ਮੈਂ ਤੇ ਰਾਜੀ ਹਮੇਸ਼ਾ ਗੁੱਡੀਆਂ ਨਾਲ ਖੇਡਦੀਆਂ ਹੁੰਦੀਆਂ ਸੀ ਗੁੱਡੀਆਂ ਪਲਾਸਟਿਕ ਦੀਆਂ ਰਾਜੀ ਨੂੰ ਹਮੇਸ਼ਾ ਸ਼ੋਖ ਰੰਗ ਪਸੰਦ ਸੀ, ਮੈਂ ਕਈ ਵਾਰ ਜੇ ਕਿਸੇ ਗੁੱਡੀ ਨੂੰ ਫਿੱਕੇ ਰੰਗ ਦੇ ਕੱਪੜੇ ਪਾ ਦੇਣੇ ਤਾਂ ਉਸਨੇ ਝੱਟ ਹੀ ਬਦਲ ਦੇਣੇ ਤੇ ਗੁੱਡੀ ਨੂੰ ਫੇਰ ਦੁਲਹਨ ਵਾਂਗ ਸਜਾ ਦੇਣਾ ਮੈਨੂੰ ਕਹਿੰਦੀ ਹੁੰਦੀ ਸੀ, ਕਿਉਂ, ਗੁੱਡੀਆਂ ਦਾ ਦਿਲ ਨੀ ਹੁੰਦਾ?
ਇੰਝ ਉਹਨਾਂ ਪਲਾਸਟਿਕ ਦੀਆਂ ਗੁੱਡੀਆਂ ਦਾ ਵਿਆਹ ਰਚਾਉਂਦੇ ਕਦੋਂ ਸਾਡੀ ਉਮਰ ਵੀ ਵਿਆਹ ਲਾਇਕ ਹੋ ਗਈ ਪਤਾ ਹੀ ਨਹੀਂ ਲੱਗਾ ਮੇਰਾ ਵਿਆਹ ਪਹਿਲਾਂ ਹੋ ਗਿਆ ਤੇ ਰਾਜੀ ਦਾ ਕੁਝ ਚਿਰ ਬਾਅਦ ਤੇ ਮੈਂ ਕੁਝ ਕੁ ਮਹੀਨਿਆਂ ਬਾਅਦ ਜਦ ਆਪਣੇ ਘਰ ਗਈ ਤਾਂ ਪਤਾ ਲੱਗਾ ਕੇ ਰਾਜੀ ਵੀ ਘਰ ਆਈ ਹੋਈ ਹੈ ਮੈਂ ਭੱਜ ਕੇ ਉਸਨੂੰ ਮਿਲਣ ਗਈ ਪਰ ਰਾਜੀ ਦਾ ਰੰਗ ਰੂਪ ਤੇ ਪਹਿਰਾਵਾ ਵੇਖ ਕੇ ਮੈਥੋਂ ਦਹਿਲੀਜ਼ ਮਸਾਂ ਹੀ ਟੱਪ ਹੋਈ!
ਉਸਨੇ ਮੈਨੂੰ ਦੱਸਿਆ ਕਿ ਇੱਕ ਐਕਸੀਡੈਂਟ ਵਿਚ ਉਸਦੇ ਪਤੀ ਦੀ ਮੌਤ ਹੋ ਗਈ ਤੇ ਸਹੁਰੇ ਵਾਲਿਆਂ ਨੇ ਉਸਨੂੰ ਪੇਕੇ ਘਰ ਦਾ ਰਾਹ ਵਿਖਾ ਦਿੱਤਾ ਮੈਂ ਸਾਰਾ ਦਿਨ ਉਸ ਨਾਲ ਬੈਠੀ ਗੱਲਾਂ ਕਰਦੀ ਰਹੀ ਤੇ ਝਿਜਕਦੇ ਝਿਜਕਦੇ ਮੈਂ ਕਹਿ ਹੀ ਬੈਠੀ ਰਾਜੀ ਜਿੰਦਗੀ ਐਥੇ ਰੁਕ ਤਾਂ ਨਹੀਂ ਜਾਂਦੀ ਮੈਂ ਤੇਰੇ ਘਰ ਵਾਲਿਆਂ ਨਾਲ ਗੱਲ ਕਰ ਕੇ ਸਮਝਾਂਦੀ ਹਾਂ ਕੇ ਉਹ ਤੈਨੂੰ ਤੇ ਰੀ ਖੁਸ਼ੀਆਂ ਮੋੜਨ ਦਾ ਯਤਨ ਕਰਨ!
ਪਰ ਉਸਨੇ ਮੇਰੀ ਬਾਂਹ ਫੜ ਮੈਨੂੰ ਰੋਕ ਲਿਆ ਕਿ ਨਹੀਂ ਇਹ ਮੈਥੋਂ ਨਹੀਂ ਹੋਣਾ ਮੈਂ ਉਸਨੂੰ ਸਿਰਫ ਇੱਕੋ ਸਵਾਲ ਪੁੱਛਿਆ, “ਪਲਾਸਟਿਕ ਦੀਆਂ ਗੁੱਡੀਆਂ ਦਾ ਦਿਲ ਹੁੰਦਾ ਹੈ ਤੇ ਲਹੂ ਮਾਸ ਵਾਲੀਆਂ ਦਾ ਨਹੀਂ?”
ਉਸਨੇ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਸ਼ੋਖ ਰੰਗ ਉਸਦੇ ਚਿਹਰੇ ਤੇ ਸਾਫ ਦਿਖਾਈ ਦੇਣ ਲੱਗਾ।
Common Tags Punjabi Kahanian Punjabi Kahani
ਸ਼ਹਿਰ ਦੇ ਬਾਹਰਵਾਰ ਠੇਕਾ, ਠੇਕੇ ਦੇ ਨਾਲ ਦੋ ਢਾਬੇ।
ਢਾਬਿਆਂ ਦੇ ਸਾਹਮਣੇ ਕੰਧ ਦੇ ਨਾਲ ਸੜਕ ਉੱਤੇ ਉਹ ਆਂਡਿਆਂ ਦੀ ਰੇਹੜੀ ਲਾਉਂਦਾ। ਆਮ ਤੌਰ ਤੇ ਉਹ ਕਚਹਿਰੀਆਂ ਦੇ ਬੰਦ ਹੋਣ ਤੇ ਹੀ ਆਉਂਦਾ। ਰੁਲਿਆ-ਖੁਲਿਆ ਜਿਹਾ, ਜਿਹੋ ਜਿਹਾ ਉਹ ਆਪ ਸੀ ਉਹੋ ਜਿਹੇ ਉਹਦੇ ਗਾਹਕ ਸਨ। ਦਿਹਾੜੀ-ਦੱਪਾ ਕਰਕੇ ਸਾਈਕਲਾਂ ਤੇ ਪਿੰਡਾਂ ਨੂੰ ਪਰਤ ਰਹੇ ਥੱਕੇ-ਟੁੱਟੇ ਦਿਹਾੜੀਦਾਰ ਜਾਂ ਦਿਨ-ਭਰ ਸਵਾਰੀਆਂ ਜ਼ੋ ਥੱਕੇ ਰਿਕਸ਼ਿਆਂ ਵਾਲੇ। ਸ਼ਹਿਰ ਦੀ ਭੀੜ ਤੋਂ ਬਾਹਰ ਇਕਾਂਤ ਜਿਹੀ ਥਾਂ ਠੇਕੇ ਤੋਂ ਅਧੀਆਪਊਆ ਲੈਂਦੇ। ਉਹਦੀ ਰੇਹੜੀ ਤੋਂ ਗਲਾਸ ਮਿਲ ਜਾਂਦਾ। ਘਸਮੈਲੇ ਜਿਹੇ ਪਲਾਸਟਿਕ ਦੇ ਟੀਨ ਵਿੱਚੋਂ ਬੱਬਲ-ਵੱਡਾ ਜਿਹਾ ਪਾਣੀ ਦੇ ਦਿੰਦਾ। ਪੰਜਾਂ ਰੁਪਈਆਂ ਦੇ ਦੋ ਉੱਬਲੇ ਆਂਡੇ- ਸਸਤੇ ਜਿਹੇ ਵਿਚ ਉਹ ਉਨ੍ਹਾਂ ਦਾ ਡੰਗ ਲਾਹ ਦਿੰਦਾ। ਢਾਬਿਆਂ ਵਾਲੇ ਤਾਂ ਲੁੱਟਦੇ ਸਨ। ਖਾਲੀ ਗਲਾਸ ਦੇ ਵੀ ਪੈਸੇ ਮੰਗਦੇ।
ਸਾਹਮਣੇ ਢਾਬਿਆਂ ਵਾਲੇ ਅਕਸਰ ਉਸਨੂੰ ਲਲਕਾਰੇ ਮਾਰਦੇ, “ਵਗ ਜਾ ਉਇ! ਅੱਡੇ ਤੇ ਚਲਾ ਜਾ ਐਥੇ ਬਾਹਲਾ ਦੁੱਧ ਐ ਕਿੱਥੋਂ ਰੋਡਾ ਲੱਗਿਐ ਸਾਲਾ!”
