੇ ਆਪਣੀਆਂ ਹਾਜਰੀਆਂ ਲਗਵਾਈਆਂ ਜਾ ਰਹੀਆਂ ਸਨ। ਬੜੀਆਂ ਮਹੱਤਵਪੂਰਨ ਤਕਰੀਰਾਂ ਕੀਤੀਆਂ ਗਈਆਂ। ਅਪਾਹਜਾਂ ਲਈ ਭਵਿੱਖ ਵਿੱਚ ਉਲੀਕੀਆਂ ਜਾ ਰਹੀਆਂ ਯੋਜਨਾਵਾਂ ਦੀ ਰੂਪ ਰੇਖਾ ਦੱਸੀ ਗਈ। ਉਨ੍ਹਾਂ ਦੀਆਂ ਸਮੱਸਿਆਵਾਂ ਦਾ ਦਿਲ ਖੋਲ੍ਹ ਕੇ ਵਰਨਣ ਕੀਤਾ ਗਿਆ। ਵਿਸ਼ੇਸ਼ ਅਪਾਹਜਾਂ ਨੂੰ ਨਕਲੀ ਅੰਗ ਅਤੇ ਤਿੰਨ ਪਹੀਆ ਸਾਇਕਲਾਂ ਦੇਕੇ ਨਿਵਾਜਣ ਦੇ ਨਾਲ ਹੀ ਸਮਾਗਮ ਖਤਮ ਹੋ ਗਿਆ ਸੀ। ਅਪਾਹਜਾਂ ਲਈ ਹੁਣ ਵਾਪਸ ਆਪਣੇ ਘਰ ਪੁੱਜਣਾ ਅਹਿਮ ਸਮੱਸਿਆ ਸੀ।
ਅਸੀਂ ਮੁਹੱਲੇ `ਚ ਆਉਂਦੇ ਹਰੇਕ ਦੋਧੀ ਤੋਂ ਦੁੱਧ ਲੈਕੇ ਦੇਖ ਪਰਖ ਲਿਆ ਹੈ ਪਰ ਕੋਈ ਵੀ ਦੁੱਧ ‘ਚ ਪਾਣੀ ਨਹੀਂ ਪਾਉਂਦਾ, ਬਲਕਿ ਸਾਰੇ ਦੇ ਸਾਰੇ ਪਾਣੀ ‘ਚ ਦੁੱਧ ਪਾਕੇ ਵੇਚਦੇ ਹਨ। ਬਹੁਤ ਦੁਖੀ ਹੋ ਗਏ ਹਾਂ, ਚੜਦੇ ਮਹੀਨੇ ਦੋਧੀ ਨੂੰ ਨੋਟ ਨਵੇਂ ਤੇ ਖ਼ਾਲਸ ਦਿੰਦੇ ਹਾਂ ਤੇ ਪਾਣੀ ਪੈਂਦੀ ਹੈ ਸਾਰਾ ਮਹੀਨਾ, ਕੱਚੀ ਲੱਸੀ।
ਕੁਝ ਦਿਨ ਹੋਏ ਦਫਤਰੋਂ ਆਉਂਦੇ ਨੂੰ ਹੀ ਮੇਰੀ ਪਤਨੀ ਨੇ ਜਿਵੇਂ ਖੁਸ਼ਖਬਰੀ ਸੁਣਾਈ, ਮੈਂ ਕਿਹਾ, ਜਮੇਰ ਦੀਆਂ ਬੈਠਕਾਂ ’ਚ ਡਾਕਟਰ ਕਿਰਾਏਦਾਰ ਆਇਐ।” ਚਲੋ ਚੰਗਾ ਹੋਇਆ ਵੇ ਲੇ ਕੁਵੇਲੇ ਦਾਰੂ ਦੱਪਾ ਹੋ ਜਿਆ ਕਰੂ।” ਮੈਂ ਗੱਲ ਨੂੰ ਅਨਗੌਲਿਆਂ ਜਿਹਾ ਕਰ ਦਿੱਤਾ। ਅੱਗੋਂ ਪਤਨੀ ਕਹਿਣ ਲੱਗੀ, “ਨਾ, ਜੀ ਨਾ। ਇਹ ਤਾਂ ਸੈਂਪਲ ਭਰਨ ਵਾਲਾ ਡਾਕਟਰ ਐ। ਮਾੜੇ ਦੁੱਧ ਵਾਲੇ ਦੋਧੀ ਤਾਂ ਹੁਣ ਇਸ ਮੁਹੱਲੇ ਨੂੰ ਮੂੰਹ ਵੀ ਨਹੀਂ ਕਰਨਗੇ। ਉਸ ਦੀਆਂ ਅੱਖਾਂ ‘ਚ ਖਾਲਸ ਦੁੱਧ ਪੀਣ ਤੇ ਵਰਤਣ ਦੀ ਸਿੱਕ ਉਮੜ ਆਈ ਸੀ।
ਅਗਲੀ ਸਵੇਰ ਦੁੱਧ ਲੈਣ ਵੇਲੇ, ਮੈਂ ਆਪਣੇ ਦੋਧੀ ਭਾਗੇ ਗੁੱਜਰ ਨੂੰ, ਰੋਅਬ ਜਿਹਾ ਮਾਰ ਦਿੱਤਾ, ‘‘ਭਾਗੇ ਡਾਕਟਰ ਆ ਗਿਐ ਹੁਣ ਇਸ ਮੁਹੱਲੇ ’ਚ ਪੁੱਤਰਾ! ਦੁੱਧ ਖਾਲਸ ਲਿਆਇਆ ਕਰ ਹੁਣ।” ਭਾਗੋ ਨੇ ਦੁੱਧ ਵਾਲੇ ਬੱਟੇ ਨੂੰ ਡਰੰਮੀ ਦੇ ਨਾਲ ਟੰਗ ਕੇ ਹੱਥ ਤੇ ਹੱਥ ਮਾਰ ਸ਼ਰਾਰਤ ਭਰੀਆਂ ਅੱਖਾਂ ਨਾਲ ਜੁਆਬ ਦਿੱਤਾ, ਉਸ ਕਾ ਤਾਂ, ਸਰਦਾਰ ਜੀ ਰਾਤ ਹੀ ਹੋ ਲਿਆ ਕੰਮ।ਪੁਰਾਣੀ ਪੰਜਾਹ ਲੇਵੇ ਥਾ ਮੀਨੇ ਕੇ ਯੋ ਸੱਤਰ ਮੇਂ ਹੋ ਗਿਆ ਸੈਂਟ।
ਮਿਰਜੂ ਰਾਮ ਦਾ ਸਾਰਾ ਪਰਿਵਾਰ ਅਤੇ ਉਸ ਦਾ ਘਰ ਤਾਂ ਪਹਿਲਾਂ ਹੀ ਗੁਜਰਾਤ ਦੇ ਭੂਚਾਲ ਦੀ ਭੇਟ ਹੋ ਗਏ ਸਨ। ਉਹ ਅਤੇ ਉਸ ਦੀ ਪਤਨੀ ਰਾਜਸਥਾਨ ਵਿੱਚ ਰਹਿੰਦੇ ਹੋਣ ਕਰਕੇ ਬਚ ਗਏ ਸਨ। ਉਹ ਮੌਤ ਵਰਗੀ ਜ਼ਿੰਦਗੀ ਨੂੰ ਕਾਨਿਆਂ ਦੀ ਝੌਪੜੀ ਵਿੱਚ ਵਿਤਾ ਰਹੇ ਸਨ।
