-“ਧੜਾਕ! ਧੜਾਕ!!ਧੜਾਕ…..!!!”
ਕਾਫ਼ੀ ਜੋਰ ਨਾਲ ਗੇਟ ਇੰਝ ਖੜਕਦਾ ਹੈ ਜਿਵੇਂ ਬੱਦਲ ਭੁੱਖੇ ਸ਼ੇਰ ਵਾਂਗ ਦਹਾੜਦਾ ਹੈ ਤੇ ਬਿਜਲੀ ਭੂਤਰੀ ਦੈਂਤਨੀ ਵਾਂਙ ਕੜਕਦੀ ਹੈ!
-“ਵੇ ਜੱਸੀ ਵੇ..! ਸਾਰਾ ਪਾਣੀ ਮੁੱਕ ਗਿਆ ਵੇ..!” ਬੇਬੇ ਦੇ ਕੀਰਨੇ ਵਰਗੇ ਘਾਬਰੇ ਤੇ ਬੁਰੀ ਤਰ੍ਹਾਂ ਪਾਟੇ ਬੋਲਾਂ ਨੇ ਮੇਰੇ ਕੰਨਾਂ ਦੀ ਹਿੱਕ ਪਾੜ ਹੀ ਤਾਂ ਸੁੱਟੀ ਹੈ ।
“ਟਿਕ ਜਿਆ ਕਰ ਬੀਬੀ,ਟਿਕ ਜਿਆ ਕਰ! ਸਾਰਾ ਖੇਤ ਹੀ ਸੁੱਕਿਆ ਤੇ ਪਾਟਿਆ ਪਿਆ ਹੈ, ਸੋਕੇ ਤੋਂ ਵੀ ਵੱਧ ਭੈੜੀ ਹਾਲਤ ਹੋਈ ਪਈਅੈ, ਜੂਨ ਹੀ ਬੁਰੀ ਅਾ ਆਪਣੀ ਤਾਂ , ਜਿੱਧਰ ਨਜ਼ਰ ਮਾਰੋ ਖੇਤਾਂ ਚ ਤਾਂ ਰੱਖੀ-ਸੁੱਕੀ ਧੂੜ ਹੀ ਧੂੜ ਹੀ ਉੱਡਦੀ ਹੈ,ਕਿਧਰੇ ਵੀ ਪਾਣੀ ਦੀ ਸਹੁੰ ਖਾਣ ਨੂੰ ਵੀ ਬੂੰਦ ਨੀਂ ਦਿਸਦੀ, ਮੈਂ ਸੁੱਕੇ ਤੇ ਮੱਚੇ ਖੇਤੋਂ ਹੀ ਅਾਇਆ ਹਾਂ, ਹੋਰ ਕੀ ਦੱਸ ਮੈਂ ਫਾਹਾ ਲੈ ਲਾਂ ਹੁਣ!” ਬੁਰੀ ਤਰ੍ਹਾਂ ਝੁੰਜਲਾਇਆ ਤੇ ਹਾਬੜਿਆ ਉੱਠਦਾ ਹਾਂ ਤੇ ਪੂਰੀ ਹਰਖੀ ਅਵਾਜ਼ ਚ,ਉੱਚੀ-ਉੱਚੀ ਬੋਲਦਾ ਹਾਂ!
“ਘਰ ਤੇ ਪਿੰਡ ਦੀ ਗੱਲ ਕਰਦੀ ਅਾਂ ਵੇ ਪੁੱਤ..!ਸਾਰੇ ਪਾਸੇ ਪਾਣੀ ਮੁੱਕ ਗਿਆ, ਪਤਾ ਨੀਂ ਕਿਹਡ਼ਾ ਦਿਓ ਪੀ ਗਿਆ.. ਵੇ ਤੂੰ ਉੱਠ ਖੜ੍ਹ! ਪਿੰਡ ਚ ਤਾਂ ਕਹਿਰ ਮੱਚਿਆ ਪਿਆ,ਤੇ ਤੇਰੀਆਂ ਆਕੜਾਂ ਨੀ ਮਾਣ!” ਤੇ ਉੁਹ ਬੋਲਦੀ -ਬੋਲਦੀ ਬੈਠਕ ਵੱਲ ਬਾਪੂ ਕੋਲ ਚਲੀ ਗਈ ਹੈ! ਪਤਨੀ ਵੀ ਅਣਮੰਨੇ ਜਿਹੇ ਮਨ ਨਾਲ ਬੁੜ-2 ਕਰਦੀ ਉੱਠ ਬੈਠੀ ਹੈ!
“ਕਿਧਰੇ ਨੀ ਮੁੱਕਿਆ ਪਾਣਾ, ਇਹਨੂੰ ਤਾਂ ਟੇਕ ਹੀ ਨੀ ਰੱਬ ਦੇ ਘਰੋਂ, ਸਾਰਾ ਦਿਨ ਹਰਲ-ਹਰਲ ਕਰਦੀ ਫਿਰੀ ਜਾਊ ..!” ਤੇ ਉੱਠ ਕੇ ਰਸੋਈ ਵੱਲ ਜਾਂਦੀ ਹੈ, ਫਿਰ ਕਾਹਲੀ ਨਾਲ ਵਾਪਿਸ ਮੁੜ ਅਾਉਂਦੀ ਹੈ! “-ਜੀ ਸੱਚੀਂ ਪਾਣੀ ਦੀ ਤਾਂ ਇੱਕ ਬੂੰਦ ਵੀ ਨੀ ਹੈਗੀ ਕਿਤੇ!” ਉਸਦੇ ਚਿਹਰੇ ਤੇ ਬਹੁਤ ਗਹਿਰੀ ਚਿੰਤਾ ਤੇ ਡਰ ਭਰੀ ਹੜਬੜਾਹਟ ਹੈ!ਮੈਂ
ਇਕਦਮ ਉੱਠਦਾਂ ਤੇ ਭੱਜਕੇ ਫਰਿੱਜ, ਘੜੇ, ਕੈਂਪਰ, ਟੈਂਕੀ ਚ ਝਾਕਦਾਂ, ਪਰ ਭਾਣਾ ਤਾਂ ਸੱਚੀਂ ਵਰਤ ਗਿਆ ਲੱਗਦਾ ਹੈ! ਮੋਟਰ ਵੀ ਕਿੰਨੇ ਦਿਨ ਤੋਂ ਬਿੱਟਰੀ ਹੋਈ ਹੈ,ਵਾਟਰ ਵਰਕਸ ਦੀਆਂ ਟੂਟੀਆਂ ਚ ਊਂ ਹੀ ਕੁਝ ਨੀ ਹੁੰਦਾ ਤੇ ਉਹ ਆਪ ਪਿਆਸੀਆਂ ਮਰਦੀਆਂ ਰਹਿੰਦੀਆਂ ਨੇ।ਪਿੰਡ ਚ ਵੀ ਬਹੁਤ ਹੀ ਅਜੀਬ ਤਰ੍ਹਾਂ ਦਾ ਸ਼ੋਰ ਮੱਚਿਆ ਪਿਆ ਹੈ, ਕੂਕਾਂ-ਚੀਕਾਂ, ਰੁਦਨ,ਰੌਲਾ ਤੇ ਹਫੜਾ-ਦਫੜੀ ਹੈ!
