ਸੁਖਵਿੰਦਰ ਕੌਰ ਸੁਭਾਅ ਦੀ ਮਿੱਠੀ ਪਰ ਅੰਦਰੋਂ ਖੋਟੀ ਕਿਸਮ ਦੀ ਔਰਤ ਸੀ। ਸਾਂਝੇ ਪਰਿਵਾਰ ਤੇ ਉਸਦੀ ਤੜੀ ਚੱਲਦੀ ਸੀ। ਪੁਰਾਣੇ ਸਮਿਆਂ ਦੀ ਬੀ:ਏ: ਪਾਸ ਹੋਣ ਕਰਕੇ ਸਭ ਨੂੰ ਟਿੱਚ ਜਾਣਦੀ ਸੀ। ਉਹਦੇ ਘਰ ਵਾਲਾ ਤੇ ਜੇਠ ਟੱਬਰ ਦੀ ਇੱਜ਼ਤ-ਵੁੱਕਤ ਦੇ ਮੱਦੇਨਜ਼ਰ ਉਹਨੂੰ ਅਣਗੌਲਿਆਂ ਕਰ ਛੱਡਦੇ। ਸੱਸ-ਸਹਰੇ ਦੇ ਗੁਜ਼ਰਨ ਤੋਂ ਬਾਅਦ ਉਹਦੀਆਂ ਵਧੀਕੀਆਂ ਸਹਿਣ ਨੂੰ ਰਹਿ ਗਈ ਸੀ ਤਾਂ ਬੱਸ….
ਉਹਦੀ ਜੇਠਾਣੀ। ਸਮਾਂ ਲੰਘਦਾ ਗਿਆ….ਬੱਚੇ ਵੀ ਜਵਾਨ ਹੋ ਗਏ ਸਨ। ਜੇਠ ਦੇ ਵੱਡੇ ਮੁੰਡੇ ਦਾ ਵਿਆਹ ਇੱਕ ਸੁਘੜ ਸਿਆਣੀ ਕੁੜੀ ਨਾਲ ਹੋ ਗਿਆ । ਪੜੀ ਲਿਖੀ ਹੋਣ ਦੇ ਬਾਵਜੂਦ ਆਉਂਦੀ ਨੇ ਈ ਘਰ ਦਾ ਸਾਰਾ ਕੰਮ ਸੰਭਾਲ ਲਿਆ ਸੀ ਪਰ ਉਹਨੂੰ ਵੀ ਨੱਕ ਹੇਠ ਨਾ ਲਿਆਉਂਦੀ
“ਲੈ ਕੇਰਾਂ ਦਾ ਕੰਮ ਕਰਕੇ ਚੁਬਾਰੇ ਚੜਕੇ ਪੈ ਜਾਂਦੀ ਐ, ਜੇ ਕੋਈ ਭਲਾ ਹੇਠਾਂ ਚਾਹ ਪਾਣੀ ਆਲਾ ਆ ਜਾਏ ਫੇਰ”?