ਸੋਕੇ ਦੀ ਭਿਆਣਕ ਸਥਿਤੀ ਉਨ੍ਹਾਂ ਦੇ ਸਿਰਾਂ ਉੱਤੋਂ ਲੰਘ ਰਹੀ ਸੀ। ਲੋਕ ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਸ ਰਹੇ ਸਨ। ਉਸ ਦੀ ਪਤਨੀ ਸਖਤ ਗਰਮੀ ਵਿੱਚ ਦੋ ਕੋਹ ਦੂਰ ਪਾਣੀ ਲੈਣ ਜਾਂਦੀ ਸੀ। ਇੱਕ ਦਿਨ ਉਹ ਵਾਪਸ ਆਉਂਦੀ ਪਿੰਡ ਲਾਗੇ ਡਿਗਦਿਆਂ ਆਪਣੀ ਘੜੀ ਆਪ ਭੰਨਕੇ ਦਮ ਤੋੜ ਗਈ ਸੀ।
ਉਹ ਆਪਣੀ ਕਾਲੀ ਕਲੂਟੀ, ਹੱਡੀਆਂ ਦੀ ਮੁੱਠ ਰੂਪਮਤੀ ਦੀ ਚਿਣੀ ਜਾਂਦੀ ਚਿਤਾ ਨੂੰ ਪੱਥਰ ਹੋਈਆਂ ਅੱਖਾਂ ਨਾਲ ਵੇਖ ਰਿਹਾ ਸੀ। ਚਿਤਾ ਨੂੰ ਅੱਗ ਲਾਉਣ ਤੋਂ ਪਹਿਲਾਂ ਉਸ ਨੂੰ ਚੇਤਾ ਆਇਆ ਕਿ ਉਸ ਦੀ ਆਪਣੀ ਚਿਤਾ ਨੂੰ ਕੌਣ ਅੱਗ ਲਾਵੇਗਾ। ਉਸ ਨੂੰ ਚੱਕਰ ਜਿਹਾ ਆਇਆ ਅਤੇ ਫਿਰ ਗਸ਼ ਖਾ ਕੇ ਡਿੱਗ ਪਿਆ।
ਪਤੀ, ਪਤਨੀ ਦੀ ਸਾਂਝੀ-ਚਿਤਾ ਨੂੰ ਉਸ ਦਾ ਕੋਈ ਗਵਾਂਢੀ ਅੱਗ ਵਿਖਾ ਰਿਹਾ ਸੀ।
ਮੇਲੇ ਵਿੱਚ ਪੂਰੀ ਗਹਿਮਾ ਗਹਿਮੀ ਸੀ। ਮੋਢੇ ਨਾਲ ਮੋਢਾ ਖਹਿ ਰਿਹਾ ਸੀ। ਆਮ ਲੋਕਾਂ ਨਾਲ ਮੋਡਿਆਂ ਅਤੇ ਕੁੜੀਆਂ ਦੀਆਂ ਵੱਖ ਵੱਖ ਢਾਣੀਆਂ ਮੇਲੇ ਦਾ ਅਨੰਦ ਮਾਣ ਰਹੀਆਂ ਸਨ। ‘ਮੇਲਾ ਮੇਲੀ ਦਾ, ਰੁਪਏ ਧੇਲੀ ਦਾ’ ਦੇ ਅਖਾਣ ਅਨੁਸਾਰ ਪੁਰਾਣੇ ਦੋਸਤ ਮਿੱਤਰ ਅਤੇ ਸਹੇਲੀਆਂ ਮਿਲ ਰਹੀਆਂ ਸਨ ਅਤੇ ਜੇਬਾਂ ਹੌਲੀਆਂ ਹੁੰਦੀਆਂ ਜਾ ਰਹੀਆਂ ਸਨ।