ਸੂਰਜ ਚੋਂ ਕਹਿਰਾਂ ਦੀ ਅੱਗ ਇੰਞ ਵਰ੍ਹ ਰਹੀ ਹੈ ਜਿਵੇਂ, ਜ਼ਿੰਦਗੀ ਭਰ ਦਾ ਗੁੱਸਾ ਅੱਜ ਹੀ ਦਿਮਾਗ ਨੂੰ ਚੜ੍ਹਿਆ ਹੋਵੇ। ਵਿਹਡ਼ੇ ਚ ਤਿੰਨ-ਚਾਰ ਜਾਨਵਰ ਮਰੇ ਪਏ ਨੇ, ਇੱਕ-ਦੋ ਬੁਰੀ ਤਰ੍ਹਾ ਤੜਪ ਰਹੇਂ ਨੇ।ਕੁੱਤੇ ਦੀ ਲੰਮੀ ਸਾਰੀ ਜੀਭ ਨਿੱਕਲੀ ਪਈ ਹੈ, ਪਸ਼ੂ ਬੇਚੈਨੀ ਚ ਰੰਭ ਤੇ ਰੱਸੇ ਤੁੜਾ ਰਹੇ ਨੇ।ਮੇਰੇ ਵੱਲ ਵੇਖ ਕੇ ਉਹਨਾਂ ਅੜਾਹਟ ਚੁੱਕ ਦਿੱਤਾ ਤੇ ਬੇਬਸੀ ਭਰੀ ਬੇਚਾਰਗੀ ਨਾਲ ਰੋਣਹਾਕੇ ਹੋ ਗਏ ਨੇ ! ਲੱਗਿਆ ਜਿਵੇਂ ਮੱਝ ਦੀਆਂ ਅੱਖਾਂ ਚੋਂ ਪਰਲ -ਪਰਲ ਅੱਥਰੂ ਚੋ ਰਹੇ ਹੋਣ,ਗ਼ੌਰ ਨਾਲ ਦੇਖਣ ਤੇ ਮੈਨੂੰ ਉਸਦੀਆਂ ਅੱਖਾਂ ਖੇਤ ਵਾਂਗ ਸੁੱਕੀਆਂ,ਪਾਟੀਆਂ ਤੇ ਵੀਰਾਨ ਲੱਗੀਆਂ!ਵਿਲੱਖਣ ਤਰ੍ਹਾਂ ਦੀ ਭਿਆਨਕਤਾ ਮੇਰੇ ਅੱਗੇ ਵੱਡਾ ਸਾਰਾ ਮੂੰਹ ਅੱਡੀ ਖੜ੍ਹੀ ਹੈ,ਜਿਵੇਂ ਹੁਣੇ ਖਾ ਜਾਣਾ ਹੋਵੇ,ਡਰ ਜਿਹਾ ਲੱਗਿਆ ਤੇ ਲਹੂ ਚ ਜਿਵੇਂ ਮੌਤ ਦੀ ਸੁੱਸਰੀ ਦੌੜ ਗਈ !
-“ਤੁਸੀਂ ਪੁਤ ਪਾਣੀ ਲੱਭੋ ਜਾਕੇ..,ਅਸੀਂ ਜੁਆਕਾਂ ਕੋਲੇ ਬਹਿੰਨੇ ਅਾਂ!” ਫ਼ਿਕਰਮੰਦ ਹੋਏ ਬਾਪੂ ਤੇ ਬੇਬੇ ਕਮਰੇ ਚ ਅਾ ਗਏ ਨੇ! ਹੁਣ ਬੱਚੇ ਵੀ ਉੱਠ ਗਏ ਨੇ ਤੇ ਉਨ੍ਹਾਂ ਸਭ ਤੋਂ ਪਹਿਲਾਂ ਪਾਣੀ ਹੀ ਮੰਗਿਆ ਹੈ। ਮਾਪੇ ਵੀ ਬੁਰੀ ਤਰ੍ਹਾਂ ਪਿਆਸੇ ਲੱਗਦੇ ਨੇ..ਮੇਰਾ ਵੀ ਗਲਾ ਡਰ ਅਤੇ ਪਿਆਸ ਨਾਲ ਖੁਸ਼ਕ ਹੋ ਗਿਆ ਤੇ ਪਤਨੀ ਦੀ ਵੀ ਇਹੋ -ਜਿਹੀ ਹੀ ਭੈੜੀ ਹਾਲਤ ਹੈ!
“ਦਿੰਨੇ ਅਾਂ ਪੁੱਤ ਪਾਣੀ…ਠੰਡਾ-ਠੰਡਾ ਸਰਬਤ ਵਰਗਾ!” ਬੇਬੇ ਨੇ ਬੱਚੇ ਘੁੱਟਕੇ ਕਲਾਵੇ ਚ ਇਸ ਤਰ੍ਹਾਂ ਲਏ ਨੇ, ਜਿਵੇਂ ਉਸਨੂੰ ਕੋਈ ਬਹੁਤ ਹੀ ਭਿਆਨਕ ਹੋਣੀ ਦਿਖਾਈ ਦੇ ਰਹੀ ਹੋਵੇ! ਸਭਦੇ ਹੀ ਮੂੰਹਾਂ ਤੇ ਮੌਤ ਦਾ ਸਹਿਮ ਤੇ ਅਣਜਾਣਾ ਭੈ ਹੈ!
“ਵੇ ਜਾਉ ਹੁਣ ,ਸਾਰਾ ਪਿੰਡ ਤਾਂ ਭੱਜਿਆ ਫਿਰਦੈ!” ਮਾਂ ਬੇਹੱਦ ਤਲਖੀ ਚ ਚੀਕੀ ਹੈ!
ਮੈਂ ਤੇ ਪਤਨੀ ਬਾਲਟੀਆਂ ਲੈਕੇ ਭੱਜ ਹੀ ਪਏ ਹਾਂ।
-“ਮੰਮਾਂ ਛੇਤੀ-ਛੇਤੀ ਅਾਣਾਂ,ਪਿਆਸ ਬਹੁਤ ਜੋਰ ਦੀ ਲੱਗੀ ਅੈ…ਗਲ ਸੁੱਕੀ ਜਾਂਦਾ..!”ਛੇ ਸਾਲ ਦੇ ਬੇਟੇ ਦੀ ਮੋਹ ਤੇ ਤ੍ਰੇਹ ਭਿੱਜੀ ਆਵਾਜ਼ ਕੰਨਾਂ ਨਾਲ ਟਕਰਾਉਂਦੀ ਹੋਈ,ਕਾਲਜੇ ਚ ਚੀਸ ਪਾ ਗਈ ਹੈ।
ਪਿੰਡ ਚ ਹਾਲਾਤ ਬਹੁਤ ਹੀ ਜ਼ਿਆਦਾ ਗੰਭੀਰ ਨੇ, ਲੋਕ ਜੱਗ, ਬਾਲਟੀਆਂ, ਡੋਲੂ, ਘੜੇ ਚੁੱਕੀ, ਪਾਣੀ-ਪਾਣੀ ਕੂਕ ਰਹੇ ਨੇ, ਸੁੱਕੇ ਬੁੱਲ੍ਹ, ਵੀਰਾਨ ਅੱਖਾਂ,ਤਰਸਯੋਗ ਚਿਹਰੇ, ਇਹ ਸਭ ਓਹੀ ਲੋਕ ਨੇ ਜੋ ਪਾਣੀ ਦੀ ਬੇਰਹਿਮੀ ਨਾਲ ਬੇਅਦਬੀ ਕਰਦੇ ਰਹੇ ਨੇ, ਤੇ ਰੁੱਖ ਲਗਾਉਣ ਵਾਲਿਆਂ ਚੋਂ ਨਹੀਂ ਸਗੋਂ ਪੁੱਟਣ ਵਾਲਿਆਂ ਚੋਂ ਨੇ, ਬਾਲਟੇ ਭਰ ਭਰ ਬਰਬਾਦੀ ਕਰਨ ਵਾਲੇ,ਅੱਜ ਬੂੰਦ-ਬੂੰਦ ਲਈ ਵਿਲਖ ਰਹੇ ਨੇ!ਕੋਈ ਕਿਸੇ ਦੀ ਗੱਲ ਨੀਂ ਸੁਣ ਰਿਹਾ, ਗਹਿਰੀ ਬੇਚੈਨੀ, ਭਗਦੜ ਤੇ ਅਾਪਾ ਧਾਪੀ ਹੈ। ਚਾਰੇ ਪਾਸੇ “ਹਾਇ ਪਾਣੀ !ਹਾਇ ਪਾਣੀ” ਦਾ ਰੁਦਨ ਹੈ। ਲੋਕ ਗਹਿਣੇ, ਪੈਸੇ, ਅੈਫ.ਡੀਆਂ, ਜਮੀਨਾਂ ਤੇ ਕੋਠੀਆਂ ਦੀਆਂ ਰਜਿਸਟਰੀਆਂ ਤੇ ਕਈ ਤਰ੍ਹਾਂ ਦੇ ਕਾਗਜ਼ ਚੁੱਕੀ ਬੂੰਦ-ਬੂੰਦ ਨੂੰ ਵਿਲਖ ਰਹੇ ਨੇ, ਅੱਜ ਹੋਰ ਤਾਂ ਸਭ ਕੁੱਝ ਹੈ.. ਪਰ ਪਾਣੀ ਦੀ ਬੂੰਦ ਹੀ ਰੁੱਸ ਗਈ ਲੱਗਦੀ ਹੈ!