ਉਹ ਆਪਣੀ ਰੇੜੀ ਤੇ ਖਲੋਤਾ ਈ ਘੁਰ-ਘੁਰ ਕਰੀ ਜਾਂਦਾ, “ਸੜਕ ਤੇ ਖੜਾ ਕਿਉਂ? ਸੜਕ ਕਿਸੇ ਦੇ ਪਿਓ ਦੀ ਐ? ਤੁਸੀਂ ਵਗ ਜੋ ਅੱਡੇ ਤੇ ਜੇ ਬਾਹਲੇ ਔਖੇ ਓ!) ਉਹ ਢਾਬਿਆਂ ਵਾਲੇ ਨੂੰ ਘੱਟ ਪਰ ਆਪਣੇ ਗਾਹਕਾਂ ਨੂੰ ਹੀ ਜਿਵੇਂ ਸੁਣਾਉਤੀ ਕਰੀ ਜਾਂਦਾ।
ਆਪ ਹੀ ਗੱਲਾਂ ਕਰੀ ਜਾਂਦਾ। ਆਪਣੇ ਗਾਹਕਾਂ ਦਾ ਜੀਅ ਲਵਾਈ ਰੱਖਦਾ।
ਕਈ ਵਾਰੀ ਮੈਂ ਸੋਚਦਾ ਦੋ ਰੁਪਈਆਂ ਦਾ ਤਾਂ ਕੱਚਾ ਆਂਡਾ ਹੀ ਵਿਕੀ ਜਾਂਦੈ। ਇਹਨੂੰ ਕੀ ਬਚਦਾ ਹੋਊ?
ਇਕ ਸ਼ਾਮ ਮੈਂ ਸੈਰ ਲਈ ਕਚਹਿਰੀਆਂ ਮੂਹਰਦੀ ਲੰਘਿਆ ਤਾਂ ਵੇਖਿਆ ਉਸਦੀ ਰੇੜੀ ਕੰਧ ਨਾਲ ਟੇਢੀ ਹੋਈ ਪਈ ਸੀ। ਟੁੱਟੇ ਹੋਏ ਆਂਡੇ ਖਿੱਲਰੇ ਪਏ ਸਨ ਜਿਨ੍ਹਾਂ ਤੇ ਮੱਖੀਆਂ ਭਿੰਨਭਿੰਨ ਕਰ ਰਹੀਆਂ ਸਨ। ਆਪ ਉਹ ਕਿਧਰੇ ਨਜ਼ਰ ਨਹੀਂ ਆਇਆ।
ਇੱਕ ਰਿਕਸ਼ੇ ਵਾਲੇ ਤੋਂ ਪੁੱਛਿਆ ਤਾਂ ਉਸਨੇ ਦੱਸਿਆ, “ਰਾਤ ਨੇਰੇ ਹੋਏ ਬੰਦੇ ਆਏ ਤੇ ਰੇ ਹੜੀ ਭੰਨ ਗਏ, ਨਾਲੇ ਸਾਰੇ ਆਂਡੇ। ਉਹਦੇ ਸਿਰ ‘ਚ ਪਿੱਛੋਂ ਦੀ ਡਾਂਗ ਮਾਰੀ। ਉਹ ਤਾਂ ਹਸਪਤਾਲ ‘ਚ ਦਾਖਲ ਐ। ਆਹ ਢਾਬੇ ਵਾਲਿਆਂ ਦੀ ਬੇੜੀ `ਚ ਵੱਟੇ ਪਏ ਜਾਪਦੇ ਐ।”
ਉਸਨੇ ਢਾਬਿਆਂ ਵੱਲ ਕੈਰੀ ਅੱਖ ਨਾਲ ਵੇਖਦਿਆਂ ਜ਼ੋਰ ਦੀ ਜਰਦੇ ਦੀ ਪਿਚਕਾਰੀ ਮਾਰੀ।
ਰੇਲਵੇ ਸਟੇਸ਼ਨ ਦੇ ਪਲੇਟ-ਫਾਰਮ ਦੇ ਇੱਕ ਬੈਂਚ ਤੇ ਬੈਠੇ ਤਿੰਨ ਨੌਜਵਾਨ ਗੱਡੀ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣਿਓਂ ਇੱਕ ਅਜੀਬ ਕਿਸਮ ਦਾ ਵਿਅਕਤੀ ਲੰਘਿਆ। ਜਿਸ ਦਾ ਪਹਿਰਾਵਾ ਧਾਰਮਿਕ ਸੀ। ਉਸ ਦਾ ਉੱਚਾ ਲੰਮਾ ਕੱਦ, ਮੋਟਾ ਡਾਹਢਾ ਸਰੀਰ, ਸਰੀਰ ਉਪਰ ਵੱਡਾ ਉੱਚਾ ਪੱਗੜ, ਪੱਗੜ ਉਪਰ ਲੋਹੇ ਦੇ ਚੱਕ, ਲੋਹੇ ਦੀਆਂ ਜੰਜੀਰਾਂ, ਪਾਈਆਂ ਹੋਈਆਂ ਸਨ। ਗਲ ਵਿਚ ਅਨੇਕਾਂ ਲੋਹੇ ਦੇ ਅਸਤਰ ਸ਼ਸ਼ਤਰ, ਹੱਥਾਂ ਵਿਚ ਦੋ ਤਲਵਾਰਾਂ, ਇੱਕ ਛੋਟੀ ਤੇ ਇੱਕ ਵੱਡੀ। ਪਿੱਠ ਪਿੱਛੇ ਲੋਹੇ ਦੀ ਢਾਲ ਪਿੰਜਣੀਆਂ ਉਪਰ ਪਟੇ ਚਾੜ੍ਹ ਰੱਖੇ ਸਨ। ਇੱਕ ਹੱਥ ਪਾਣੀ ਪੀਣ ਲਈ ਲੋਹੇ ਦਾ ਗਢਵਾ, ਗਲ ਵਿਚ ਲੋਹੇ ਦੇ ਮਣਕਿਆਂ ਵਾਲੀਆਂ ਅਨੇਕਾਂ ਮਾਲਾਵਾਂ, ਅੱਖਾਂ ਉਪਰ ਕਾਲੀਆਂ ਐਨਕਾਂ, ਫੌਜੀਆਂ ਵਾਂਗ ਪਰੇਡ ਕਰਦਾ ਉਹ ਜਾ ਰਿਹਾ ਸੀ।
ਤਿੰਨਾਂ ਵਿੱਚੋਂ ਇੱਕ ਨੌਜਵਾਨ ਨੇ ਸਵਾਲੀਆ ਲਹਿਜੇ ਵਿੱਚ ਪੁੱਛਿਆ, “ਇਸ ਵਿਅਕਤੀ ਸਬੰਧੀ ਤੁਹਾਡੀ ਕੀ ਰਾਏ ਹੈ?
ਇਹ ਤਾਂ ਧਾਰਮਿਕ ਵਿਅਕਤੀ ਹੈ। ਆਪਣੇ ਇਸ਼ਟ ਵਿੱਚ ਪੱਕਾ, ਰੱਬ ਦਾ ਪੁਜਾਰੀ, ਦਿੜ ਸੰਕਲਪੀ. ਸਾਧ ਬਿਰਤੀ ਵਾਲਾ, ਫੱਕਰ, ਨਿਰਪੱਖ, ਨਿਰਲੇਪ, ਸਾਦਾ ਗਰੀਬ, ਆਪਣੀ ਧੁਨ ਵਿਚ ਪੱਕਾ ਮਹਾਂ ਯਾਤਰੀ। ਇੱਕ ਨੋਜਵਾਨ ਦਾ ਉੱਤਰ ਸੀ।
ਪਰ ਪਰ ਮੇਰਾ ਖ਼ਿਆਲ ਹੈ ਦੂਜਾ ਨੌਜਵਾਨ ਬੋਲਿਆ, ਅਜਿਹੇ ਵਿਅਕਤੀ ਕੰਮ-ਚੋਰ, ਵਿਹਲੇ ਰਹਿਕੇ ਖਾਣ ਵਾਲੇ ਪਲਾਇਣਵਾਦੀ ਹੁੰਦੇ ਹਨ। ਰੱਬ ਦੀਆਂ ਦਿੱਤੀਆਂ ਖਾਣ ਵਾਲੇ, ਵਿਹਲੀ, ਭਰਮੀ, ਨਸ਼ੀਲੇ ਪਦਾਰਥਾਂ ਦੇ ਸ਼ੌਕੀਣ, ਜਿਹੜੇ ਧਾਰਮਿਕ ਪਹਿਰਾਵੇ ਸਦਕੇ ਆਪਣਾ ਹਲਵਾ ਮੰਡਾ ਚਲਾਉਂਦੇ ਹਨ। ਅਜਿਹੇ ਵਿਅਕਤੀ, ਧਰਤੀ ਤੇ ਭਾਰ ਹਨ। ਜਿੰਨ੍ਹਾਂ ਨੇ ਕਦੇ ਨਾ ਸਮਾਜ ਦਾ ਨਾ ਦੇਸ਼ ਕੌਮ ਦਾ ਭਲਾ ਕੀਤਾ ਹੁੰਦਾ ਹੈ।?