ਮੇਲੇ ਦੇ ਇੱਕ ਪਾਸੇ ਮਨੋਰੰਜਨ ਦੇ ਸਾਧਨ ਚੱਲ ਰਹੇ ਸਨ। ਇੱਕ ਨਵੇਕਲੀ ਜਿਹੀ ਸਟਾਲ ਉੱਤੇ ਬਹੁਤ ਸਾਰੇ ਭਕਾਣੇ ਭਰ ਕੇ ਟੰਗੇ ਹੋਏ ਸਨ। ਛੋਟੀ ਜਿਹੀ ਰੋੜਾਂ ਵਾਲੀ ਬੰਦੂਕ ਨਾਲ ਨਿਸ਼ਾਨੇਬਾਜ਼ੀ ਚਲ ਰਹੀ ਸੀ। ਇੱਕ ਪ੍ਰੇਮ-ਜੋੜੀ ਬੜੀ ਦਿਲਚਸਪੀ ਨਾਲ ਉਸ ਨੂੰ ਵੇਖ ਰਹੀ ਸੀ।
‘ਕਿਉਂ ਰਚਾਉਣੇ ਮੈਚ?? ਕੁੜੀ ਨੇ ਪੁੱਛਿਆ। ‘ਹੋ ਜੇ ਫਿਰ, ਨਾਲੇ ਪਰਖ ਹੋਜੂ ਗੀ’ ਮੁੰਡਾ ਜਿਵੇਂ ਪਹਿਲਾਂ ਹੀ ਤਿਆਰ ਸੀ।
ਕੁੜੀ ਨੇ ਪੰਜ ਨਸ਼ਾਨਿਆਂ ਵਿੱਚ ਪੰਜ ਭਕਾਣੇ ਤੋੜ ਦਿੱਤੇ, ਪਰ ਮੁੰਡਾ ਪੰਜ ਨਿਸ਼ਾਨਿਆਂ ਵਿੱਚੋਂ ਕੇਵਲ ਤਿੰਨ ਵਿੱਚ ਸਫਲ ਹੋ ਸਕਿਆ।
‘ਸਵੰਬਰ ਤਾਂ ਤੁਸੀਂ ਹਾਰ ਗਏ।’ ਮੁੰਡੇ ਦਾ ਮੂੰਹ ਉੱਤਰਿਆ ਹੋਇਆ ਸੀ।
‘ਘਬਰਾਓ ਨਾ ਜੈ ਮਾਲਾ ਹਾਲੀ ਵੀ ਮੇਰੇ ਹੱਥ ਏ।” ਕੁੜੀ ਦੀ ਮੁਸ਼ਕਰਾਹਟ ਨੇ ਮੁੰਡੇ ਨੂੰ ਫਿਰ ਟਹਿਕਾ ਦਿੱਤਾ ਸੀ।
ਨਵਦੀਪ ਸਿੰਘ ਤੀਹ ਸਾਲ ਦਾ ਸੁੰਦਰ, ਸਡੌਲ ਅਤੇ ਸੰਵੇਦਨਸ਼ੀਲ ਨੌਜਵਾਨ ਸੀ। ਉਸ ਦਾ ਮਿੱਠਾ ਬਚਪਣ ਇੱਕ ਅੱਤ ਸੋਹਣੀ, ਸੁਸ਼ੀਲ ਅਤੇ ਸੁਚੱਜੀ ਔਰਤ ਨਾਲ ਬੀਤਿਆ, ਜਿਸ ਨੇ ਉਸ ਦੀਆਂ ਸਰੀਰਕ, ਮਾਨਸਿਕ ਅਤੇ ਸਮਾਜਿਕ ਲੋੜਾਂ ਦਾ ਪੂਰਾ ਧਿਆਨ ਹੀ ਨਹੀਂ ਰੱਖਿਆ ਸਗੋਂ ਉਨ੍ਹਾਂ ਦੀ ਪੂਰਤੀ ਲਈ ਸਖਤ ਪਹਿਰਾ ਦੇ ਕੇ ਉਸ ਨੂੰ ਜਵਾਨੀ ਦੀ ਉਂਗਲੀ ਲਾ ਦਿੱਤਾ ਸੀ।