ਸੂਰਜ ਹੋਰ ਤਿੱਖਾ ਹੋ ਗਿਆ ਹੈ, ਭੱਜੇ ਫਿਰਦੇ ਲੋਕਾਂ ਦੀਆਂ ਜੀਭਾਂ ਨਿੱਕਲਣ ਲੱਗੀਆਂ ਨੇ, ਪਿੰਡ ਦੇ ਕੁੱਤੇ ਰੋਣ ਲੱਗੇ ਨੇ,ਸਭ ਦੀਆਂ ਹੀ ਜ਼ਿੰਦਗੀਆਂ ਰੁੱਸਦੀਆਂ ਪ੍ਰਤੀਤ ਹੋਣ ਲੱਗੀਆਂ ਨੇ, ਬਹੁਤ ਸਾਰੇ ਲੋਕ ਪਿਆਸੇ ਧਰਤੀ ਤੇ ਤੜਪ ਰਹੇ ਨੇ ਪਰ ਕਿਸੇ ਦਾ ਕਿਸੇ ਵੱਲ ਕੋਈ ਧਿਆਨ ਨਹੀਂ ਜਿਵੇਂ ਸਭ ਦਾ ਲਹੂ ਚਿੱਟਾ ਹੋ ਗਿਆ ਹੋਵੇ,ਲੱਗਦਾ ਕਿ ਇਥੇ ਕੋਈ ਵੀ ਕਿਸੇ ਦਾ ਨਹੀਂ, ਬੰਦੇ,ਪਸ਼ੂ ਤੇ ਜਾਨਵਰ ਮਰਨੇ ਸ਼ੁਰੂ ਹੋ ਗਏ ਨੇ… ਘਰਾਂ ਚ ਬੱਚੇ ਤੇ ਬਜ਼ੁਰਗ ਪਾਣੀ-ਪਾਣੀ ਕੂਕ ਰਹੇ ਨੇ,ਕਿੰਨਾ ਕੁ ਚਿਰ ਕੂਕਣਗੇ ?ਪਾਣੀ ਦੀ ਬੂੰਦ ਤਾਂ ਦੁਰਲੱਭ ਹੀ ਹੋ ਗਈ ਹੈ। ਮੈਂ ਤੇ ਪਤਨੀ ਮੌਤ ਦੀ ਬਾਜ਼ੀ ਲਗਾਕੇ ਭੱਜੇ ਫਿਰ ਰਹੇ ਹਾਂ, ਕਈ ਵਾਰ ਨਿਰਾਸ਼ਾ ਭਰਿਆ ਟਾਕਰਾ ਵੀ ਹੋਇਆ ਹੈ, ਪਰ ਸਾਡਾ ਪਿੱਛਾ ਬੱਚਿਆਂ ਦੀ ਜ਼ਿੰਦਗੀ ਦਾ ਮੋਹ ਤੇ ਤੑੇਹ ਕਰ ਰਹੀ ਹੈ, ਅਸੀਂ ਹੋਰ -ਹੋਰ ਤੇਜ਼ੀ ਨਾਲ ਦੌਡ਼ ਪੈਂਦੇ ਹਾਂ! ਚਾਰੇ ਪਾਸੇ,ਮਾਰੇ-ਮਾਰੇ ਭੱਜੇ ਫਿਰ ਰਹੇ ਹਾਂ!ਪਰ ਇੱਥੇ ਤਾਂ ਸਭ ਪਾਸੇ ਭਿਆਨਕ ਸੋਕੇ ਦਾ ਹੀ ਸਾਮਰਾਜ ਫੈਲਿਆ ਹੋਇਆ ਹੈ!
ਸਾਰੇ ਦੇ ਸਾਰੇ ਰੁੱਖ ਮੱਚੇ ਪਏ ਨੇ, ਮੇਰੀ ਸੱਤਿਆ ਹੁਣ ਪੂਰੀ ਤਰ੍ਹਾਂ ਗੁੰਮ ਹੁੰਦੀ ਜਾ ਰਹੀ ਹੈ, ਦਿਮਾਗ ਮਰਦਾ ਜਾ ਰਿਹਾ ਹੈ, ਬੁੱਲਾਂ ਤੇ ਪੇਪੜੀ ਜੰਮ ਗਈ ਹੈ, ਹਿਰਦੇ ਚੋਂ ਮਿਰਗ ਤ੍ਰਿਸ਼ਨਾ ਭਟਕ ਉੱਠੀ ਹੈ,ਹੁਣ ਜਿੱਧਰ ਨਜ਼ਰ ਫੇਰਦਾ ਹਾਂ,ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦਿੰਦਾ ਹੈ, ਦਿਲ ਕਰਦਾ ਕੱਲਾ ਹੀ ਡੀਕਲਾਂ, ਭੱਜਦਾ ਹਾਂ ਪਰ,ਰੇਤ ਹੀ ਰੇਤ ਦਾ ਵਿਸ਼ਾਲ ਮਾਰੂਥਲ ਮੂੰਹ ਚਿੜਾਉਂਦਾ ਹੈ, ਲਗਭੱਗ ਸਭਦੀ ਹੀ ਮੇਰੇ ਵਰਗੀ ਇਹੀ ਹਾਲਤ ਹੈ, ਹੁਣ ਧਰਤੀ ਵੀ ਪਾਟਣ ਲੱਗੀ ਹੈ!.. ਤੇ ਲੱਗਦਾ ਹੈ, ਸਭ ਜਿੰਦਗੀਆਂ ਵੀ ਪਾਟਣ ਹੀ ਵਾਲੀਆਂ ਨੇ..ਉਪਰੋਂ ਸੂਰਜ ਇੰਨਾਂ ਤਿੱਖਾ ਕਿ ਭੁੰਨ ਕੇ ਕਬਾਬ ਹੀ ਬਣਾ ਦੇਵੇ !ਮੌਤ ਦਾ ਭਿਆਨਕ ਵਾਜਾ ਵੱਜ ਚੁੱਕਾ ਹੈ,ਜਿਸ ਚੋਂ ਮਾਰੂ ਰਾਗ ਦੀ ਚੀਕ ਨਿੱਕਲ ਗਈ ਤੇ ਅਜ਼ੀਬ ਦੈਂਤਨੀਆ ਜੀਭ ਲਪਲਪਾ ਕੇ ਬੇਹੂਦਾ ਤੇ ਡਰਾਉਣਾ ਹਾਸਾ ਹੱਸ ਰਹੀਆਂ ਨੇ ਇਸ ਤਰ੍ਹਾਂ ਲੱਗਦਾ ਜਿਵੇਂ,ਦੁਨੀਆਂ ਦੇ ਪਤਨ ਤੇ ਕੁਦਰਤ ਨੇ ਆਖਰੀ ਹੌਂਕਾ ਭਰਿਆ ਹੋਵੇ ਤੇ ਫਿਰ ਪਰੇ ਮੂੰਹ ਕਰਕੇ ਡੁਸਕ ਹੀ ਪਈ ਹੋਵੇ! ਚਾਰੇ ਪਾਸੇ ਮੌਤ ਦੀਆਂ ਤਰੰਗਾਂ ਉੱਠਣ ਲੱਗੀਆਂ ਨੇ…
ਪਿੰਡ ਦੇ ਇਸ ਪਾਸੇ ਅਜੀਬ ਹੀ ਕਿਸਮ ਦਾ ਰੌਲਾ ਪੈ ਰਿਹਾ ਹੈ, ਬਹੁਤ ਸਾਰੇ ਲੋਕ ਡੰਗਰਾਂ ਦਾ ਲਹੂ ਕੱਢ ਰਹੇ ਨੇ ਤੇ ਲਹੂ ਲੈਣ ਵਾਲਿਆਂ ਦੀ ਵੀ ਬਹੁਤ ਹੀ ਵੱਡੀ ਭੀਡ਼ ਹੈ,ਲਹੂ ਹੀ ਕੀ ਜੇ ਇੱਥੇ ਜ਼ਹਿਰ ਦਿੱਤੀ ਜਾਂਦੀ ਹੁੰਦੀ ਤਾਂ ਵੀ ਲੋਕਾਂ ਨੇ ਧੱਕੇ ਮੁੱਕੀ ਹੋਣਾ ਸੀ,ਲੋਕਾਂ ਦੇ ਮਨਾਂ ਵਿੱਚ ਕਾਹਲ ਤੇ ਚਿਹਰਿਆਂ ਤੇ ਦਹਿਸ਼ਤ ਹੈ, ਮੇਰੀ ਪਤਨੀ ਵੀ ਵਿੱਚੇ ਖੜ੍ਹੀ ਹੈ,ਉਸਨੂੰ ਦੇਖ ਕੇ ਮੇਰੀ ਧਾਹ ਨਿੱਕਲ ਜਾਂਦੀ ਹੈ।ਦਿਲ ਕਰਦਾ ਅਸਮਾਨ ਵਿੰਨ੍ਹਵੀ ਚੀਕ ਮਾਰਾਂ, ਪਰ ਸਭ ਚੀਕਾਂ ਹੀ ਤਾਂ ਮਾਰ ਰਹੇ ਨੇ!ਅਜ਼ੀਬ ਸਬੱਬ ਹੈ ਕੇ ਲੋਕ ਅੱਗੇ ਤੋਂ ਅੱਗੇ ਹੋਣ ਲਈ ਲੜ ਰਹੇ ਨੇ,ਗਾਲਾਂ ਕੱਢ ਰਹੇ ਨੇ ਤੇ ਧੱਕਾ-ਮੁੱਕੀ ਕਰ ਰਹੇ ਨੇ! ਲੱਗਦਾ ਹੈ, ਹੁਣੇ ਜੱਗਾਂ, ਬਾਲਟੀਆਂ ਨਾਲ ਦੁਨੀਆਂ ਦੀ ਨਿਵੇਕਲੀ ਕਿਸਮ ਦੀ ਜੰਗ ਸ਼ੁਰੂ ਹੋਣ ਹੀ ਵਾਲੀ ਹੈ, ਹੁਣ ਮੈਨੂੰ ਵੀ ਅਾਪਣੀ ਮੌਤ ਦਿਖਾਈ ਦੇਣ ਲੱਗਦੀ ਹੈ, ਤੇ ।ਮੈਂ ਘਰ ਵੱਲ ਭੱਜਦਾਂ ਹਾਂ ਤਾਂ ਕਿ ਜਿੱਥੇ ਜੰਮਣ ਦੀ ਪਹਿਲੀ ਚੀਕ ਮਾਰੀ ਸੀ ਉੱਥੇ ਹੀ ਮੇਰਾ ਅਾਖਰੀ ਸਾਹ ਨਿੱਕਲੇ..!