ਤੀਜਾ ਵਿਅਕਤੀ ਜੋ ਅਜੇ ਤੱਕ ਚੁੱਪ ਸੀ, ਮੁਸਕਰਾ ਕੇ ਕਹਿਣ ਲੱਗਾ, ਦੋਸਤੋ ਮੈਨੂੰ ਤਾਂ ਇੰਝ ਲੱਗਦੈ, ਅਜਿਹੇ ਬੰਦਿਆਂ ਨੂੰ ਧਰਮ ਰਾਜ ਨੇ ਸਜ਼ਾ ਦਿੱਤੀ ਹੋਈ ਹੈ। ਜਿੰਨ੍ਹਾਂ ਨੇ ਆਪਣੇ ਪਿਛਲੇ ਜਨਮ ਵਿਚ, ਭਰੂਣ ਹੱਤਿਆ ਕਰਵਾਈ ਸੀ ਖੇਤਾਂ ਵਿੱਚੋਂ ਹਰੇ ਦਰਖਤ ਕਟਵਾਏ ਸਨ, ਪਿੰਡਾਂ ਦੇ ਟੋਭੇ ਬੰਦ ਕਰਵਾਏ, ਉਨ੍ਹਾਂ ਨੂੰ ਇਸ ਜਨਮ ਵਿਚ ਹਰ ਸਮੇਂ ਪੰਜ ਕਿੱਲੋ ਸਿਰ ਤੇ , ਦਸ ਕਿੱਲੋ ਪਿੱਠ ਤੇ ਸੱਤ ਕਿੱਲੋ ਹੱਥਾਂ ਵਿਚ ਅਤੇ ਲੱਕ ਦੁਆਲੇ ਚਾਰ ਕਿੱਲੋ ਭਾਰ ਉਠਾਈ ਰੱਖਣਗੇ। ਇਹੋ ਸਜ਼ਾ ਦਾ ਇਹ ਹੁਣ ਭੁਗਤਾਣ ਕਰ ਰਹੇ ਹਨ।
ਤਿੰਨਾਂ ਵਿੱਚੋਂ ਕੌਣ ਸਹੀ ਸੀ। ਸਮਝਣਾ ਮੁਸ਼ਕਲ ਸੀ। ਇਹ ਇੰਨ੍ਹਾਂ ਦੀ ਆਪਣੀ ਆਪਣੀ ਰਾਏ ਸੀ।
ਅੱਜ ਫ਼ੌਜੀ ਮੇਜਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਸੀ। ਘਰ ਦੇ ਇਕ ਕਮਰੇ ਵਿਚ ਭੋਗ ਦੇ ਸ਼ਲੋਕ ਉਚਾਰੇ ਜਾ ਰਹੇ ਸਨ ਦੂਜੇ ਕਮਰੇ ਵਿਚ ਸੁਰਜੀਤ ਕੌਰ ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਆਪਣੇ ਦਿਉਰ ਕੁਲਦੀਪ ਸਿੰਘ ਨੂੰ ਪਤੀ ਸਵੀਕਾਰ ਕਰ ਲਵੇ।
ਸੁਰਜੀਤ ਦੀ ਸੱਸ ਨਿਹਾਲੋ ਨੇ ਇੱਕ ਸੁਲਝੀ ਹੋਈ ਔਰਤ ਵਾਂਗ ਸਮਝਾਂਦਿਆਂ ਕਿਹਾ, “ਸੁਰਜੀਤ ਤੂੰ ਚਾਰ-ਚਾਰ ਧੀਆਂ ਦੀ ਮਾਂ ਐ ਪੁੱਤ ਦੋਹਾਂ ਪਰਿਵਾਰਾਂ ਬਾਰੇ ਸੋਚੀ।”
“ਮਾਸੀ ਜੀ ਨਸ਼ਈ ਮਰਦ ਤਾਂ ਸਿਉਂਖੇ ਰੁੱਖ ਤੋਂ ਵੀ ਮਾੜਾ ਹੁੰਦੈ।” ਸੁਰਜੀਤ ਦੀ ਵੱਡੀ ਭੈਣ ਦਾ ਇਸ਼ਾਰਾ ਕੁਲਦੀਪ ਵੱਲ ਸੀ।
“ਨਾ ਧੀਏ ਕੌੜਾ ਬੋਲ ਨਾ ਬੋਲ, ਔਲਾਦ ਦਾ ਪਿਆਰ ਲੈ ਕੇ ਸ਼ੈਦ ਸ਼ਰਾਬ ਈ ਛੱਡ ਜੇ ਚੰਦਰਾ।” ਨਿਹਾਲੋ ਨੇ ਕੁਲਦੀਪ ਦਾ ਪੱਖ ਪੂਰਿਆ।
ਪਿੰਡ ਦੀ ਸਰਪੰਚਣੀ ਸੀਤੋ ਜੋ ਕਾਫੀ ਦੇਰ ਤੋਂ ਚੁੱਪ ਬੈਠੀ ਸੀ ਨੇ ਆਪਣੀ ਰਾਏ ਦਿੰਦਿਆਂ ਆਖਿਆ, ਧੀਏ ਮਰਦ ਪੱਖੀ ਸਮਾਜ ਵਿਚ ਮਰਦ ਬਿਨਾਂ ਰਹਿਣਾ ਉਨਾਂ ਹੀ ਔਖੈ ਜਿੰਨਾ ਬਿਨਾ ਹੱਥਾਂ ਦੇ ਰੋਟੀ ਖਾਣਾ।
ਕੋਲ ਬੈਠੀਆਂ ਔਰਤਾਂ ਨੇ ਆਪਣੀ ਰਾਏ ਦਿੱਤੀ, ਪਹਾੜ ਜਿੱਡੀ ਜ਼ਿੰਦਗੀ ਕਿਵੇਂ ਟੱਪੂ ਵਿਚਾਰੀ ਦੀ ਇਹ ਤਾਂ ਪਹਿਲਾਂ ਈ ਧੀਆਂ ਦੀ ਮਾਂ ਐ।
ਭੋਗ ਦੀ ਰਸਮ ਤੋਂ ਬਾਅਦ ਸੁਰਜੀਤ ਦੇ ਸਾਹਮਣੇ ਫੈਸਲੇ ਦੀ ਘੜੀ ਆਣ ਖੜੀ।
“ਹਾਂ, ਭਾਈ ਦੱਸੋ, ਕੀ ਵਿਚਾਰ ਐ?” ਸੁਰਜੀਤ ਦੇ ਸਹੁਰੇ ਹਰਦੇਵ ਸਿੰਘ ਨੇ ਕਮਰੇ `ਚ ਵੜਦਿਆਂ ਕਿਹਾ।
ਏਨੇ ਕੀ ਦਸਣੈ ਵਿਚਾਰੀ ਨੇ, ਕੁਲਦੀਪ ਨੂੰ ਬੁਲਾਓ ਤੇ ਚਾਦਰ ਪੁਆ ਦਿਓ।
ਹਰਦੇਵ ਸਿੰਘ ਦੇ ਪਿੱਛੇ ਖੜੇ ਠੇਕੇਦਾਰ ਗੁਰਮੁਖ ਸਿੰਘ ਨੇ ਜਿਵੇਂ ਫੈਸਲਾ ਹੀ ਸੁਣਾ ਦਿੱਤਾ ਹੋਵੇ।
ਜਿਵੇਂ ਤੇਰਾ ਮਨ ਮੰਨਦੈ ਉਵੇਂ ਹੀ ਕਰ ਬੇਟਾ। ਕੋਲ ਬੈਠੇ ਸੁਰਜੀਤ ਦੇ ਬੁੱਢੇ ਪਿਤਾ ਨੇ ਹੰਝੂ ਪੂੰਜਦਿਆਂ ਕਿਹਾ।
ਚਲੋ ਸਰਦਾਰ ਜੀ ਅਰਦਾਸ ਸੁਰਜੀਤ ਦੇ ਪਿਤਾ ਨੇ ਹਰਦੇਵ ਸਿੰਘ ਨੂੰ ਇਸ਼ਾਰੇ ਨਾਲ ਆਖਿਆ।
“ਚਲ ਠੀਕ ਐ ਪੁੱਤ ਸੋਚ ਸਮਝ ਕੇ ਦਸ ਦੇਵੀਂ, ਰੱਬ ਵੀ ਪਤਾ ਨੀ ਕਿਉਂ ਉਨ੍ਹਾਂ ਨੂੰ ਲੈ ਜਾਂਦੈ ਜਿੰਨਾਂ ਦੀ ਲੋੜ ਹੋਵੇ ਮੈਨੂੰ ਚੰਦਰੀ ਨੂੰ ਨਿਹਾਲੋ ਦਾ ਗਲ ਭਰ ਆਇਆ।
“ਪਰ ਮਾਂ ਜੀ ਮੈਂ ਕੱਲੀ ਫੈਸਲਾ ਕਿਵੇਂ ਲੈ ਲਵਾਂ? ਮੇਰੀਆਂ ਚਾਰੇ ਧੀਆਂ ਦਾ ਵੀ !