ਦੂਜੀ ਔਰਤ ਉਸ ਨੂੰ ਬਹੁਤ ਹੀ ਕੋਮਲ ਪਿਆਰੀ ਅਤੇ ਸਹਿਣ-ਸ਼ੀਲ ਮਿਲੀ । ਜਿਸ ਨੇ ਉਸ ਦੇ ਰੱਖੜੀਆਂ ਬੰਨੀਆਂ, ਉਂਗਲਾਂ ਫੜੀਆਂ, ਖੇਡਾਂ ਵਿੱਚ ਸਾਥੀ ਬਣੀ, ਉਸ ਲਈ ਕੁੱਟਾਂ ਖਾਦੀਆਂ ਅਤੇ ਆਪਣਾ ਸਾਰਾ ਪਿਆਰ ਉਸ ਤੋਂ ਨਿਛਾਵਰ ਕਰ ਦਿੱਤਾ ਸੀ।
ਉਹ ਸਭ ਕੁਝ ਸਰਹੱਦੋਂ ਪਾਰ ਛੱਡ ਕੇ ਨਵੇਂ ਦੇਸ਼ ਆ ਗਿਆ ਸੀ। ਉਹ ਲੰਮਾ ਸਮਾਂ ਕਿਸੇ ਆਪਣੇ ਨੂੰ ਢੂੰਡਦਾ ਰਿਹਾ ਸੀ। ਆਪਣਾ ਤਾਂ ਉਸ ਨੂੰ ਕੀ ਮਿਲਣਾ ਸੀ, ਕਿਸੇ ਚਿਹਰੇ ਤੋਂ ਆਪਣੇ ਹੋਣ ਦਾ ਝੌਲਾ ਵੀ ਨਹੀਂ ਪਿਆ ਸੀ। ਉਹ ਕਿਸੇ ਤੀਜੀ ਔਰਤ ਦੀ ਭਾਲ ਕਰ ਰਿਹਾ ਸੀ, ਜੋ ਉਸ ਨਾਲ ਗੁੜੀ ਸਾਂਝ ਪਾਕੇ ਉਸਦਾ ਹੱਥ ਫੜ ਸਕੇ। ਉਸ ਦਾ ਅੰਦਰਲਾ ਫਰੋਲ ਕੇ ਆਪਣੇ ਅੰਦਰ ਦੀ ਝਾਤ ਪਵਾ ਸਕੇ। ਉਸ ਨੂੰ ਕਦੇ ਮਨ-ਇੱਛਤ ਚਿਹਰੇ ਦਾ ਨਿੱਘਾ ਹੁੰਗਾਰਾ ਨਾ ਮਿਲ ਸਕਿਆ। ਉਹ ਆਪਣੀ ਜਵਾਨੀ ਤੋਂ ਅੱਕ ਗਿਆ ਸੀ। ਹਰ ਸਮੇਂ ਦੇ ਸੀਰੀਰਕ ਤਨਾਓ ਉਸ ਨੂੰ ਅਸਹਿ ਜਾਪਣ ਲੱਗ ਗਏ ਸਨ। ਹੋਰ ਉਡੀਕ ਹੁਣ ਉਸ ਦੀ ਸਹਿਣ-ਸਮਰਥਾ ਤੋਂ ਬਾਹਰ ਹੁੰਦੀ ਜਾ ਰਹੀ ਸੀ। ਲੋਕ ਅੱਖਾਂ ਤੋਂ ਬਚਦਾ ਅਤੇ ਆਪਦੀਆਂ ਅੱਖਾਂ ਮੀਚਦਾ ਕਿਸੇ ਤੀਜੀ ਔਰਤ ਦੀ ਭਾਲ ਵਿੱਚ ਉਹ ਚੁਬਾਰੇ ਦੀਆਂ ਪੌੜੀਆਂ ਚੜ੍ਹ ਰਿਹਾ ਸੀ।