“ਬੁੜੇ-ਬੁੜੀਆਂ ਦਾ ਵੀ ਲਹੂ ਕੱਢੋ ਓਇ..!” ਭੱਜੇ ਜਾਂਦੇ ਦੇ ਕੰਨੀਂ ਮੋਈ ਮਨੁੱਖਤਾ ਭਰੇ ਬੋਲ ਪੈਂਦੇ ਨੇ ਤਾਂ ਕਾਲਜਾ ਮੂੰਹ ਨੂੰ ਅਾਉਂਦਾ ਹੈ ਤੇ ਦਿਲ ਬੈਠਣ ਲੱਗਦਾ ਹੈ..ਮਨ ਚੋਂ ਧੂੰਆਂ ਉੱਠਦਾ ਹੈ ਤੇ ਕੰਨਾਂ ਚੋਂ ਸੇਕ, ਕਹਿਣਾ ਚਾਹੁੰਦਾ ਹਾਂ ਕਿ, ਖੂਨ ਤਾਂ ਸਭ ਦਾ ਕਾਰਪੋਰੇਟੀ ਤੇ ਸਰਕਾਰੀ ਤੰਤਰ ਪੀ ਗਿਅੈ, ਤੇ ਆਖਰੀ ਬੂੰਦ ਤੱਕ ਨਿਚੋੜ ਲਈ ਹੈ ਤੇ ਹੁਣ ਕਿੱਥੋਂ ਭਾਲਦੇ ਓ, ਕਿਰਤੀ ਤੇ ਕਿਸਾਨਾਂ ਚ ਚ ਕਿੱਥੇ ਬਚਿਆ ਹੈ? ਪਰ ਹੁਣ ਅਜਿਹੇ ਸਮੇਂ ਇਹ ਸਭ ਫਜੂਲ ਲੱਗਦਾ ਹੈ।ਕੋਈ ਹੋਰ ਸਮਾਂ ਹੁੰਦਾ ਤਾਂ ਮੋਟੀ ਡਾਹਡੀ ਤਕਰੀਰ ਕਰਦਾ ! ਚੁੱਪ ਕਰਕੇ ਘਰ ਵੱਲ ਦੌਡ਼ ਪਿਆ ਹਾਂ।ਰਾਹ ਚ ਕਿੰਨੇ ਲੋਕ ਧਰਤੀ ਤੇ ਪਏ ਤੜਪ ਰਹੇ ਨੇ, ਕਿੰਨੇ ਹੀ ਧੁੱਪ ਨੇ ਭੁੰਨੇ ਪਏ ਨੇ।ਪੈਸੇ, ਗਹਿਣੇ ਤੇ ਹੋਰ ਕਈ ਤਰ੍ਹਾਂ ਦੇ ਕਾਗ਼ਜ਼-ਪੱਤਰ ਖਿੱਲਰੇ ਪਏ ਨੇ!ਲੋਕਾਂ ਦਾ ਚੀਕ-ਚਿਹਾੜਾ ਵਧ ਰਿਹਾ ਹੈ ਪਰ ਅਵਾਜ਼ਾਂ ਮਰੀਆਂ ਹੋਈਆਂ, ਸੰਘ ਪਾਟਨ ਵਰਗੇ ਹੋ ਗਏ ਨੇ !ਘਰ ਵੜਨ ਤੋਂ ਪਹਿਲਾਂ ਇੱਕ ਬਹੁਤ ਹੀ ਹੌਲਨਾਕ ਦ੍ਰਿਸ਼ ਨੇ ਮੇਰਾ ਸਿਰ ਤੇ ਦਿਮਾਗ ਹੀ ਹਿਲਾ ਦਿੱਤਾ,ਰੂਹ ਝੰਜੋੜੀ ਗਈ ਹੈ, ਬੇਬੇ ਤੇ ਬਾਪੂ ਗੰਦੇ ਨਾਲੇ ਤੇ ਲੁੜਕੇ ਪਏ ਨੇ ਮੂੰਹ ਨਾਲੇ ਦੇ ਸੁੱਕੇ ਗੰਦੇ ਰੇਤ ਨਾਲ ਇਸ ਤਰ੍ਹਾਂ ਭਰੇ ਪਏ ਨੇ ਜਿਵੇਂ ਅਾਖਰੀ ਵਾਰ ਵੀ ਬਹਾਦਰਾਂ ਦੀ ਤਰ੍ਹਾਂ ਮੌਤ ਨਾਲ ਚੰਗੇ ਦੋ ਹੱਥ ਕੀਤੇ ਹੋਣ ! ਇਸ ਤਰ੍ਹਾਂ ਤਾਂ ਪਿੰਡ ਦੇ ਛੱਪੜ ਤੇ ਵੀ ਬਹੁਤ ਲੋਕ ਮੋਏ ਪਏ ਨੇ,ਉਹਨਾਂ ਨੂੰ ਦੇਖ ਕੇ ਖੌਰੈ ਕਿਉਂ ਮੈਨੂੰ ਰੋਣ ਤੇ ਸੋਗ ਹੋਣ ਦੀ ਜਗ੍ਹਾ ਅਨੰਤ ਖੁਸ਼ੀ ਹੁੰਦੀ ਹੈ ਜਿਵੇਂ ਉਹ ਮਰਕੇ ਬਹੁਤ -ਬਹੁਤ ਸੁਖੀ ਹੋ ਗਏ ਹੋਣ !!