ਸੁਰਜੀਤ ਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਆਪਣੀਆਂ ਧੀਆਂ ਵੱਲ ਤੱਕਿਆ ਜਿਵੇਂ ਕੁੱਝ ਪੁੱਛਣਾ ਚਾਹੁੰਦੀ ਹੋਵੇ।
ਮੰਮੀ ਜੀ ਤੁਸੀਂ ਕੋਈ ਫੈਸਲਾ ਲੈ ਲਵੋ, ਅਸੀਂ ਤੁਹਾਡੇ ਨਾਲ ਹਾਂ। ਰਮਨ ਤੇ ਅਮਨ ਇਕੱਠੀਆਂ ਹੀ ਬੋਲ ਪਈਆਂ।
“ਠੀਕ ਐ ਬੱਚਿਓ ਜੇ ਤੁਸੀਂ ਚਾਰੇ ਉਂਗਲਾਂ ਬਣੋਗੀਆਂ ਤਾਂ ਮੈਂ ਅੰਗੂਠਾ ਬਣਕੇ ਮੁੱਠੀ ਦੀ ਤਾਕਤ ਪੂਰੀ ਕਰਾਂਗੀ।” ਐਨਾ ਕਹਿ ਸੁਰਜੀਤ ਨੇ ਜਿਵੇਂ ਮਨ ਹੀ ਮਨ ਫੈਸਲਾ ਕਰ ਲਿਆ ਹੋਵੇ।
ਨਵੀਂ ਆਈ ਕਲਰਕ ਕੁੜੀ ਦੀਪਾਂ ਤੇ ਹੈੱਡ ਕਲਰਕ ਅਸ਼ੋਕ ਸੀ ਵਾਸਤਵਾ ਦੇ ਆਪਸ ਵਿਚ ਘੁਲ ਮਿਲ ਜਾਣ ਦੇ ਚਰਚੇ ਸਾਰੇ ਦਫ਼ਤਰ ਵਿਚ ਸਨ।
ਨਾਜ਼ੁਕ ਤੇ ਮਾਸੂਮ ਜਿਹੀ ਵਿਖਾਈ ਦੇਂਦੀ ਦੀਪਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਬਹੁਤ ਸਾਰੇ ਮਰਦ ਕਰਮਚਾਰੀਆਂ ਨੇ ਕੀਤੀ ਪਰ ਉਹ ਕਿਸੇ ਨਾਲ ਵੀ ਖੁੱਲ੍ਹ ਕੇ ਗੱਲ ਨਾ ਕਰਦੀ। ਉਸ ਕਿਰਾਏ ਤੇ ਕਮਰਾ ਵੀ ਅਸ਼ੋਕ ਦੇ ਗੁਆਂਢ ਵਿਚ ਲਿਆ ਸੀ। ਉਹ ਅਸ਼ੋਕ ਦੇ ਸਕੂਟਰ ਦੇ ਪਿੱਛੇ ਬੈਠ ਕੇ ਦਫ਼ਤਰ ਆਉਂਦੀ ਤੇ ਉਸ ਨਾਲ ਹੀ ਵਾਪਸ ਜਾਂਦੀ। ਜਦੋਂ ਕਦੇ ਉਹ ਦੁਪਹਿਰ ਦਾ ਭੋਜਨ ਵੀ ਇਕੱਠੇ ਬਹਿ ਕੇ ਖਾ ਲੈਂਦੇ ਤਾਂ ਦਫ਼ਤਰ ਦੇ ਹੋਰ ਨੌਜਵਾਨ ਕਰਮਚਾਰੀ ਈਰਖਾ ਨਾਲ ਭੱਜ ਜਾਂਦੇ।
ਅਸ਼ੋਕ ਵਿਚ ਆਈ ਤਬਦੀਲੀ ਤੇ ਸਾਰੇ ਹੈਰਾਨ ਸਨ। ਹਮੇਸ਼ਾ ਹੀ ਆਪਣੇ ਕੰਮ ਨਾਲ ਕੰਮ ਰੱਖਣ ਵਾਲੇ ਅਸ਼ੋਕ ਨੇ ਦਫ਼ਤਰ ਵਿਚ ਕੰਮ ਕਰਦੀ ਕਿਸੇ ਹੋਰ ਕੁੜੀ ਵੱਲ ਕਦੇ ਅੱਖ ਭਰ ਕੇ ਵੀ ਨਹੀਂ ਸੀ ਵੇਖਿਆ, ਪਰ ਆਪਣੇ ਤੋਂ ਕਿਤੇ ਛੋਟੀ ਉਮਰ ਦੀ ਦੀਪਾਂ ਨਾਲ ਉਹ ਬਿਲਕੁਲ ਇਕ ਮਿਕ ਹੋਇਆ ਵਿਖਾਈ ਦੇਂਦਾ ਸੀ।
“ਕਦੇ ਸਾਨੂੰ ਵੀ ਅਸ਼ੋਕ ਸਮਝ ਕੇ ਚਾਹ ਦੀ ਪਿਆਲੀ ਸਾਂਝੀ ਕਰ ਲਿਆ ਕਰੋ- ਅਸੀਂ ਵੀ ਇਸੇ ਦਫ਼ਤਰ ਵਿਚ ਕੰਮ ਕਰਦੇ ਹਾਂ….ਕੀ ਫ਼ਰਕ ਏ ਸਾਡੇ ਤੇ ਅਸ਼ੋਕ ਵਿੱਚ।’’ ਕੁੜੀਆਂ ਦਾ ਸ਼ਿਕਾਰੀ ਕਹਾਉਣ ਵਾਲੇ ਸਟੈਨੋ ਕੁਲਦੀਪ ਨੇ ਚਾਹ ਦੀ ਪਿਆਲੀ ਬਦੋ ਬਦੀ ਦੀਪਾਂ ਦੇ ਹੱਥ ਵਿਚ ਪਕੜਾਉਂਦਿਆਂ ਕਿਹਾ ਸੀ।
“ਫਰਕ ਤਾਂ ਬਹੁਤ ਹੈ ਮਿਸਟਰ ਕੁਲਦੀਪ! ਬਿਗਾਨੀ ਕੁੜੀ ਨੂੰ ਚਾਹ ਦਾ ਕੱਪ ਪੇਸ਼ ਕਰਨ ਵਾਲੇ ਤਾਂ ਤੁਹਾਡੇ ਵਰਗੇ ਬਹੁਤ ਨੇ ਪਰ ਉਸਨੂੰ ਛੋਟੀ ਭੈਣ ਦਾ ਦਰਜ਼ਾ ਅਸ਼ੋਕ ਵਰਗਾ ਕੋਈ ਭਲਾ ਮਨੁੱਖ ਹੀ ਦੇ ਸਕਦਾ ਹੈ।”
ਕੁਲਦੀਪ ਦੇ ਕੰਬਦੇ ਹੱਥਾਂ ਵਿਚੋਂ ਚਾਹ ਦਾ ਕੱਪ ਡਿਗਣੋਂ ਮਸਾਂ ਹੀ ਬਚਿਆ।
ਧਾਗਾ
ਉਸ ਧਾਰਮਿਕ ਸਥਾਨ ਤੇ ਮੱਥਾ ਟੇਕਣ ਮਗਰੋਂ, ਉਹ ਵੀ ਪਰਕਰਮਾ ਪੂਰੀ ਕਰਦੀ ਪਈ ਸੀ ਕਿ ਉਸ ਧਾਰਮਿਕ ਥਾਂ ਦੇ ਪਿਛਵਾੜੇ ਇਕ ਦਰੱਖਤ ਦੀਆਂ ਨੀਵੀਆਂ ਟਾਹਣੀਆਂ ਤੇ ਕੁਝ ਔਰਤਾਂ ਨੂੰ ਧਾਗੇ ਬੰਦੇ ਵੇਖ ਉਸ ਨੇ ਪੁਜਾਰੀ ਨੂੰ ਪੁੱਛਿਆ, “ਇਹ ਧਾਗੇ ਬੰਨ੍ਹਣ ਨਾਲ ਕੀ ਹੁੰਦੈ?”
“ਕੋਈ ਮੰਨਤ ਮੰਨ ਕੇ ਇੱਥੇ ਧਾਗਾ ਬੰਨ੍ਹ ਦਿਓ ਤਾਂ ਇਸ ਥਾਂ ਦੀ ਸ਼ਕਤੀ ਨਾਲ ਮੰਨਤ ਜਰੂਰ ਪੂਰੀ ਹੁੰਦੀ ਹੈ। ਮੰਨਤ ਪੂਰੀ ਹੋਣ ਤੇ ਇੱਥੇ ਆ ਕੇ ਧਾਗਾ ਖੋਲ ਦੇਈਦਾ ਹੈ।”
“ਪਰ ਸਾਨੂੰ ਆਪਣੇ ਧਾਗੇ ਦੀ ਪਛਾਣ ਕਿਵੇਂ ਹੋਵੇਗੀ, ਰੋਜ਼ ਬੱਝਦੇ ਇੰਨੇ ਧਾਗਿਆਂ ‘ਚੋਂ।”
‘ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਜਿਹੜਾ ਮਰਜ਼ੀ ਖੋਲ੍ਹ ਦਿਓ। ਮਤਲਬ ਤਾਂ ਇੱਥੇ ਹਾਜ਼ਰੀ ਲਵਾਉਣ ਨਾਲ ਐ।’
“ਅੱਛਾ, ਇਹ ਸਾਰੇ ਧਾਗੇ ਅੱਜ ਹੀ ਬੰਨੇ ਨੇ ਲੋਕਾਂ ਨੇ??? ਉਸ ਨੇ ਉਸ ਸਥਾਨ ਤੇ ਜੁੜੀ ਸ਼ਰਧਾਲੂਆਂ ਦੀ ਭੀੜ ਵੱਲ ਤੇ ਧਾਗਿਆਂ ਨਾਲ ਭਰੀਆਂ ਟਾਹਣੀਆਂ ਵੇਖਦਿਆਂ ਪੁੱਛਿਆ।
ਨਹੀਂ…..ਨਹੀਂ….ਅੱਜ ਹੀ ਨਹੀਂ… ਕਈ ਸਾਲਾਂ ਤੋਂ…।”
“ਠੀਕ ਹੈ’’ ਕਹਿ ਕੇ ਉਸ ਨੇ ਹੱਥਲਾ ਧਾਗਾ ਆਪਣੀ ਵੀਣੀ ਤੇ ਵਲੇਟਿਆ। ਫਿਰ ਪੁਜਾਰੀ ਤੇ ਗੁੱਝਾ ਜਿਹੀ ਮੁਸਕਰਾਹਟ ਛੱਡਦੀ ਉਹ ਧਾਰਮਿਕ ਸਥਾਨ ਦੀਆਂ ਪੌੜੀਆਂ ਉੱਤਰ ਆਈ।
ਧਰਮੀ ਆਪਣੇ ਮਜ਼ਦੂਰ ਪਤੀ ਦੀ ਉਡੀਕ ਕਰ ਰਹੀ ਸੀ ਤਾਂ ਜੋ ਉਹ ਅੱਜ ਦੀ ਮਜ਼ਦੂਰੀ ਵਿਚੋਂ ਆਟਾ ਲੈ ਆਵੇ ਅਤੇ ਬੱਚਿਆਂ ਦੇ ਭੁੱਖੇ ਪੇਟ ਵਿੱਚ ਕੁਝ ਪਾ ਸਕੇ।
ਉਸਦੀ ਵੱਡੀ ਨਨਾਣ ਕੱਲ ਸੌਹਰੀ ਤਾਂ ਚਲੀ ਗਈ ਸੀ। ਪਰ ਉਸਦਾ ਜਾਣਾ ਕਈ ਦਿਹਾੜੀਆਂ ਦੀ ਰਕਮ ਉੱਤੇ ਹੁੰਝਾ ਫੇਰ ਗਿਆ ਸੀ। ਅੱਜ ਕਿਸੇ ਵੀ ਘਰ ਤੋਂ ਉਧਾਰਾ ਆਟਾ ਨਹੀਂ ਮਿਲਿਆ ਸੀ। ਸਭ ਘਰ ਉਨ੍ਹਾਂ ਵਰਗੇ ਹੀ ਹਨ, ਰੋਜ਼ ਆਟਾ ਕੌਣ ਦੇ ਸਕਦਾ ਏ।
ਅੱਜ ਤੂੰ ਰਸੋਈ ਦਾ ਸਾਮਾਨ ਫਿਰ ਨਹੀਂ ਲਿਆਂਦਾ? ਧਰਮੀ ਪਤੀ ਦੇ ਗਲ ਹੀ ਤਾਂ ਪੈ ਗਈ ਸੀ।
ਅੱਜ ਤਾਂ ਮਈ ਦਿਨ ਸੀ। ਸਾਰੇ ਮਜ਼ਦੂਰਾਂ ਦਾ ਸਾਂਝਾ ਦਿਨ। ਅੱਜ ਕਿਸੇ । ਦਿਹਾੜੀ ਨਹੀਂ ਲਾਈ। ਸਾਰਾ ਦਿਨ ਰੈਲੀਆਂ ਹੁੰਦੀਆਂ ਰਹੀਆਂ, ਭਾਸ਼ਨ ਚੱਲਦੇ ਰਹੇ ਅਤੇ ਅਮੀਰਾਂ ਦੇ ਕੰਨ ਖੋਲਣ ਲਈ ਨਾਹਰੇ ਲੱਗਦੇ ਰਹੇ ਉਹ ਸ਼ਾਇਦ ਕੁਝ ਹੋਰ ਵੀ ਅੱਗੇ ਬੋਲਦਾ ਜਾਂਦਾ ਪਰ ਧਰਮੀ ਦੀ ਘੁਰਕੀ ਨੇ ਉਸ ਨੂੰ ਚੁੱਪ ਕਰਾ ਦਿੱਤਾ ਸੀ।
ਬੱਚਿਆਂ ਦੇ ਭੁੱਖੇ ਪੇਟਾਂ ਵਿੱਚ ਭਾਸ਼ਨ ਪਾ ਦੇ, ਜਾ ਫਿਰ ਉਨ੍ਹਾਂ ਨੂੰ ਨਾਹਰੇ ਖਵਾਦੇ, ਤੂੰ ਵੀ ਅੱਜ ਰੈਲੀਆਂ ਖਾਕੇ ਸੌ ਜਾਵੀਂ।
ਉਹ ਉੱਠ ਕੇ ਬਾਹਰ ਵੱਲ ਟੁਰ ਪਿਆ। “ਅੱਜ ਤਾਂ ਕੁਝ ਕਰਨਾ ਹੀ ਪਉ।” ਉਹ ਸੋਚਦਾ ਜਾ ਰਿਹਾ ਸੀ।
ਐਤਵਾਰ ਦਾ ਦਿਨ ਸੀ। ਮੈਂ ਕੇਸੀ ਇਸ਼ਨਾਨ ਕਰਕੇ ਧੁਪੇ ਕੁਰਸੀ ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸਾਂ। ਸਾਡੀ ਬਰਤਨ ਸਾਫ ਕਰਨ ਵਾਲੀ ਧਿਆਨੋ ਸਫ਼ਾਈ ਕਰਦੀ-ਕਰਦੀ ਬੋਲੀ ਜਾਂਦੀ ਸੀ। ਮੈਂ ਕੀ ਕਰਾਂ, ਕਿੱਥੇ ਜਾਵਾਂ ਮੈਂ ਸਾਰਾ ਦਿਨ ਕੋਠੀਆਂ ਵਿੱਚ ਕੰਮ ਕਰਕੇ ਬੱਚੇ ਪਾਲਾਂ ਅਤੇ ਉਹ ਸ਼ਾਮ ਨੂੰ ਜੋ ਕਮਾਏ, ਉਸ ਦੀ ਸ਼ਰਾਬ ਪੀ ਲਵੇ। ਉਸ ਨੂੰ ਘਰ ਦੇ ਰਾਸ਼ਨ ਦਾ ਕੋਈ ਫ਼ਿਕਰ-ਫਾਕਾ ਨਹੀਂ। ਬੱਚਿਆਂ ਦੀ ਪੜ੍ਹਾਈ ਦਾ ਕੋਈ ਖਿਆਲ ਨਹੀਂ। ਉਸਨੂੰ ਸਿਰਫ਼ ਸ਼ਰਾਬ ਦਾ ਪਤਾ ਹੈ। ਹਰ ਰੋਜ਼ ਸ਼ਾਮ ਨੂੰ ਉਹ ਪੀ ਕੇ ਆਉਂਦਾ ਹੈ ਅਤੇ ਗਾਲਾਂ ਕੱਢਣ ਲੱਗ ਜਾਂਦਾ ਹੈ। ਮੈਂ ਕਰਾਂ ਤਾਂ ਕੀ ਕਰਾਂ। ਜਦੋਂ ਉਹ ਬੋਲ ਹਟੀ ਤਾਂ ਮੈਂ ਆਖਿਆ “ਧਿਆਨੋ ਤੂੰ ਅਜਿਹੇ ਪਤੀ ਨੂੰ ਬਰਦਾਸ਼ਤ ਕਿਉਂ ਕਰਦੀ ਏ। ਜਦੋਂ ਕਿ ਉਸਨੂੰ ਤੇਰਾ ਅਤੇ ਬੱਚਿਆਂ ਦਾ ਕੋਈ ਧਿਆਨ ਨਹੀਂ, ਤੂੰ ਤਲਾਕ ਹੀ ਦੇ ਛੱਡ ਉਸ ਨੂੰ।’ ਮੇਰੀ ਗੱਲ ਸੁਣ ਕੇ ਉਹ ਇਕਦੱਮ ਭੜਕ ਪਈ ‘ਤਲਾਕ ਦੇ ਦਿਆਂ ਤੁਸੀਂ ਆਂਟੀ ਨੂੰ ਤਲਾਕ ਕਿਉਂ ਨਹੀਂ ਦੇ ਦਿੰਦੇ। ਮੈਨੂੰ ਸਲਾਹ ਦੇ ਰਹੇ ਹੋ, ਮੈਂ ਕਿਉਂ ਦਿਆਂ ਤਲਾਕ ਉਸ ਨੂੰ, ਉਹ ਤਾਂ ਮੇਰੇ ਸਿਰ ਦਾ ਸਾਂਈ ਹੈ। ਤਲਾਕ ਦੇ ਕੇ ਮੈਂ ਸ਼ਾਮਲਾਟ ਜ਼ਮੀਨ ਬਣ ਜਾਵਾਂ?