ਸਭ ਕੁਝ ਸਧਾਰਨ ਵਾਂਗ ਸੀ ਅਤੇ ਉਚੇਚ ਵਾਲੀ ਕੋਈ ਵੀ ਗੱਲ ਨਹੀਂ ਸੀ। ਕਚਹਿਰੀ ਵਿੱਚ ਸ਼ਾਦੀ ਕਰਕੇ ਉਹ ਘਰ ਪਹੁੰਚ ਗਏ ਸਨ। ਬਹਾਦਰ ਸਿੰਘ ਦੇਮਾਪੇ ਉਸ ਦੀ ਮਨ ਮਰਜੀ ਕਰਨ ਉੱਤੇ ਸਖਤ ਨਰਾਜ਼ ਸਨ ਅਤੇ ਸਵੀਤਾ ਦੇ ਸੌਹਰੇ ਉਸ ਦੇ ਅੱਤ ਕਾਹਲੇ ਭਾਵਨਾਤਮਕ ਫੈਸਲੇ ਉੱਤੇ ਦੰਦ ਪੀਹ ਰਹੇ ਸਨ।
ਬਹਾਦਰ ਸਿੰਘ ਨੇ ਜੋ ਕੁਝ ਕੀਤਾ ਸੀ ਕੇਵਲ ਪਰਉਪਕਾਰ ਲਈ ਹੀ ਕੀਤਾ ਸੀ। ਦੁਰਘਟਨਾ ਵਿੱਚ ਸਖਤ ਜਖਮੀ ਹੋਏ ਆਦਮੀ ਨੂੰ ਹਸਪਤਾਲ ਵਿੱਚ ਪਹੁੰਚਾਉਣਾ ਉਸਦਾ ਕੁਦਰਤੀ ਫਰਜ ਸੀ। ਜਖਮੀ ਦੀ ਤਨ ਮਨ ਅਤੇ ਕੁਝ ਧਨ ਨਾਲ ਮਦਦ ਕਰਨੀ ਸਿਰਫ ਇਨਸਾਨੀ ਹਮਦਰਦੀ ਸੀ। ਉਸ ਵਲੋਂ ਹਰ ਸੰਭਵ ਯਤਨ ਕਰਨ ਤੇ ਵੀ ਸਵੀਤਾ ਦਾ ਪਤੀ ਬਚ ਨਹੀਂ ਸਕਿਆ ਸੀ।
ਸਵੀਤਾ ਦੀ ਸਿਆਣਪ, ਦਲੇਰੀ ਅਤੇ ਦੂਰਦਰਸ਼ਤਾ ਉੱਤੇ ਉਹ ਹੈਰਾਨ ਹੀ ਤਾਂ ਰਹਿ ਗਿਆ ਸੀ। ਭੂਤ ਦੀਆਂ ਸੰਸਕਾਰਕ ਬੇੜੀਆਂ ਨੂੰ ਤੋੜ, ਵਰਤਮਾਨ ਦੀਆਂ ਸਮਾਜਿਕ ਕਰੋਪੀਆਂ ਨੂੰ ਪਾਸੇ ਨਾਲ ਮਲ, ਇੱਕ ਵਿਧਵਾ ਨੇ ਆਪਣੇ ਭਵਿੱਖ ਦੀ ਮਾਂਗ ਵਿੱਚ ਸਜਰਾ ਸੰਧੂਰ ਭਰ ਲਿਆ ਸੀ।
