ਬਚਪਨ ਜੀਵਨ ਦੀ ਉਹ ਅਵਸਥਾ ਹੈ, ਜਿਸ ਵਿੱਚ ਜ਼ਿੰਦਗੀ ਦਾ ਅਧਾਰ ਹੈ, ਨੀਂਹ ਹੈ। ਨੀਂਹ ਜਿੰਨੀ ਮਜ਼ਬੂਤ ਅਤੇ ਡੂੰਘੀ ਰੱਖੋਗੇ, ਇਮਾਰਤ ਦੀ ਮਿਆਦ ਉਨੀਂ ਵੱਧ ਜਾਵੇਗੀ। ਬੱਚੇ ਨੂੰ ਬਚਪਨ ਵਿੱਚ ਜਿਵੇਂ ਦਾ ਮਾਹੌਲ ਸਿਰਜ ਕੇ ਦੇਵੋਂਗੇ, ਜਿਵੇਂ ਦੇ ਸੰਸਕਾਰ ਦੇਵੋਗੇ ਉਵੇਂ ਦਾ ਹੀ ਨਾਗਰਿਕ ਭਵਿੱਖ ਵਿੱਚ ਉਹ ਬਣੇਗਾ। ਮੰਨਿਆ ਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ, ਇਹ ਵੀ ਮੰਨਿਆ ਕਿ ਹਰ ਇੱਕ ਦੀ ਆਪੋ ਆਪਣੀ ਜ਼ਿੰਦਗੀ ਹੈ ਅਤੇ ਆਪਣੇ ਅਨੁਸਾਰ ਜਿਊਣ ਦਾ ਹੱਕ ਰੱਖਦਾ ਹੈ। ਪਰ ਜਦੋਂ ਗੱਲ ਸਮਾਜ ਦੇ ਭਵਿੱਖ ਦੀ ਆਉਂਦੀ ਹੈ ਤਾਂ ਸ਼ਾਇਦ ਹਰ ਇੱਕ ਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਹੋਣਾ ਜਰੂਰੀ ਹੈ। ਪਰ ਸਮੇਂ ਦੀ ਤ੍ਰਾਸਦੀ ਕਹਿ ਸਕਦੇ ਹਾਂ ਕਿ ਅੱਜ ਮਾਪੇ ਆਪਣੇ ਬੱਚਿਆਂ ਨੂੰ ਸ਼ੋਸ਼ਲ ਮੀਡੀਆ ਉੱਪਰ ਮਸ਼ਹੂਰ ਕਰਨ ਲਈ ਉਹਨਾਂ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਖੋਖਲੀਆਂ ਕਰੀ ਜਾ ਰਹੇ ਹਨ। ਇੱਥੇ ਮੈਂ ਇੱਕ ਗੱਲ ਹੋਰ ਸਾਫ ਕਰ ਦੇਣਾ ਚਾਹੁੰਦੀ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਕਲਾ ਨੂੰ ਸਿੱਖਣ ਦੇ ਵਿਰੋਧ ਵਿੱਚ ਨਹੀਂ ਹਾਂ ਪਰ ਹਾਂ ਸਾਨੂੰ ਇਹ ਜਰੂਰ ਧਿਆਨ ਵਿੱਚ ਰੱਖਣਾ ਪਵੇਗਾ ਕਿ ਬੱਚਿਆਂ ਦੀ ਸੋਚ ਸਮਝ ਉੱਤੇ ਇਸਦਾ ਕੀ ਪ੍ਰਭਾਵ ਪੈ ਰਿਹਾ ਹੈ।
ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਡੇ ਕੋਲ ਸਿੱਖ ਇਤਿਹਾਸ ਵਰਗਾ ਮਹਾਨ ਇਤਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਗੁਰੂ ਹਨ। ਜਿੰਨਾ ਤੋਂ ਸੇਧ ਲੈਕੇ ਅਸੀਂ ਇੱਕ ਬਹੁਤ ਹੀ ਸ਼ਾਂਤੀ ਭਰਪੂਰ ਜੀਵਨ ਬਿਤਾ ਸਕਦੇ ਹਾਂ। ਪਰ ਸਮੇਂ ਦੀ ਖੇਡ ਵੇਖੋ, ਜਿੰਨਾ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਣਾ ਸੀ, ਜਿਸ ਬਚਪਨ ਨੂੰ ਗੁਰਬਾਣੀ ਨਾਲ ਜੋੜਣਾ ਸੀ, ਉਸਨੂੰ ਅੱਜ ਮਾਪੇ ਭਾਂਤ ਭਾਂਤ ਦੇ ਬੇਲੋੜੇ ਅਰਥਾਂ ਵਾਲੇ ਗੀਤਾਂ ਨਾਲ ਜੋੜ ਰਹੇ ਹਨ। ਟਿਕ ਟਾਕ, ਇੰਸਟਾਗ੍ਰਾਮ ਉੱਪਰ ਛੋਟੇ ਬੱਚਿਆਂ ਨੂੰ ਜਦੋਂ ਨੱਚਦੇ ਤੇ ਹਰ ਗਾਣੇ ਦੇ ਬੋਲ ਮੂੰਹ ਜੁਬਾਨੀ ਯਾਦ ਦੇਖਦੀ ਹਾਂ ਤਾਂ ਸੋਚਦੀ ਹਾਂ ਕਿ ਕਿੰਨਾ ਚੰਗਾ ਹੁੰਦਾ ਜੇ ਜਪੁਜੀ ਸਾਹਿਬ ਦੀ ਗੁਰਬਾਣੀ ਵੀ ਐਦਾ ਹੀ ਯਾਦ ਹੁੰਦੀ। ਬਹੁਤ ਘੱਟ ਪਰਿਵਾਰ ਨੇ ਜਿੰਨਾ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਤੇ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ। ਆਪਣੀ ਜੜ੍ਹ ਨਾਲੋਂ ਜੁਦਾ ਹੋਏ ਫਲ , ਫੁੱਲ , ਪੱਤੇ ਹਮੇਸ਼ਾ ਹਰੇ ਨਹੀਂ ਰਹਿੰਦੇ, ਉਹਨਾਂ ਦੇ ਜੜ੍ਹ ਤੋਂ ਅਲੱਗ ਹੋਣ ਦੀ ਦੇਰ ਨਹੀਂ ਕਿ ਉਹ ਮੁਰਝਾ ਜਾਂਦੇ ਨੇ। ਬਿਲਕੁਲ ਇਸੇ ਤਰ੍ਹਾਂ ਸਾਡਾ ਮੂਲ ਸਾਡਾ ਇਤਹਾਸ ਹੈ ਗੁਰਬਾਣੀ ਹੈ ਜੇਕਰ ਅਸੀਂ ਮੂਲ ਨਾਲੋਂ ਟੁੱਟ ਗਏ ਤਾਂ ਸਾਡਾ ਬਿਖਰਨਾ ਸੁਭਾਵਿਕ ਹੈ। ਅਸੀਂ ਬਹੁਤ ਹੀ ਵੱਡਮੁੱਲੇ ਇਤਹਾਸ ਦੇ ਵਾਰਿਸ ਹਾਂ, ਇਸ ਇਤਹਾਸ ਦੀ ਸ਼ਾਨ ਨੂੰ ਬਣਾਈ ਰੱਖਣਾ ਸਾਡਾ ਫਰਜ਼ ਹੈ, ਜਿੰਮੇਵਾਰੀ ਹੈ। ਜੇ ਬੱਚਿਆਂ ਨੂੰ ਬਚਪਨ ਤੋਂ ਹੀ ਨਚਾਰ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਭਵਿੱਖ ਵਿੱਚ ਇਸਦੇ ਨਤੀਜੇ ਕੁਝ ਜਿਆਦਾ ਸਾਰਥਕ ਨਹੀਂ ਹੋਣਗੇ, ਫੋਕੀ ਸ਼ੋਹਰਤ, ਨਾਮ, ਪੈਸਾ ਸਭ ਮਿਲ ਸਕਦਾ ਹੈ ਪਰ ਆਪਣੇ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਜਿੰਮੇਵਾਰ ਨਾਗਰਿਕ ਨਹੀਂ। ਇਸ ਲਈ ਸਕੂਲਾਂ ਕਾਲਜਾਂ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਸਕਦੇ ਹਨ। ਸਮੇਂ ਸਮੇਂ ਤੇ ਧਾਰਮਿਕ ਮੁਕਾਬਲੇ ਕਰਾ ਕੇ ਗੁਰਬਾਣੀ ਕੰਠ ਵਰਗੀਆਂ ਬਹੁਤ ਸਾਰੀਆਂ ਨਵੀਆਂ ਲਹਿਰਾਂ ਚਲਾ ਕੇ ਬੱਚਿਆਂ ਨੂੰ ਸਿੱਖ ਧਰਮ ਵੱਲ ਮੋੜਿਆ ਜਾ ਸਕਦਾ ਹੈ। ਮਾਪੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਗੱਲ ਨੂੰ ਗੰਭੀਰਤਾ ਨਾਲ ਸੋਚਣ। ਚੰਦ ਲਾਈਕਸ ਦੇ ਕਰਕੇ ਆਪਣੇ ਬੱਚਿਆਂ ਦੀ ਸ਼ਖਸੀਅਤ ਹੀ ਨਾ ਬਦਲੋ, ਉਹਨਾਂ ਨੂੰ ਜ਼ਿੰਦਗੀ ਦੇ ਅਸਲ ਅਰਥ ਦੱਸਣ ਲਈ ਜਰੂਰੀ ਹੈ ਕਿ ਉਹਨਾਂ ਨੂੰ ਮਾਣਮੱਤੇ ਇਤਹਾਸ ਤੋਂ ਜਾਣੂ ਕਰਵਾਇਆ ਜਾਵੇ ਅਤੇ ਗੁਰਬਾਣੀ ਨਾਲ ਜੋੜਿਆ ਜਾਵੇ ਤਾਂ ਜੋ ਅਸੀਂ ਬੱਚਿਆਂ ਨੂੰ ਸਮਾਜ ਦੇ ਜਿੰਮੇਵਾਰ ਅਤੇ ਸੂਝਵਾਨ ਨਾਗਰਿਕ ਬਣਾ ਸਕੀਏ।
ਹਰਕੀਰਤ ਕੌਰ