ਅਮਾਨਤ ਬਹੁਤ ਖੁਸ਼ ਸੀ ਕਿਉਂਕਿ ਉਸਦੇ ਪਤੀ ਨੇ ਅੱਜ ਵਿਦੇਸ਼ੀ ਯਾਤਰਾ ਤੋਂ ਵਾਪਸ ਘਰ ਆਉਣਾ ਸੀ। ਰਾਤ ਦਾ ਖਾਣਾ ਵੀ ਉਹ ਚੰਗੀ ਤਰ੍ਹਾਂ ਨਹੀਂ ਸੀ ਖਾ ਸਕੀ। ਪਤੀ ਦੇ ਆਉਣ ਦੀ ਤਾਂਘ ਵਿਚ ਉਸਦੀ ਭੁੱਖ ਕਿਧਰੇ ਗੁਆਚ ਗਈ ਸੀ। ਦੇਰ ਰਾਤ ਤੱਕ ਬਿਸਤਰ ਤੇ ਪਈ ਉਹ ਪਾਸੇ ਪਲਟਦੀ ਰਹੀ ਪਰ ਨੀਂਦ ਨਹੀਂ ਸੀ ਆ ਰਹੀ। ਉਸਨੇ ਅੱਖਾਂ ਬੰਦ ਕਰਕੇ ਸੌਣ ਦਾ ਯਤਨ ਕੀਤਾ। ਉਸਦੀਆਂ ਅੱਖਾਂ ਅੱਗੇ ਤਾਂ ਪਤੀ ਦੀ ਤਸਵੀਰ ਹੀ ਘੁੰਮਦੀ ਰਹੀ ਸੀ।
‘ਅਮੀ! ਆਹ ਸਾਰਾ ਬੈਗ ਤੇਰੇ ਲਈ ਤੋਹਫਿਆਂ ਦਾ ਹੈ।’
ਨਵਜੋਤ ਨੇ ਬੈਗ ਉਸਨੂੰ ਫੜਾਉਂਦਿਆਂ ਕਿਹਾ।
ਅਮਾਨਤ ਨੇ ਝੱਟ ਬੈਗ ਖੋਹਲਕੇ ਦੇਖਣਾ ਸ਼ੁਰੂ ਕਰ ਦਿੱਤਾ। ਵਧੀਆ ਤੇ ਮਹਿੰਗੇ ਕੱਪੜੇ , ਕਰੀਮਾਂ, ਲਿਪਸਟਕਾਂ, ਅਤਰ ਵਗੈਰਾ ਦਾ ਢੇਰ ਲੱਗ ਗਿਆ/ਧੁੱਪ ਦੀਆਂ ਐਨਕਾਂ ਦੇਖ ਤਾਂ ਉਹ ਫੁੱਲੀ ਨਹੀਂ ਸੀ ਸਮਾਉਂਦੀ। ਬੜੀ ਦੇਰ ਤੋਂ ਉਸਦੀ ਤਾਂਘ ਸੀ ਵਧੀਆ ਐਨਕਾਂ ਲੈਣ ਦੀ।
‘ਹਾਇ! ਆਹ ਬੈਗ ਤਾਂ ਮੇਰੀ ਜਾਨ ਹੈ।’
ਸੁੰਦਰ ਤੇ ਮਹਿੰਗਾ ਵੱਡਾ ਪਰਸ ਦੇਖ ਤਾਂ ਉਹ ਬੈਂਡ ਤੇ ਉੱਛਲ ਹੀ ਪਈ।
‘ਤੁਹਾਨੂੰ ਮੇਰਾ ਕਿੰਨਾ ਖਿਆਲ ਹੈ। ਸੱਚੀਂ, ਤੁਸੀਂ ਮੈਨੂੰ ਏਨਾ ਪਿਆਰ ਕਰਦੇ ਹੋ?’ ਕਹਿੰਦਿਆਂ ਉਸਨੇ ਨਵਜੋਤ ਨੂੰ ਗਲਵਕੜੀ ਪਾ ਲਈ।
‘ਟਰ……ਟਰ…….ਟਰ……।
ਜੋਰ ਨਾਲ ਘੰਟੀ ਵਜੀ ਤੇ ਉਹ ਭਕ ਗਈ। ਉਸਦਾ ਮਨਮੋਹਨਾ ਸੁਪਨਾ ਅੱਧਵਾਟਿਓ ਟੁੱਟ ਗਿਆ।
ਨਵਜੋਤ ਘਰ ਆ ਗਿਆ ਸੀ।
ਅਮੀ! ਚਾਹ ਬਣਾ। ਚਾਹ ਪੀਕੇ ਨਹਾਵਾਂਗਾ ਤੇ ਫਿਰ ਗੱਲਾਂ ਕਰਾਂਗੇ।
ਅਮਾਨਤ ਚਾਹ ਬਣਾ ਲਿਆਈ ਤੇ ਨਵਜੋਤ ਮੂੰਹ ਹੱਥ ਧੋ ਕੇ ਸੋਫੇ ਤੇ ਬੈਠ ਗਿਆ। ਅਟੈਚੀ ਖੋਲ੍ਹ ਕੇ ਨਿੱਕ ਸੁੱਕ ਕੱਢਣ ਲੱਗਾ।
‘ਆਹ ਘੜੀ, ਜੀਨ, ਟੌਪ ਤੇ ਸੈਂਡਲ ਧੀ ਲਈ ਨੇ।
ਨਵਜੋਤ ਨੇ ਦੱਸਿਆ।
ਅਮਾਨਤ ਨੇ ਓਪਰੀ ਜਿਹੀ ਨਜ਼ਰ ਨਾਲ ਦੇਖਿਆ ਤੇ ਸਾਰੀਆਂ ਚੀਜਾਂ ਇਕ ਪਾਸੇ ਰੱਖ ਦਿੱਤੀਆਂ।
‘ਇਹ ਦੋ ਕੁ ਚੀਜਾਂ ਭੈਣ ਲਈ ਲੈ ਲਈਆਂ ਸਨ। ਇਕ ਕਮੀਜ ਜੀਜੇ ਲਈ ਤੇ ਦੋ ਚਾਰ ਖਿਡਾਉਣੇ, ਭਾਣਜੇ ਲਈ ਨੇ। ਮੈਂ ਅਪਣੇ ਲਈ ਤਾਂ ਕੁੱਝ ਨਹੀਂ ਲਿਆ। ਹਰ ਚੀਜ਼ ਤਾਂ ਇਥੇ ਮਿਲ ਜਾਂਦੀ ਹੈ। ਫਿਰ ਐਵੇਂ ਭਾਰ ਚੁੱਕਣ ਦਾ ਕੀ ਫਾਇਦਾ? ਐਹ ਸਭ ਤੋਹਫੇ ਨੇ। ਇਹ ਗਰਮ ਸੂਟ ਮੈਨੂੰ ਸਰੀ ਵਾਲੀ ਭੂਆ ਨੇ ਲੈ ਕੇ ਦਿੱਤਾ। ਬਾਕੀ ਚੀਜਾਂ ਦੋਸਤਾਂ ਵਲੋਂ ਦਿੱਤੇ ਗਏ ਗਿਫਟ ਨੇ।
ਨਵਜੋਤ ਨੇ ਦੋਸਤਾਂ ਵਲੋਂ ਮਿਲੇ ਤੋਹਫਿਆਂ ਦਾ ਢੇਰ ਲਗਾ ਦਿੱਤਾ।
ਅਟੈਚੀ ਕਰੀਬ ਖਾਲੀ ਹੋ ਚੁੱਕਾ ਸੀ। ਅਮਾਨਤ ਨੂੰ ਆਸ ਸੀ ਕਿ ਅਖੀਰ ‘ਚ ਜ਼ਰੂਰ ਮੇਰੇ ਲਈ ਲਿਆਂਦਾ ਤੋਹਫਾ ਦੇਵੇਗਾ। ਕੰਮ ਵਾਲੀ ਮਹਿਮਾਨ ਕਮਰੇ ‘ਚ ਆ ਗਈ। ਬਾਹਰੋਂ ਆਈਆਂ ਚੀਜਾਂ ਨੂੰ ਦੇਖਣ ਦਾ ਮਨ ਉਸ ਨੂੰ ਮੱਲੋ ਮੱਲੀ ਇਧਰ ਲੈ ਆਇਆ ਸੀ। ਪੈਰ ਜਿਹੇ ਮਲਦੀ ਉਹ ਦੂਸਰੇ ਕਮਰੇ ਵਿਚ ਚਲੀ ਗਈ।
ਇਹ ਸੁਟ ਭੂਆ ਦੀ ਬੇਟੀ ਨੇ ਉਂਝ ਹੀ ਅਟੈਚੀ ਵਿਚ ਰੱਖ ਦਿੱਤਾ ਸੀ। ਕਹਿੰਦੀ ਸੀ ਮੈਂ ਤਾਂ ਇਸਨੂੰ ਪਾਉਂਦੀ ਨਹੀਂ, ਕਿਸੇ ਨੂੰ ਦੇ ਦੇਣਾ। ਇਹ ਕੰਮ ਵਾਲੀ ਨੂੰ ਦੇ ਦਿੰਦੇ ਹਾਂ।
ਤੇ ਹੁਣ ਅਟੈਚੀ ਬਿਲਕੁਲ ਖਾਲੀ ਸੀ। ਅਮਾਨਤ ਡਡਿਆਈਆਂ ਅੱਖਾਂ ਨਾਲ ਇਧਰ ਉਧਰ ਦੇਖ ਰਹੀ ਸੀ। ਉਹ ਮਹਿਸੂਸ ਕਰ ਰਹੀ ਸੀ ਕਿ ਇਸ ਘਰ ਵਿਚ ਉਸਦੀ ਹੈਸੀਅਤ ਤਾਂ ਇਕ ਨੌਕਰਾਣੀ ਜਿੰਨੀ ਵੀ ਨਹੀਂ।”
“ਵਾਪਸੀ ਵੇਲੇ ਮੇਰੇ ਕੋਲ ਕਾਫੀ ਪੈਸੇ ਬਚ ਗਏ ਸਨ ਤੇ ਮੈਂ ਉਨ੍ਹਾਂ ਦਾ ਸੋਨਾ ਖਰੀਦ ਲਿਆ।
ਨਵਜੋਤ ਨੇ ਆਪਣੇ ਹੱਥ ਵਿਚੋਂ ਸੋਨੇ ਦਾ ਮੋਟਾ ਕੜਾ ਉਤਾਰਦਿਆਂ ਕਿਹਾ।
ਅਮਾਨਤ ਦਾ ਚਿਹਰਾ ਇਕ ਦਮ ਖਿੜ ਗਿਆ। ਉਸਨੂੰ ਲੱਗਿਆ ਇਹ ਕੜਾ ਨਵਜੋਤ ਨੇ ਉਸੇ ਲਈ ਹੀ ਬਣਵਾਇਆ ਹੋਵੇਗਾ।
‘ਇਸ ਸੋਨੇ ਦਾ ਬੇਟੀ ਨੂੰ ਕੋਈ ਚੰਗਾ ਜਿਹਾ ਗਹਿਣਾ ਬਣਵਾ ਦਿਆਂਗੇ।
ਨਵਜੋਤ ਨੇ ਕੜਾ ਆਪਣੀ ਜੇਬ ਵਿਚ ਪਾਉਂਦਿਆਂ ਕਿਹਾ।
ਅਮਾਨਤ ਦਾ ਸਬਰ ਟੁੱਟ ਗਿਆ। ਉਹ ਇਕ ਦਮ ਉੱਠੀ। ਬਾਥਰੂਮ ਵਿਚ ਜਾਕੇ ਪਾਣੀ ਵਾਲੀ ਟੂਟੀ ਪੂਰੀ ਖੋਲ੍ਹ ਦਿੱਤੀ। ਉਸਦੀਆਂ ਭੁੱਬਾਂ ਪਾਣੀ ਦੇ ਸ਼ੋਰ ਵਿਚ ਸਮਾ ਗਈਆਂ।
‘ਸ਼ਿੰਦਰ! ਕੱਲ ਕਿਉਂ ਨੀ ਆਈ?’