ਕਾਲਜ ਦੀਆਂ ਸ਼ਰਾਰਤੀ ਕੁੜੀਆਂ ਦਾ ਗਰੁੱਪ ਕੰਟੀਨ ਦੇ ਲਾਗੇ ਹਰੇ ਘਾਹ ਉੱਤੇ ਬੈਠਾ ਹਾਸੇ, ਮਖੌਲ ਦਾ ਅਨੰਦ ਮਾਣ ਰਿਹਾ ਸੀ। ਇਹ ਗਰੁੱਪ ਖਾਣ-ਪੀਣ ਦਾ ਪ੍ਰਬੰਧ ਸਦਾ ਮੁੰਡਿਆਂ ਨੂੰ ਮੂਰਖ ਬਣਾ ਕੇ ਕਰਿਆ ਕਰਦਾ ਸੀ। ਗਰਮ ਚਾਹ ਨਾਲ ਸਮੋਸਿਆਂ ਅਤੇ ਗੁਲਾਬ ਜਾਮਨਾਂ ਲਈ ਉਨ੍ਹਾਂ ਦੇ ਮੂੰਹਾਂ ਵਿੱਚੋਂ ਲਾਲਾਂ ਡਿੱਗ ਰਹੀਆਂ ਸਨ।
ਅੱਜ ਦੀ ਚਾਹ ਖਰੀ ਕਰਨ ਦੀ ਜੁਮੇਵਾਰੀ ਅੱਤ ਸੋਹਣੀ ਕੁੜੀ ਗੁਲਬਦਨ ਦੀ ਸੀ ਜਿਸ ਦੀ ‘ਹਾਂ ਲਈ ਕਈ ਕਾਲਜੀ ਮਜ਼ਨੂੰ ਉਸ ਦੀਆਂ ਪੈੜਾਂ ਮਿੱਧਦੇ ਫਿਰਦੇ ਸਨ।
“ਹਾਈ ਰਮੇਸ਼। ਕੁੜੀ ਦੀ ਮਿੱਠੀ ਆਵਾਜ ਨੇ ਦੂਰੋਂ ਆਉਂਦੇ ਮੁੰਡੇ ਦੇ ਪੈਰ ਜਕੜ ਦਿੱਤੇ ਸਨ। ਗੁਲਬਦਨ ਨੇ ਬੜੇ ਤਪਾਕ ਨਾਲ ਹੱਥ ਮਿਲਾਇਆ, ਦੋ ਚਾਰ ਪਿਆਰ ਨਖਰੇ ਕੀਤੇ। ਮੁੰਡੇ ਦੀਆਂ ਅੱਖਾਂ ਵਿੱਚ ਇਸ਼ਕ ਦੇ ਲਾਲ ਡੋਰੇ ਉਤਰਦੇ ਵੇਖ ਕੇ ਆਪਣੀਆਂ ਅੱਖਾਂ ਮਟਕਾਈਆਂ ਅਤੇ ਮੂੰਹ ਉੱਤੇ ਮੁਸਕਰਾਹਟ ਫਲਾਕੇ ਪੁੱਛਿਆ।
ਅੱਜ ਚਾਹ ਪੀਓਗੇ ਜਾਂ ਪਿਲਾਓਗੇ?? ‘ਤੁਹਾਡੇ ਉਤੋਂ ਤਾਂ ਪੰਜਾਹ ਚਾਹਾਂ ਵਾਰ ਦੇਵਾਂ। ਮੁੰਡਾ ਪਸਮ ਪਿਆ ਸੀ।
‘ਪੰਜਾਹ ਨਹੀਂ ਕੇਵਲ ਦਸ। ਆਓ ਪਹਿਲਾਂ ਮੈਂ ਤੁਹਾਨੂੰ ਆਪਣੀਆਂ ਸਹੇਲੀਆਂ ਨਾਲ ਮਿਲਾਵਾਂ।
ਗਰੁੱਪ ਚਾਹ ਪੀ ਰਿਹਾ ਸੀ ਅਤੇ ਕੁੜੀਆਂ ਚੋਹਲ ਵੀ ਕਰ ਰਹੀਆਂ ਸਨ। ਕਲਯੁਗੀ ਗੋਪੀਆਂ ਵਿੱਚ ਕਾਲਜੀ-ਕਾਨੂ ਫਸ ਗਿਆ ਸੀ। ਉਹ ਵੀ ਸਭ ਸਮਝਦਾ ਸੀ। ਪਰ ਫਸ ਗਈ ਤਾਂ ਫਟਕਣ ਕੀ।