☠☠☠☠☠☠☠
ਮੋਇਆਂ ਵਰਗਾ ਹੋਇਆ ਘਰੇ ਪਹੁੰਚਦਾ ਹਾਂ, ਬੱਚੇ ਭੱਜਕੇ ਖਾਲੀ ਬਾਲਟੀ ਨੂੰ ਇੰਝ ਚਿੰਬੜੇ ਨੇ ਜਿਵੇਂ ਯੁਗਾਂ ਯੁਗਾਂਤਰਾਂ ਦੇ ਪਿਆਸੇ ਹੋਣ !ਉਹ ਇੱਕ ਦੂਜੇ ਤੋਂ ਖੋਹ-ਖੋਹ ਕੇ ਖਾਲੀ ਬਾਲਟੀ ਨੂੰ ਇਉਂ ਮੂੰਹ ਲਗਾਉਂਦੇ ਨੇ ਜਿਵੇਂ ਸੱਚੀਂ ਹੀ ਰੱਜ-ਰੱਜ ਕੇ ਪਾਣੀ ਪੀ ਰਹੇ ਹੋਣ, ਉਹਨਾਂ ਦੇ ਸੁੱਕੇ ਬੁੱਲ੍ਹ , ਮੁਰਝਾਏ ਚਿਹਰੇ ਤੇ ਹਲਾਤ ਦੇਖ ਕੇ ਅਾਪਣੀ ਬੇਵਸੀ ਤੇ ਬਹੁਤ ਤਰਸ ਅਾਇਅੈ। ਬੱਚਿਆਂ ਤੋਂ ਬਚਾਕੇ ਮੈਂ ਆਪਣੀ ਬਾਂਹ ਦਾ ਚੱਕ ਭਰਦਾ ਹਾਂ, ਖੂਨ ਨਦਾਰਦ ਹੈ,ਹੁਣ ਤਾਂ ਸਿਰਫ ਪਤਨੀ ਤੋਂ ਹੀ ਓੜਕਾਂ ਦੀ ਅਾਸ ਹੈ, ਤੇ ਬੇਸਬਰੀ ਨਾਲ ਉਡੀਕ ਵੀ, ਬੱਚੇ ਪਤਾ ਨੀ ਕੀ-2 ਬੋਲ ਰਹੇ ਨੇ, ਮੈਨੂੰ ਤਾਂ ਸਿਰਫ ਪਾਣੀ ਹੀ ਪਾਣੀ ਸੁਣਦੈ।
“ਪਾਪਾ ਪਾਣੀ ਕਿਉਂ ਨੀ ਮਿਲਦਾ..?ਦੁਕਾਨ ਤੋਂ ਲੈ ਅਾਓ ਨਾ ਪਲੀਜ ਪਾਪਾ… ਪੈਸੇ ਸਾਡੇ ਤੋਂ ਲੈ ਜੋ…!” ਬੇਹੱਦ ਦੀਨ-ਹੀਨ ਮੇਰੀ ਬੇਟੀ ਤੇ ਬੇਟੇ ਨੇ ਅਾਪਣੀਆਂ ਮੋਟੂ ਗੋਲਕਾਂ ਮੇਰੀ ਝੋਲੀ ਲਿਆ ਕੇ ਰੱਖ ਦਿੱਤੀਆਂ ਨੇ,ਮੇਰਾ ਕਾਲਜਾ ਹੀ ਨਹੀਂ ਦਿਮਾਗ਼ ਵੀ ਪਾਟਣ ਵਾਲਾ ਹੋ ਗਿਆ ਹੈ!
“ਬੇਬੇ ਬਾਪੂ ਵੀ ਕਦੋਂ ਦੇ ਪਾਣੀ ਲੈਣ ਗਏ ਨੇ ਪਾਪਾ.. ਉਹ ਵੀ ਨੀ ਹਲੇ ਤੱਕ ਮੁੜੇ… ਮੰਮੀ ਕਦੋਂ ਅਾਊਗੀ..?” ਬੇਟਾ ਇੰਞ ਬੋਲਿਆ ਹੈ ਜਿਵੇਂ ਕਿਸੇ ਨੇ ਸਭ ਕੁਝ ਤਬਾਹ ਹੋ ਜਾਣ ਤੇ ਕੀਰਨਾ ਪਾਇਆ ਹੋਵੇ।
“ਬੇਬੇ ਬਾਪੂ ਨਦੀ ਚ ਗਏ ਨੇ ਪਾਣੀ ਲੈਣ…ਬਹੁਤ ਸਾਰਾ ਪਾਣੀ ਲੈਕੇ ਆ ਰਹੇ ਨੇ ,ਨੇੜੇ ਹੀ ਨੇ ਬੱਸ….ਮੰਮੀ ਵੀ ਬਹੁਤ ਪਾਣੀ ਲੈਕੇ ਅਾ ਰਹੀ ਹੈ”!ਰੱਜ ਰੱਜ ਪੀਓ ਤੇ ਨਹਾਇਓ..!” ਅੰਦਰੋਂ ਬੁਰੀ ਤਰ੍ਹਾਂ ਖਸਤਾ ਪਰ ਬਾਹਰੋਂ ਮੈਂ ਬਿਲਕੁੱਲ ਦੑਿੜ ਤੇ ਸਹਿਜ ਹਾਂ!
ਬੱਚਿਆਂ ਦਾ ਸਬਰ ਡੁੱਬਣ ਲੱਗਾ ਹੈ ਤੇ ਉਹ ਰੋਣਹਾਕੇ ਹੋ ਗਏ ਨੇ.. ਚਾਹੁੰਦਾ ਹਾਂ ਕਿ ਉੁਹ ਫੁੱਟ-ਫੁੱਟਕੇ ਰੋਣ, ਅੱਥਰੂ ਨਿੱਕਲਣ ਤੇ ਮੈਂ ਪਿਆਰ ਕਰਨ ਬਹਾਨੇ ਉਹਨਾਂ ਦੇ ਅੱਥਰੂ ਚੱਟ ਕੇ ਅਾਪਣਾ ਹਲਕ ਥੋਡ਼ਾ ਤਰ ਕਰ ਲਵਾਂ। ਅੰਦਰ ਕਿੰਨੀ ਕਮੀਨਗੀ ਪੈਦਾ ਹੋ ਗਈ ਹੈ…ਥੋੜ੍ਹੇ ਸਮੇਂ ਨੂੰ ਸਾਰਾ ਪਿੰਡ, ਦੇਸ਼, ਖਬਰੈ ਸਾਰਾ ਸੰਸਾਰ ਹੀ ਇਸ ਤਰ੍ਹਾਂ ਕਮੀਨਾ ਹੋ ਜਾਵੇ?
ਉਹ ਮੁਰਝਾ ਰਹੇ ਨੇ, ਅਵਾਜਾਂ ਘੱਗੀਆਂ ਹੋ ਰਹੀਆਂ ਨੇ, ਸੁੱਝ ਨੀ ਰਿਹਾ ਕੀ ਕਰਾਂ ਤੇ ਕੀ ਨਾ ਕਰਾਂ, ਦਿਮਾਗ ਡੈੱਡ ਲੱਗਦਾ ਹੈ,ਪਰ ਅਚਾਨਕ ਹੀ ਟੀ.ਵੀ ਵਾਲੀ ਅਾਸ ਚਮਕਦੀ ਹੈ, ਕੀ ਪਤਾ ਸਰਕਾਰ ਕੋਈ ਪਰਬੰਧ ਕਰ ਰਹੀ ਹੋਵੇ ਤੇ ਨਾਲੇ ਪਤਨੀ ਦੇ ਅਾਉਣ ਤੱਕ ਮੇਰਾ ਤੇ ਬੱਚਿਆਂ ਦਾ ਧਿਆਨ ਟੀ.ਵੀ ਚ ਰਹੂ, ਟੀ. ਵੀ.’ਆਨ’ ਕਰਦਾ ਹਾਂ, ਪਾਣੀ ਦੀ ਬਰਬਾਦੀ ਤੇ ਅੱਛੀ-ਖ਼ਾਸੀ ਬਹਿਸ ਭਖੀ ਹੋਈ ਹੈ,ਮਾਹਿਰ ਇੱਕ ਦੂਜੇ ਤੇ ਝਪਟ ਰਹੇ ਨੇ। ਇਹਨਾਂ ਨੂੰ ਹੁਣ ਜਾਗ ਅਾਈ ਹੈ, ਪਾਣੀ ਦੀ ਬਰਬਾਦੀ ਦੇ ਬਹੁਤ ਦ੍ਰਿਸ਼ ਦਿਖਾਏ ਜਾ ਰਹੇ ਨੇ, ਗੀਤਾਂ ਚ ਬੇਹਿਸਾਬਾ ਨਕਲੀ ਮੀਂਹ ਪੈ ਰਿਹਾ ਹੈ, ਕ੍ਰਿਕਟ ਮੈਦਾਨਾਂ ਦੇ ਘਾਹ ਤੇ ਰੋਜ਼ਾਨਾ ਫਜ਼ੂਲ ਛਿੜਕਾਅ, ਲੀਡਰਾਂ, ਵਪਾਰੀਆਂ ਦੇ ਲਾਅਨਾਂ ਤੇ ਬਰਬਾਦੀ,ਧਾਰਮਿਕ ਸਥਾਨਾਂ, ਫੈਕਟਰੀਆਂ, ਬਰਾਂਡਿਡ ਬੋਤਲਾਂ, ਝੋਨੇ, ਸਫੈਦੇ ਤੇ ਰੋਜ਼ਾਨਾ ਗੱਡੀਆਂ,ਫਰਸ਼ਾਂ, ਤੇ ਆਮ ਵਰਤੋਂ ਚ ਹਰ ਪਾਸੇ ਬੇਰਹਿਮੀ ਨਾਲ ਬਰਬਾਦੀ ਹੀ ਬਰਬਾਦੀ ਤੇ ਮਾਹਿਰ ਚੀਕਾਂ ਮਾਰ ਰਹੇ ਨੇ, ਸਾਰੇ ਕਾਰਨਾਂ ਤੇ ਹੁਣੇ ਹੀ ਗਿਆਨ ਹੋਇਆ ਲੱਗਦਾ ਹੈ, ਅਚਾਨਕ ਹੀ ਸਕਰੀਨ ਤੇ ‘ਪਾਣੀ ਬਿਲਕੁਲ ਖਤਮ’ਦੀ ਇਬਾਰਤ ਚਮਕਦੀ ਹੈ ਤੇ ਸਾਰੇ ਮਾਹਿਰ ਬਹਿਸ ਵਿਚਾਲੇ ਛੱਡ ਕੇ ਟਪੂਸੀਆਂ ਮਾਰ ਕੇ ਭੱਜ ਗਏ ਨੇ!
ਅਗਲੇ ਚੈਨਲ ਤੇ ਇੱਕ ਬਹੁਤ ਸੋਹਣੀ ਸੁਨੱਖੀ ਅੈਂਕਰ ਕੁੜੀ ਇਕ ਝੀਲ ਦੇ ਕਿਨਾਰੇ ਤੇ ਖੜ੍ਹੀ ਪਾਣੀ ਦੇ ਤੇਜ਼ੀ ਨਾਲ ਘਟ ਰਹੇ ਸਤਰ ਦੀ ਰਿਪੋਰਟ,ਓਵਰ ਐਕਟਿੰਗ ਕਰਦੀ ਹੋਈ ,ਸਭ ਤੋਂ ਤੇਜ਼ ਦੇਣ ਦਾ ਦਾਅਵਾ ਕਰ ਰਹੀ ਹੈ, ਹਾਵ-ਭਾਵ ਇੰਜ ਨੇ ਜਿਵੇਂ ਉਹ ਦੁਨੀਆਂ ਦਾ ਸਭ ਤੋਂ ਵੱਡਾ ਮਾਅਰਕਾ ਮਾਰ ਰਹੀ ਹੋਵੇ !ਦੂਸਰੇ ਪਾਸੇ ਇੱਕ ਹੋਰ ਕੁੜੀ ਨਦੀ ਤੇ ਖੜ੍ਹੀ ਰਿਪੋਰਟਿੰਗ ਕਰ ਰਹੀ ਹੈ। ਅਚਾਨਕ ਝੀਲ ਤੇ ਨਦੀ ਦੋਵੇਂ ਹੀ ਸੁੱਕ ਜਾਂਦੀਆਂ ਨੇ ਤੇ ਦੋਵੇਂ ਕੁੜੀਆਂ ਚਕਰਾ ਕੇ ਡਿੱਗ ਪਈਆਂ ਨੇ, ਮਾਈਕ ਗਿਲਾਸ ਵਾਂਗ ਮੂੰਹ ਨੂੰ ਇੰਞ ਲਗਾ ਲਏ ਨੇ, ਜਿਵੇਂ ਉਨ੍ਹਾਂ ਦਾ ਵੀ ਬਿਲਕੁੱਲ ਹੀ ਪਾਣੀ ਮੁੱਕ ਗਿਆ ਹੁੰਦਾ! ਤੇ ਬੁਰੀ ਤਰ੍ਹਾਂ ਤੜਪ ਰਹੀਆਂ ਨੇ!
ਕਿਸੇ ਹੋਰ ਚੈਨਲ ਤੇ ਬਹਤ ਸਾਰੇ ਦੈਂਤ ਸਾਰੀ ਦੀ ਸਾਰੀ ਪੂੰਜੀ ਲੈਕੇ , ਲੋਕਾਂ ਦੇ ਮੂੰਹ ਚ ਇੱਕ -2 ਬੂੰਦ ਪਾਣੀ ਇਸ ਤਰ੍ਹਾਂ ਪਾ ਰਹੇ ਨੇ,ਜਿਵੇਂ, ਹੋਮਿਓਪੈਥੀ ਡਾਕਟਰ,ਦਵਾ ਦੀਆਂ ਬੂੰਦਾਂ। ਫਿਰ ਅਚਾਨਕ ਹੀ ਉਹਨਾਂ ਨੂੰ ਪਤਾ ਨਹੀਂ ਕੀ ਹੁੰਦਾ ਕੇ ਉਹ ਮਰਦੇ ਤੜਪਦੇ ਲੋਕਾਂ ਨੂੰ ਛੱਡ ਕੇ ਬੋਤਲਾਂ ਲੈ ਕੇ ਭੱਜ ਗਏ ਹਨ,ਤੇ ਲੋਕਾਂ ਦੀਆਂ ਦਿਲ ਪਾੜੂ ਧਾਹਾਂ ਨੇ ਅਸਮਾਨ ਚੀਰ ਦਿੱਤਾ ਹੈ!
ਤਰ੍ਹਾਂ-ਤਰ੍ਹਾਂ ਦੇ ਸੀਨ ਨੇ, ਕਈ ਪਿੰਡਾਂ ਤੇ ਸ਼ਹਿਰਾਂ ਚ ਸਾਰੇ ਦੇ ਸਾਰੇ ਲੋਕ,ਪਸ਼ੂ,ਪੰਛੀ ਮਰੇ ਪਏ ਨੇ, ਪੈਸੇ, ਗਹਿਣੇ ਜੱਗ,ਬਾਲਟੀਆਂ ਖਿੱਲਰੇ ਪਏ ਨੇ, ਹੋਰ ਨਹੀਂ ਦੇਖ ਹੁੰਦਾ, ਬੱਚੇ ਗੋਦ ਚ ਸੁੰਗੜ ਗਏ ਨੇ,ਉਹਨਾਂ ਦੇ ਤੇਜ਼ ਸ਼ਾਹਾਂ ਦੀ ਆਵਾਜ਼ ਤੇ ਧੜਕਣ ਵੱਧ ਗਈ ਹੈ,ਟੀਵੀ ਬੰਦ ਕਰਨ ਹੀ ਲੱਗਦਾ ਹਾਂ ਕਿ ਅਚਾਨਕ ਅੰਤਰਰਾਸ਼ਟਰੀ ਹਵਾਈ ਅੱਡਾ ਦਿਖਾਈ ਦਿੰਦਾ ਹੈ, ਦੇਸ਼ ਦੇ ਸਾਰੇ ਲੀਡਰ, ਗਾਇਕ, ਫਿਲਮੀ ਅੈਕਟਰ, ਵਪਾਰੀ, ਨਾਟਕਾਂ ਵਾਲੇ,ਸੰਤ ਦੇਸ਼ ਤੇ ਲੋਕਾਂ ਨੂੰ ਇਸ ਗਹਿਰੇ ਸੰਕਟ ਚ ਛੱਡ ਕੇ ਸੁਰੱਖਿਅਤ ਦੇਸ਼ਾਂ ਵੱਲ ਤੱਤਕਾਲੀ ਉਡਾਨਾਂ ਭਰ ਰਹੇ ਨੇ,ਜਾਂ ਕਹੀਏ ਭੱਜ ਰਹੇ ਨੇ, ਕਿਸੇ ਚੈਨਲ ਤੇ ਲੋਕ ਬਾਲਟੀਆਂ ਜੱਗਾਂ ਨਾਲ ਜੋਤਸ਼ੀਆਂ ਨੂੰ ਕੁੱਟ ਰਹੇ ਨੇ ਕਿਤੇ ਅਾਪਸ ਚ ਲੜ ਝਗੜ ,ਗਾਲਾਂ ਕੱਢ ਤੇ ਹੱਥੋਪਾਈ ਹੋ ਰਹੇ ਨੇ… ਹੁਣ ਲੋਕ ਇੱਕ ਦੂਜੇ ਦੇ ਲਹੂ ਦੇ ਪਿਆਸੇ ਹੋ ਗਏ ਨੇ,ਆਪਣੀਆਂ ਜਾਨਾਂ ਬਚਾਉਣ ਲਈ ਅਾਪਣੇ ਹੀ ਧੀਆਂ, ਪੁੱਤਾਂ ਭੈਣਾਂ ਭਰਾਵਾਂ ਦੇ ਖੂਨ ਦੇ ਵੈਰੀ ਹੋ ਗਏ ਨੇ ਤੇ ਇੱਕ ਦੂਜੇ ਦੇ ਦੰਦੀਆਂ ਵੱਢ ਰਹੇ ਨੇ, ਨਿੱਕੇ-ਨਿੱਕੇ ਕੋਮਲ ਤੇ ਫੁੱਲਾਂ ਜਿਹੇ ਬੱਚਿਆਂ ਨੂੰ ਕੁੱਤਿਆਂ ਤੇ ਭੇੜੀਆਂ ਵਾਂਗ ਨੋਚ ਰਹੇ ਨੇ! ਲੋਕਾਂ ਦੇ ਮੂੰਹ ਇਸ ਤਰ੍ਹਾਂ ਲਹੂ ਨਾਲ਼ ਲਿੱਬੜੇ ਨੇ, ਜਿਵੇਂ ਕੁੱਤੇ, ਮੋਇਆ ਪਸ਼ੂ ਖਾਕੇ ਆਏ ਹੋਣ।