‘ਜੀ ਕੱਲ੍ਹ ਨਾ, ਮੇਰੀ ਬੀਬੀ ਬਾਹਲੀ ਢਿੱਲੀ ਹੋ ਗੀ ਸੀ’
“ਕਿਉਂ? ਕੀ ਹੋਇਆ ਤੇਰੀ ਬੀਬੀ ਨੂੰ?’
ਜੀ ਉਹਦੀ ਨਾ ਬੱਖੀ ’ਚੋਂ ਨਾੜ ਭਰਦੀ ਐ, ਕੱਲ ਮਾਨਸਾ ਦਖਾਉਣ ਜਾਣਾ ਸੀ
‘ਦਿਖਾ ਆਏ ਫੇਰ?’
‘ਨਾ ਜੀ
‘ਕਿਉਂ?’
‘ਜੀ ਕੱਲ੍ਹ ਨਾ ਪੈਸੇ ਨੀ ਹੈਗੇ ਸੀ’
ਫੇਰ?
‘ਜੀ ਅੱਜ ਲੈ ਕੇ ਜਾਉ ਮੇਰਾ ਬਾਪੂ’
ਅੱਜ ਕਿੱਥੋਂ ਆ ਗੇ ਪੈਸੇ?
‘ਜੀ- ਸੀਰ ਆਲਿਆਂ ਦਿਓ ਲਿਆਇਐ ਧਾਰੇ’
ਪਹਿਲੀ ਜਮਾਤ ਵਿਚ ਪੜ੍ਹਦੀ ਸ਼ਿੰਦਰ ਆਪਣੇ ਅਧਿਆਪਕ ਨਾਲ ਸਿਆਣਿਆਂ ਵਾਂਝ ਗੱਲਾਂ ਕਰਦੀ ਹੈ। ਪੱਕਾ ਸਾਂਵਲਾ ਰੰਗ ਪਰ ਨੈਣ-ਨਕਸ਼ ਸੁਹਣੇ, ਆਪਣੀ ਉਮਰ ਦੇ ਬੱਚਿਆਂ ਨਾਲੋਂ ਦੋ ਤਿੰਨ ਸਾਲ ਵੱਡੀ ਤੇ ਸਮਝਦਾਰ ਆਪ ਔਖੀ ਹੋ ਕੇ ਵੀ ਮਾਂ ਨੇ ਪੜਨੇ ਪਾਈ ਹੈ ਕਿ ਧੀ ਚਾਰ ਅੱਖਰ ਉਠਾਉਣ ਜੋਗੀ ਹੋ ਜਾਵੇ।
ਅਗਲੇ ਦਿਨ ਉਹ ਘੰਟਾ ਕੁ ਲੇਟ ਆਉਂਦੀ ਹੈ।
‘ਲੇਟ ਹੋ ਗੀ ਅੱਜ?
ਜੀ, ਅੱਜ ਬੀਬੀ ਫੇਰ ਬਾਹਲੀ ਔਖੀ ਸੀ, ਰੋਟੀਆਂ ਪਕਾ ਕੇ ਆਈ ਆਂ
ਨਾਲੇ ਪਹਿਲਾਂ ਸਾਰਾ ਘਰ ਸੰਭਰਿਆ ….
ਅਧਿਆਪਕ ਕੁੜੀ ਦੇ ਮੂੰਹ ਵੱਲ ਤਕਦਾ ਹੈ।
ਤੂੰ ਰੋਟੀਆਂ ਪਕਾ ਲੈਨੀ ਐ?
ਹਾਂ ਜੀ! ਦਾਲ ਵੀ, ਮੇਰੀ ਬੀਬੀ ਪਈ-ਪਈ ਦੱਸ ਦਿੰਦੀ ਐ ਮੈਂ ਧਰ ਲੈਨੀ ਆਂ।
ਕੁੜੀ ਦੇ ਚਿਹਰੇ ਤੇ ਆਤਮ-ਵਿਸ਼ਵਾਸ ਦਾ ਜਲੌਅ ਦਿਖਾਈ ਦਿੰਦਾ ਹੈ।
ਅੱਜ ਫੇਰ ਤੇਰੀ ਬੀਬੀ ਨੇ ਤੈਨੂੰ ਘਰੇ ਰਹਿਣ ਨੂੰ ਜੀ ਆਖਿਆ?
ਅਧਿਆਪਕ ਦਾ ਜੀਅ ਕਰਦਾ ਹੈ ਕਿ ਕੁੜੀ ਨੂੰ ਛੁੱਟੀ ਦੇ ਦੇਵੇ।
ਨਾ ਜੀ ਅੱਜ ਤਾਂ ਬੀਬੀ ਬਾਪੂ ਨੂੰ ਕਹੀ ਜਾਂਦੀ ਸੀ ਜੇ ਮੈਂ ਮਰ ਵੀ ਗਈ ਤਾਂ ਸ਼ਿੰਦਰ ਨੂੰ ਪੜ੍ਹਨੋਂ ਨਾ ਹਟਾਈ !
ਜਮਾਤ ਵਿਚ ਚਾਲੀ-ਪੰਜਾਹ ਬੱਚਿਆਂ ਦੇ ਸ਼ੋਰ ਦੇ ਬਾਵਜੂਦ ਅਧਿਆਪਕ ਦੇ ਅੰਦਰ ਇੱਕ ਚੁੱਪ ਪੱਸਰ ਜਾਂਦੀ ਹੈ। ਸੁੰਨ ਜਿਹਾ ਹੋਇਆ ਉਹ ਕੁੜੀ ਦੇ ਮੂੰਹ ਵੱਲ ਵੇਖਦਾ ਹੈ। ਕਿੰਨੇ ਹੀ ਨਿੱਕੇ-ਨਿੱਕੇ ਈਸਾ ਸੂਲੀ ਤੇ ਲਟਕ ਰਹੇ ਹਨ!