“ਉੱਠਣ ਸਾਰ ਈ ਕੱਪੜੇ ਧੋਣ ਲੱਗ ਜਾਂਦੀ ਐ ਆਏਂ ਨੀ ਵੀ ਚੁੱਲੇ ਕਨੀਂ ਦੇਖ ਲਾਂ” ਸਾਰਾ ਦਿਨ ਨਿੱਕੀਆਂ ਨਿੱਕੀਆਂ ਗੱਲਾਂ ਤੇ ਭਸੂੜੀ ਪਾਈਂ ਰੱਖਦੀ।
ਜੇ ਅੱਗਿਓਂ ਉਹ ਕਿਸੇ ਗੱਲ ਦਾ ਜਵਾਬ ਦੇ ਦਿੰਦੀ ਤਾਂ ਘਰ ਚ ਉਹ ਮਹਾਂਭਾਰਤ ਛਿੜਦਾ…..ਰਹੇ ਰੱਬ ਦਾ ਨਾਂ।
ਉਹਦੀ ਸੱਸ ਵੀ ਓਹਲਿਓ- ਚੋਰੀ ਓਸੇ ਨੂੰ ਚੁੱਪ ਰਹਿਣ ਨੂੰ ਕਹਿੰਦੀ। ਦੋਵੇਂ ਸੱਸ-ਨੂੰਹਾਂ ਕਿਸੇ ਤਰਾਂ ਸਮਾਂ ਲੰਘਾ ਰਹੀਆਂ ਸਨ।
ਹੁਣ ਉਹਦੇ ਆਪਣੇ ਮੁੰਡੇ ਦਾ ਰਿਸ਼ਤਾ ਵੀ ਪੱਕਾ ਹੋ ਗਿਆ ਸੀ। ਠੋਕ ਵਜਾਕੇ, ਚੰਗੀ ਤਰਾਂ ਦੇਖ ਪਰਖ ਕੇ ਰਿਸ਼ਤਾ ਲਿਆ ਸੀ ਉਹਨੇ…..” ਕੋਈ ਚੰਗੇ ਘਰ ਦੀ ਧੀ ਆ ਜਾਏ, ਜਿਹੜੀ ਮੇਰੀ ਸੇਵਾ ਕਰੇ, ਮੇਰੇ ਤਾਂ ਗੋਡੇ ਪਹਿਲਾਂ ਈ ਦੁਖਦੇ ਨੇ” ਆਢਣਾਂ- ਗੁਆਢਣਾਂ ਨੂੰ ਆਖਦੀ, ਉਹਦੀ ਕਰਤੂਤ ਤੋਂ ਸਭ ਵਾਕਿਫ ਸਨ ਪਰ ਮੂੰਹ ਤੇ ਸਭ ਹਾਂ ਚ ਹਾਂ ਮਿਲਾ ਦਿੰਦੀਆਂ ।
ਵਿਆਹ ਹੋਇਆ, ਨੂੰਹ ਆ ਗਈ। ਮਹੀਨਾ- ਵੀਹ ਦਿਨ ਤਾਂ ਲਾਡਾਂ ਸ਼ਗਨਾਂ ਚ ਈ ਲੰਘ ਗਏ। ਉਸਤੋਂ ਬਾਅਦ ਵੀ ਤੋਰਾ ਫੇਰਾ ਕਦੇ ਕਿਤੇ ਕਿਤੇ…..ਉਸਤੋਂ ਬਾਅਦ ਵੀ ਨਵੀਂ ਵਿਆਹੀ ਦਿਨ ਚੜੇ ਉੱਠਿਆ ਕਰੇ
“ਮੰਮਾ ਚਾਹ ਬਣਾ ਦਿਓ ਦੋ ਕੱਪ” ਨਾ ਰੋਟੀ ਚੱਕ ਕੇ ਖਾਵੇ ; ਕੁੱਝ ਦਿਨ ਤਾਂ ਜੇਠਾਣੀ ਤੇ ਉਹਦੀ ਨੂੰਹ ਨੇ ਦੇਖਿਆ, ਬਾਅਦ ਚ ਉਹ ਹਟ ਗਈਆਂ ਬੈਠੀ ਨੂੰ ਪੂਜਣੋਂ…..ਫੇਰ ਤਾਂ ਗਰੈਜੂਏਟ ਸੁਖਵਿੰਦਰ ਕੌਰ ਦੀ ਪੱਕੀ ਓ ਡਿਊਟੀ ਲੱਗ ਗਈ, ਨੂੰਹ ਪੁੱਤ ਨੂੰ ਅੰਨ- ਪਾਣੀ ਵਰਤਾਉਣ ਦੀ…ਨੂੰਹ ਬਣਕੇ ਆਈ ਸੀ….ਸੱਸ ਬਣ ਬੈਠੀ….