ਇੱਕ ਬੰਦਾ ਅਾਪਣੇ “ਨੋ ਪਾਪਾ-ਨੋ ਪਾਪਾ,ਸੌਰੀ..!!” ਕਰ ਰਹੇ ਬਿਲਕੁਲ ਹੀ ਛੋਟੇ ਤੇ ਸੋਹਣੇ ਜਿਹੇ ਬੱਚੇ ਨੂੰ ਲੱਤਾਂ ਤੋਂ ਫੜਕੇ ਪੱਥਰ ਤੇ ਬਹੁਤ ਬੇਰਹਿਮੀ ਨਾਲ ਪਟਕ ਰਿਹਾ ਹੈ ਤੇ ਹਲਕੇ ਕੁੱਤੇ ਵਾਂਗ ਉਸਦਾ ਲਹੂ ਪੀਣ ਦਾ ਯਤਨ ਕਰ ਰਿਹਾ ਹੈ ਤੇ ਕੋਲ ਹੀ ਉਸਦੀ ਪਤਨੀ ਬੱਚੇ ਨੂੰ ਬਚਾਉਣ ਦੀ ਭਰਪੂਰ ਪਰ ਨਾਕਾਮ ਕੋਸਿਸ ਕਰ ਰਹੀ ਹੈ ਤੇ ਆਖਿਰ ਪਤੀ ਨੂੰ ਹੀ ਭੁੱਖੀ ਸ਼ੇਰਨੀ ਵਾਂਗ ਪੈ ਨਿੱਕਲੀ ਹੈ।
ਇਹ ਦੇਖਕੇ ਮੇਰੇ ਬੱਚਿਆਂ ਦੀ ਇੱਕ ਭਿਆਨਕ ਮਰੀ ਹੋਈ ਲੇਰ ਨਿੱਕਲ ਗਈ ਹੈ,ਬੇਟੀ ਛਾਲ ਮਾਰ ਕੇ ਮੇਰੇ ਤੋਂ ਬਹੁਤ ਦੂਰ ਹੋ ਗਈ ਤੇ ਉਸਨੇ ਬੇਟੇ ਨੂੰ ਮੇਰੇ ਕੋਲੋਂ ਇੱਕਦਮ ਦੂਰ ਖਿੱਚ ਲਿਆ ਹੈ, ਹੁਣ ਉਹਨਾਂ ਦੇ ਪੀਲੇ ਪਏ ਮੂੰਹਾਂ ਤੇ ਮੌਤ ਦੀ ਵੀਰਾਨੀ ਛਾ ਗਈ ਤੇ ਹਵਾਈਅਾਂ ਉੁੱਡ ਰਹੀਆਂ ਨੇ। ਉਹ ਮੇਰੇ ਵੱਲ ਅਜ਼ੀਬ ਦਹਿਸ਼ਤ ਨਾਲ ਦੇਖ ਰਹੇ ਨੇ ਪਰ ਮੇਰੀ ਬੋਲਤੀ ਬੰਦ ਹੈ,ਮੈਂ ਟੀਵੀ ਬੰਦ ਕਰਨ ਲਈ ਉੱਠਿਆ ਹਾਂ, ਡਰੇ ਬੱਚਿਆਂ ਨੇ ਹੱਥ ਬੰਨ੍ਹ ਕੇ ਜਿਵੇਂ ਜਾਨ ਦੀ ਹੀ ਭੀਖ ਮੰਗੀ ਹੋਵੇ—
-“ਸੌਰੀ ਡੈਡੀ! ਪੈਰੀਂ ਹੱਥ ਲੁਆਲੋ! ਅਸੀਂ ਨੀਂ ਪੀਣਾਂ ਪਾਣੀ , ਸਾਨੂੰ ਨੀ ਪਿਆਸ ਲੱਗੀ,ਅਸੀਂ ਤਾਂ ਪਾਣੀ ਨਾਲ ਰੱਜੇ ਹੋਏ ਆਂ ਪਾਪਾ,ਅਸੀਂ ਨੀ ਮੰਗਦੇ ਪਾਣੀ–!” ਤੇ ਮੇਰੇ ਤੋਂ ਡਰਕੇ ਹੋਰ ਪਿੱਛੇ ਹੋ ਰਹੇ ਨੇ ਤੇ ਦੌੜਨ ਦੀ ਤਿਆਰੀ ਚ ਨੇ- “ਪਾਪਾ ਹਾੜ੍ਹਾ, ਪਾਣੀ ਤਾਂ ਗੰਦਾ ਹੁੰਦਾ ਹੈ!ਸੌਰੀ…..!”
ਮੇਰੀ ਰੂਹ ਬਹੁਤ ਬੁਰੀ ਤਰ੍ਹਾਂ ਝੰਜੋੜੀ ਗਈ ਹੈ ਤੇ ਕਾਲਜਾ ਜਿਵੇਂ ਪਾਟ ਗਿਆ ਹੈ, ਬੇਜਾਨ ਲੱਤਾਂ ਨਾਲ ਉੱਠਿਆ ਹਾਂ, ਪਾਣੀ ਦੇ ਸਰਾਪ ਤੋਂ ਡਰ ਗਿਆ ਹਾਂ- “ਨਾਂ ਪੁੱਤ ਪਾਣੀ ਨੀਂ ਗੰਦਾ ਹੁੰਦਾ, ਬੰਦਾ ਹੀ ਗੰਦਾ ਹੁੰਦਾ ਜੋ ਇਹਦੀ ਕਦਰ ਨੀ ਕਰਦਾ, ਰੁੱਖ ਨੀਂ ਲਾਉਂਦਾ ਤੇ ਕੁਦਰਤ ਤੇ ਕੁਦਰਤੀ ਸੋਮਿਆਂ ਦੀ ਸੰਭਾਲ ਨਹੀਂ ਕਰਦਾ! ਬੇਲੋੜਾ ਪਾਣੀ ਡੋਲ੍ਹ-ਡੋਲ੍ਹ ਕੇ ਬੂੰਦ-ਬੂੰਦ ਨੂੰ ਤਰਸ ਗਏ ਹਾਂ, ਕੋਈ ਨਾ ਤੁਸੀਂ ਫਿਕਰ ਨਾ ਕਰੋ..!”