“ਕੀ ਏ ਬਈ?” ਬਾਹਰ ਵੱਡੇ ਗੇਟ ਤੇ ਖੜੀ ਸੇਲਜ਼ ਗਰਲ ਨੂੰ ਮੈਂ ਰਸੋਈ ਦੀ ਜਾਲੀ ਵਾਲੀ ਖਿੜਕੀ ‘ਚੋਂ ਬਾਹਰ ਝਾਕਦਿਆਂ ਪੁੱਛਿਆ।
“ਮੈਡਮ! ਮੇਰੇ ਕੋਲ ਕੁਝ ਸਾਮਾਨ ਹੈ। ਜ਼ਰਾ ਬਾਹਰ ਆ ਕੇ ਵੇਖ ਲਓ।’’ ਮੈਨੂੰ ਆਵਾਜ਼ ਕੁਝ ਜਾਣੀ-ਪਛਾਣੀ ਜਿਹੀ ਲੱਗੀ।
ਗੈਸ ਬੰਦ ਕਰ ਮੈਂ ਝੱਟ ਬੂਹਾ ਖੋਲ ਕੇ ਬਾਹਰ ਗੇਟ ਕੋਲ ਪੁੱਜ ਗਈ।
ਹੈ! ਸ਼ੰਮੀ ਤੂੰ ਇਹ ਕੀ ? ਆਪਣੇ ਕਾਲਜ ਦੀ ਹੁਸੀਨ ਤੇ ਚੰਚਲ ਦੋਸਤ ਨੂੰ ਬਿਖ਼ਰੀ ਜਿਹੀ ਹਾਲਤ ਵਿਚ ਵੇਖ ਮੈਂ ਹੈਰਾਨ ਪ੍ਰੇਸ਼ਾਨ ਹੋ ਰਹੀ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੀ, ਮੈਂ ਉਸ ਦਾ ਹੱਥ ਫੜ ਉਸ ਨੂੰ ਅੰਦਰ ਲੈ ਆਈ।
ਰੀਨਾ! ਦੋ ਕੱਪ ਚਾਹ ਬਣਾਈ। ਆਪਣੀ ਛੋਟੀ ਨਨਾਣ ਨੂੰ ਕਹਿ ਮੈਂ ਉਸ ਨਾਲ ਸੋਫੇ ਤੇ ਹੀ ਬੈਠ ਗਈ।
ਗੱਲ ਸੁਣ! ਤੇਰਾ ਤਾਂ ਕੁਝ ਮਹੀਨੇ ਪਹਿਲਾਂ ਕਿਸੇ ਅਮੀਰ ਮੁੰਡੇ ਨਾਲ ਵਿਆਹ ਹੋ ਗਿਆ ਸੀ ਤੇ ਇਹ ਕੀ? ਮੇਰੀ ਹੈਰਾਨੀ, ਮੇਰੀ ਸਮਝ ਤੇ ਹਾਵੀ ਹੋ ਰਹੀ ਸੀ।
“ਉਹ ਧੋਖੇਬਾਜ਼ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਸੀ।’’ ਮਸਾਂ ਹੀ ਬੋਲ ਸਕੀ ਉਹ।
“ਹੈਂ ਫਿਰ ਕੀ ਹੋਇਆ?”
“ਹੋਣਾ ਕੀ ਸੀ। ਉਸ ਦੀ ਪਹਿਲੀ ਬੀਵੀ ਆਪਣੇ ਜ਼ੋਰੇ-ਹੱਕ ਨਾਲ ਲੈ ਗਈ ਉਸ ਨੂੰ ।”
“ਤੇ ਤੂੰ ਉਸ ਤੇ ਧੋਖਾ-ਦੇਹੀ ਦਾ ਕੇਸ ਕਰ ਦੇਣਾ ਸੀ।” ਮੈਂ ਆਪਣੇ ਇਨਕਲਾਬੀ ਵਿਚਾਰਾਂ ਦਾ ਇਜ਼ਹਾਰ ਕਰਦਿਆਂ ਕਿਹਾ।
‘‘ਕੇਸ?” ਇਕ ਵਿਅੰਗਾਤਮਕ ਜਿਹਾ ਹਾਸਾ ਉਸ ਦੇ ਚਿਹਰੇ ਤੇ ਖਿਲਰ ਗਿਆ।
ਉਸ ਲਈ ਪੈਸਾ ਕਿਥੋਂ ਲਿਆਉਂਦੀ? ਮਾਂ-ਬਾਪ ਦੀ ਗਰੀਬੀ ਨੇ ਹੀ ਤਾਂ ਮੇਰੇ ਅਜਿਹੇ ਨਸੀਬ ਘੜੇ ਸੀ। ਆਪਣੇ ਵਧੇ ਪੇਟ ਵੱਲ ਵੇਖਦਿਆਂ ਉਸ ਦੇ ਰੋਕ-ਰੋਕ ਰੱਖੇ ਹੰਝੂ ਉਸ ਦੀਆਂ ਪੀਲੀਆਂ ਭੂਕ ਗੱਲਾਂ ‘ਤੇ ਰੁੜ੍ਹਨ ਲਈ ਮਜ਼ਬੂਰ ਹੋ ਗਏ।
ਕਮੇਟੀ ਵਲੋਂ ਆਏ ਹਾਊਸ ਟੈਕਸ ਤੇ ਨਜ਼ਰਾਂ ਟਿਕਾਈ ਕਦੇ ਤਾਂ ਉਹ ਆਪਣੇ ਛੋਟੇ ਜਿਹੇ ਘਰ ਬਾਰੇ ਸੋਚਦਾ ਤੇ ਕਦੇ ਟੈਕਸ ਦੀ ਰਕਮ ਦੇ ਅੱਖਰਾਂ ਵੱਲ ਹੈਂਅ ਕੀ ਭੋਰਾ ਕੁ ਥਾਂ ਤੇ ਟੈਕਸ ਲਾ ਤਾ, ਲਾਉਣਾ ਈ ਆ ਤਾਂ ਵੱਡੀਆਂ ਕੋਠੀਆਂ ਵਾਲਿਆਂ ਨੂੰ ਲਾਉਣ- ਸਹੁਰੀ ਦੋਗਲੀ ਨੀਤੀ ਕਹਿੰਦੇ ਕੁਸ਼ ਆ ਕਰਦੇ ਕੁਸ਼ ਆ।
ਨੋਟਿਸ ਤੇ ਲਿਖੀ ਨਿਸਚਿਤ ਮਿਤੀ ਨੂੰ ਉਹ ਆਪਣਾ ਲਿਖਤੀ ਇਤਰਾਜ਼ ਲੈ ਕਮੇਟੀ ਦਫ਼ਤਰ ਗਿਆ। ਲੰਮੀ ਸਾਰੀ ਲਾਈਨ ਵੇਖ ਉਹਨੂੰ ਵੰਨ ਥਰਡ ਦੀ ਥਾਂ ਪੂਰੇ ਦਿਨ ਦੀ ਛੁੱਟੀ ਸਕੂਲੋਂ ਲੈਣ ਦਾ ਖਿਆਲ ਐਵੇਂ ਹੀ ਆਇਆ। ਚਲੋ ਕੰਮ ਬਣ ਜੇ ਛੁਟੀ ਦਾ ਕੀ ਏ। ਸੋਚਦੇ ਉਹਨੂੰ ਵਾਜ ਪਈ ਤਾਂ ਕਮੇਟੀ ਅਫ਼ਸਰ ਦੇ ਰੂ-ਬ-ਰੂ ਹੁੰਦੇ ਆਪਣੀ ਭਰਾਵਾਂ ਦੀ ਸਾਂਝੀ ਥਾਂ ਨੂੰ ਲੱਗੇ ਟੈਕਸ ਦੀ ਗੱਲ ਤੋਰੀ- ਸਾਂਝੀ ਥਾਂ ਜਿਸ ਵਿਚ ਉਹ ਕਈ ਸਾਲਾਂ ਤੋਂ ਰਹਿੰਦੇ ਆ ਰਹੇ ਸਨ। ਚਿਰਾਂ ਤੋਂ ਵਿਹੜਾ ਸਾਂਝਾ ਸੀ। ਕਿਸੇ ਨੇ ਲੋੜ ਹੀ ਨਹੀਂ ਸੀ ਸਮਝੀ ਵਿਚਾਲੇ ਕੰਧ ਦੀ। ਸਾਂਝੇ ਵਿਹੜੇ ਦੀ ਗੱਲ ਸੁਣਕੇ ਅਫਸਰ ਦੇ ਬੋਲ
“ਮਾਸਟਰ ਜੀ ਸਾਡੇ ਰਿਕਾਰਡ ਵਿਚ ਤਾਂ ਰਕਬਾ ਕੱਠਾ ਹੀ ਐ- ਹਾਂ ਜੇ ਵਿਚਾਲੇ ਕੰਧ ਕਰ ਲਵੋ ਤਾਂ ਰਕਬਾ ਅੱਡ ਅੱਡ ਆਊਗਾ- ਨਾਲੇ ਅਸੀਂ ਚੁਬਾਰੇ ਆਲੇ ਨੂੰ ਟੈਕਸ ਲਾਉਣਾ ਏ ਥਾਂ ਭਾਵੇਂ ਥੋੜੀ ਹੋਵੇ ਭਾਵੇਂ ਬਹੁਤੀ।”
‘‘ਪਰ ਇਹ ਨਿਆਂ ਤਾਂ ਨਹੀਂ ਨਾ ਮਾਲਕੋ ”
‘‘ਭਾਵੇਂ ਕੁਝ ਸਮਝ ਲਵੋ ਉਪਰੋਂ ਹੁਕਮ ਏਵੇਂ ਹੀ ਆਏ ਨੇ ਜਨਾਬ ”
“ਅੱਛਾ।” ਉਦਾਸੀ ਜਿਹੀ ਸੋਚ ਵਿਚ ਕੰਧਾਂ ਚੁਬਾਰਾ ਟੈਕਸ ਲੋਕ ਰਾਜ ਦੇ ਅਖੌਤੀ ਚਿਹਰੇ ਸਾਹਮਣੇ ਫਿਰਨ ਲੱਗੇ।