ਬੱਚਿਆਂ ਤੇ ਪਿਆਰ ਤੇ ਤਰਸ ਦੋਵੇਂ ਹੀ ਆਏ ਨੇ,ਉਹਨਾਂ ਨੂੰ ਗਲੇ ਲਗਾ ਕੇ ਪਿਆਰ ਕਰਨ ਲਈ ਉੱਠਿਆਂ ਹਾਂ! ਉਹ “ਨਾਂ ਡੈਡੀ.!!. ਮੰਮੀ….ਮੰਮੀ….!” ਕਰਦੇ ਬਾਹਰ ਨੱਠ ਗਏ.. ਬਾਹਰ ਤਾਂ ਅੱਗ ਵਰੑਦੀ ਹੈ.. ਮੇਰੇ ਰੋਕਦੇ ਹੀ ਰੋਕਦੇ ਉਹ ਬਾਹਰ ਨਿੱਕਲ ਗਏ ਤੇ ਭਖੇ ਹੋਏ ਸੂਰਜ ਨੇ ਮਿੰਟ ਚ ਫੂਕ ਦਿੱਤੇ ਨੇ..ਮੇਰੀਆਂ ਜ਼ੋਰ ਦੀ ਮਾਰੀਆਂ ਹਾਕਾਂ ਮੇਰੇ ਅੰਦਰ ਹੀ ਮਰ ਗਈਆਂ ਨੇ.. ਉਹਨਾਂ ਦੇ ਸਰੀਰਾਂ ਚੋਂ ਧੂੰਏ ਦਾ ਇੱਕ ਕਾਲਾ ਵਰੋਲਾ ਇੱਕਦਮ ਅਸਮਾਨ ਨੂੰ ਚੜ੍ਹ ਗਿਆ ਹੈ ਜਿਸ ਵਿੱਚੋਂ ਇੱਕ ਬਹੁਤ ਵੱਡਾ ਤੇ ਭਿਆਨਕ ਦੈਂਤ ਪ੍ਰਗਟ ਹੋਇਆ ਹੈ ਤੇ ਮੇਰੇ ਵੱਲ ਬੇਹੂਦਾ ਤੇ ਡਰਾਉਣਾ ਹਾਸਾ ਹੱਸ ਕੇ ਚੀਕਿਆ ਹੈ- “ਹੋਰ ਕਰੋ ਪਾਣੀ ਦੀ ਬਰਬਾਦੀ .. ਹੋਰ ਵੱਢੋ ਰੁੱਖ .. ਹੋਰ ਲਗਾਉ ਅੱਗਾਂ… ਮਚਾਓ ਜੰਗਲ… ਸਾਰੇ ਸੰਸਾਰ ਨੂੰ ਨਸ਼ਟ ਕਰਕੇ ਰੱਖਦੂੰ….!”ਤੇ ਫਿਰ ਅਲੋਪ ਹੋ ਗਿਆ! ਮੈਨੂੰ ਕੰਬਣੀ ਛਿੜ ਗਈ..ਤੇ ਮੇਰੀ ਸਾਰੀ ਸੱਤਿਆ ਮਰ ਗਈ, ਮੈਂ ਬੱਚਿਆਂ ਦੀ ਰਾਖ ਕੋਲ ਪਹੁੰਚਿਆ ਹਾਂ.. ਮੇਰੇ ਚੋਂ ਵੀ ਧੂੰਆਂ ਉੱਠਣਾ ਸ਼ੁਰੂ ਹੋ ਗਿਆ ਹੈ! ਪਿੰਡ ਵੱਲੋਂ ਸ਼ੋਰ ਬੰਦ ਹੋ ਗਿਆ ਟੇਅੰਦਰ ਟੀਵੀ ਦਾ ਰੌਲਾ-ਗੌਲਾ ਵੀ ਮੁੱਕ ਗਿਆ ਹੈ, ਬਾਹਰੋਂ ਬਿਲਕੁੱਲ ਖਾਲੀ ਹੱਥ ਧੁਆਂਖੀ ਪਤਨੀ ਮੇਰੀਆਂ ਬਾਹਾਂ ਚ ਝੂਲ ਗਈ ਹੈ! ਉਹ ਜਗ੍ਹਾ -ਜਗ੍ਹਾ ਤੋਂ ਖਾਧੀ ਹੋਈ ਹੈ।ਇੱਕ, ਸਿਰਫ਼ ਇੱਕ ਨਜ਼ਰ ਉਸਦੀ ਬੱਚਿਆਂ ਦੀ ਰਾਖ ਤੇ ਪਈ ਹੈ ਤੇ ਉਹ ਉੱਥੇ ਹੀ ਘੱਗੀ ਤੇ ਮਰੀ ਚੀਕ ਮਾਰਕੇ ਡਿੱਗ ਪਈ ਹੈ, ਮੈਂ ਵੀ ਡਿੱਗ ਪਿਆ ਹਾਂ! ਅਚਾਨਕ ਬਹੁਤ ਜੋਰ ਦੀ ਬੱਦਲ ਗੱਜਦਾ ਹੈ, ਬਿਜਲੀ ਕੜਕਦੀ ਹੈ! ਸਾਰਾ ਘਰ ਹਿੱਲ ਜਾਂਦਾ ਹੈ, ਮੇਰੀ ਜਾਗ ਖੁੱਲ੍ਹ ਜਾਂਦੀ ਹੈ… ਮੈਂ ਪਸੀਨੇ ਨਾਲ ਲੱਥਪੱਥ ਹਾਂ… ਮੇਰਾ ਗਲਾ ਸੁੱਕਾ ਪਿਆ ਹੈ! ਕਮਲਿਆਂ ਵਾਂਗ ਅਾਪਣਾਂ ਪਸੀਨਾਂ ਚੱਟਣ ਲੱਗਦਾ ਹਾਂ!
ਜੇਠ ਮਹੀਨੇ ਦਾ ਅਖੀਰਲਾ ਪੱਖ ਹੈ, ਬਾਹਰ ਸੱਚੀਂ ਹੀ ਬੱਦਲ ਗੱਜ ਰਿਹਾ ਹੈ! ਤੇਜ਼ ਹਵਾ ਚੱਲ ਰਹੀ ਹੈ!
ਮੈਂ ਉੱਠਦਾ ਹਾਂ, ਪਤਨੀ ਤੇ ਬੱਚੇ ਘੂਕ ਸੁੱਤੇ ਪਏ ਨੇ…ਸ਼ੁਕਰ ਹੈ ਵਾਹਿਗੁਰੂ ਜੀ!
ਜੱਗ ਪਾਣੀ ਦਾ ਭਰਿਆ ਪਿਆ ਹੈ।ਬੱਚਿਆਂ ਦੇ ਨਾਲ ਉਨ੍ਹਾਂ ਦੀਆਂ ਡਰਾਇੰਗ ਕਾਪੀਆਂ ਪਈਆਂ ਨੇ, ਮੈਂ ਚੁੱਕ ਕੇ ਦੇਖਦਾ ਹਾਂ ਬੇਟੀ ਨੇ ਰੁੱਖ ਲਗਾਉਣ, ਬੇਟੇ ਨੇ ਪਾਣੀ ਦੀ ਬੂੰਦ -ਬੂੰਦ ਬਚਾਉਣ ਦੇ ਸੁਨੇਹੇ ਦਿੱਤੇ ਨੇ, ਉੁੱਤੇ ਮੇਰੀ ਕਵਿੱਤਰੀ ਪਤਨੀ ਨੇ ਢੁਕਵੀਅਾਂ ਕਾਵਿ ਕੈਪਸ਼ਨਾਂ ਲਿਖੀਆਂ ਨੇ..
ਪਵਣ ਗੁਰੂ ਪਾਣੀ ਪਿਤਾ..!”ਮਾਂ ਬਾਣੀ ਗਾ ਰਹੀ ਹੈ
“ਉੱਠੋ ਭਾਈ! ਜਾਗੋ… ਜਾਗਣ ਦਾ ਵੇਲਾ ਹੈ… ਜੀਵਨ ਮਨੋਰਥ ਸਫਲ ਕਰੋ! ਗੁਰਦੁਆਰੇ ਚੋਂ ਅਵਾਜ਼ ਮੇਰੀ ਸੁੱਤੀ ਚੇਤਨਾਂ ਨੂੰ ਜਗਾ ਰਹੀ ਹੈ!
ਕੁਦਰਤ ਮੈਨੂੰ ਝੰਜੋੜ ਰਹੀ ਹੈ, ਜਿੰਦਗੀ ਦੇ ਅਸਲ ਮਕਸਦਾਂ ਦੀ ਸੋਝੀ ਹੋ ਰਹੀ ਹੈ, ਮੇਰੇ ਅੰਦਰ ਦ੍ਰਿੜ ਸੰਕਲਪਾਂ ਦੀ ਪਹੁ ਫੁੱਟ ਰਹੀ ਹੈ, ਕੁਦਰਤ ਪ੍ਰਤੀ ਹਨ੍ਹੇਰਾ ਮੁੱਕਦਾ ਹੈ ਤੇ ਜਿੰਦਗੀ ਦੇ ਸਰਵੋਤਮ ਦੀ ਲਾਲਸਾ ਜਾਗਦੀ ਹੈ!
ਬੱਦਲ ਗੱਜੇ ਹਨ, ਬਿਜਲੀ ਲਿਸ਼ਕੀ ਹੈ! ਦੂਰੋਂ ਕਿਸੇ ਗੁਰਦੁਆਰੇ ਦੇ ਸਪੀਕਰ ਚੋ ਆਸਾ ਦੀ ਵਾਰ ਗੰਵੀ ਜਾ ਰਹੀ ਹੈ ਤੇ ਆਸਾ ਰਾਗ ਚ ਮਿੱਠੀ ਤੇ ਮਧੁਰ ਆਵਾਜ਼ ਦਿਲ ਧੂਹ ਰਹੀ ਹੈ,–“ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਇ ……………………………………!”.
ਜਸਵੀਰ ਸਿੰਘ ਦੀਦਾਰਗੜ੍ਹ
9465520406
ਸਰੋਤ ਵਟਸਅੱਪ