ਅਵਲ ਤਾਂ ਮਹੀਨਾ ਮਹੀਨਾ ਪੇਕੇ ਈ ਗਈ ਰਹਿੰਦੀ, ਜੇ ਆਉਂਦੀ ਵੀ ਤਾਂ ਕਦੇ ਬੁਖਾਰ-ਸਿਰ ਦਰਦ,ਪੇਟ ਦਰਦ ਦਾ ਨਾ ਖਤਮ ਹੋਣ ਵਾਲਾ ਸਿਲਸਿਲਾ; ਜੇ ਕੁੱਝ ਕਹਿਣਾ ਚਾਹੁੰਦੀ ਤਾਂ ਮੁੰਡਾ ” ਮਾਂ ਇਹਨੂੰ ਤਾਂ ਆਪ ਈ ਡਿਪਰੈਸ਼ਨ ਹੋ ਗਿਐ, ਜੇ ਆਪਾਂ ਨਹੀਂ ਇਹਨੂੰ ਸਮਝਾਂਗੇ, ਇਹਦੀ ਮਦਦ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂ, ਆਖ ਚੁੱਪ ਕਰਾ ਦਿੰਦਾ। ਬਾਹਲੀਆਂ ਨਘੋਚਾਂ ਕੱਢਣ ਵਾਲੀ ਹੱਥ ਮਲ ਕੇ ਰਹਿ ਜਾਂਦੀ।
ਲੱਤਾਂ ਘੁੱਟਣੀਆਂ ਤਾਂ ਦੂਰ ਸਗੋਂ ਲੱਤਾਂ ਘੁਟਵਾਇਆ ਕਰੇ….. ਦਵਾਈ ਨਾਲ ਪਾਣੀ ਦਾ ਗਿਲਾਸ ਬੈੱਡ ਤੇ ਪਈ ਦੇ ਹੱਥ ਚ ਫੜਾਉਣਾ ਪੈਂਦਾ
ਨਾ ਝਾੜੂ ਲਾਉਣਾ ਆਵੇ ਨਾ ਕੱਪੜੇ ਧੋਣੇ, ਰੋਟੀ ਟੁੱਕ ਤਾਂ ਆਉਣਾ ਈ ਕਿੱਥੋਂ ਸੀ।
ਹੋਰਾਂ ਨੂੰ ਬੇਹੇ ਕੜਾਹ ਵਾਂਗੂੰ ਲੈਣ ਵਾਲੀ ਹੁਣ ਆਪਣੀ ਨੂੰਹ ਨੂੰ ” ਨਿਆਣੀ ਐ” ਕਹਿ ਕੇ ਸਾਰ ਦਿਆ ਕਰੇ।
ਮਾਘ ਮਹੀਨੇ ਗੁਆਂਢੀਆਂ ਦੇ ਮੁੰਡੇ ਦੇ ਵਿਆਹ ਦੀ ਜਾਗੋ ਚ ਜਦ ਨੂੰਹ ਨੇ, ਸੱਸ ਦੀ ਬਾਂਹ ਨੱਚਣ ਨੂੰ ਖਿੱਚ ਕੇ
“ਸੱਸੇ ਨੀ ਬਾਰਾਂ ਤਾਲ਼ੀਏ, ਮੈਂ ਤੇਰਾਂ ਤਾਲ਼ੀ ਆਈ” ਬੋਲੀ ਪਾਈ ਤਾਂ ਲੋਹੜੇ ਦੀ ਠੰਡ ਚ ਵੀ ਸੁਖਵਿੰਦਰ ਕੌਰ ਦਾ ਸਿਰ ਘੁੰਮ ਗਿਆ।
ਹਰਿੰਦਰ ਕੌਰ ਸਿੱਧੂੂ
punjabi
ਅੱਜ ਬੜੇ ਦਿਨਾਂ ਪਿੱਛੋਂ ਆਪਣੇ ਪਿੰਡ ਜਾਣ ਦਾ ਸਬੱਬ ਬਣਿਆ, ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਸੀ, ਪਰ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਸਾਡੇ ਪਿੰਡ ਦਾ ਸੁਆ ਅਤੇ ਘੱਗਰ, ਦੋਵਾਂ ਦੇ ਵਿਚਕਾਰ ਸੀ ਸਾਡਾ ਛੋਟਾ ਜਿਹਾ ਪਿੰਡ, ਸੂਏ ਅਤੇ ਘੱਗਰ ਦੇ ਹਾਲਾਤ ਅਜਿਹੇ ਹੀ ਸਨ ਜੋ ਅੱਜ ਤੋਂ 10-15 ਸਾਲ ਪਹਿਲਾਂ। ਹੱਥਾਂ ਦੇ ਖਿਡਾਏ ਜਵਾਨ ਹੋ ਚੁੱਕੇ ਸੀ, ਅਤੇ ਜੋ ਜਵਾਨ ਸੀ, ਉਹਨਾਂ ਦੀ ਦਾੜੀ ਵਿੱਚੋਂ ਮੇਰੀ ਦਾੜੀ ਵਾਂਗੂ ਚਿਟੇ ਚਮਕਾਂ ਮਾਰਨ ਲੱਗੇ ਸੀ। ਪਿੰਡ ਵਿੱਚ ਯਾਰਾ ਦੋਸਤਾਂ ਅਤੇ ਕੁੱਝ ਬਜ਼ੁਰਗਾਂ ਨੂੰ ਮਿਲਿਆ, ਕੁੱਝ ਪੁਰਾਣੀਆਂ ਅਤੇ ਬੱਚਪਨ ਦੀਆਂ ਯਾਦਾਂ ਤਾਜਾ ਕੀਤੀਆਂ, ਸ਼ਹਿਰ ਦੀ ਭੱਜ- ਦੌੜ ਦੀ ਜਿੰਦਗੀ ਤੋਂ ਥੱਕੀ ਰੂਹ ਨੂੰ ਕੁੱਝ ਸਕੂਨ ਦਾ ਅਹਿਸਾਸ ਹੋਇਆ।
ਪਿੰਡ ਘੁੰਮਣ ਤੋਂ ਬਆਦ, ਜਦੋਂ ਅਪਣੇ ਜੱਦੀ ਘਰ ਵਾਲੀ ਗਲੀ ਨੂੰ ਮੁੜਿਆ ਤਾਂ ਸਾਡੇ ਪੁਰਾਣੇ ਗਵਾਂਢੀ, ਅਤੇ ਘਰ ਦੀਆਂ ਯਾਦਾਂ ਦਿਮਾਗ ਵਿੱਚ ਇੱਕ ਫ਼ਿਲਮ ਦੀ ਤਰ੍ਹਾਂ ਰਪੀਟ ਹੋਣ ਲੱਗੀਆਂ।
ਲੰਘਿਆ ਸਮਾਂ ਕਦੇ ਵਾਪਿਸ ਨਹੀਂ ਆਉਂਦਾ, ਇਹ ਗੱਲ ਸਾਰੇ ਭਲੀ- ਭਾਂਤੀ ਜਾਣਦੇ ਹਾਂ, ਪਰ ਜਿੰਦਗੀ ਦੇ ਕੁੱਝ ਅਜਿਹੇ ਪਲ ਵੀ ਹੁੰਦੇ ਹਨ ਜਿਨ੍ਹਾਂ ਨੂੰ ਯਾਦ ਕਰਕੇ ਬੰਦਾ ਭਾਵੁਕ ਹੋ ਜਾਂਦਾ ਹੈ।
ਰਾਤ ਦਾ ਸਮਾਂ ਜਦੋਂ ਅਸੀ ਰਲ੍ਹ ਕੇ ਸਮਾਨ ਵਗੈਰਾ ਇਕੱਠਾ ਕਰ ਰਹੇ ਸੀ, ਤਾਂ ਇੰਝ ਲੱਗ ਰਿਹਾ ਸੀ ਕਿ ਘਰ ਦੀਆਂ ਕੰਧਾਂ ਨੂੰ ਵੀ ਜਿਵੇਂ ਪਤਾ ਲੱਗ ਗਿਆ ਸੀ ਕਿ ਸਾਡੇ ਮਾਲਿਕ, ਸਾਡੇ ਤੋਂ ਕੁੱਝ ਛੁਪਾ ਰਹੇ ਹੋਣ,ਪਿੰਡ ਛੱਡਣ ਬਾਰੇ ਅਸੀਂ ਬਹੁਤਾ ਰੌਲਾ ਨਹੀਂ ਸੀ ਪਾਇਆ, ਸਾਨੂੰ ਡਰ ਸੀ ਕਿ ਜੇ ਗਵਾਂਢੀਆਂ ਨੂੰ ਦੱਸਿਆ ਤਾਂ ਪਿੰਡ ਨਾ ਛੱਡਣ ਲਈ ਜਰੂਰ ਕਹਿਣਗੇ, ਅਤੇ ਸਾਨੂੰ ਪਿੰਡ ਛੱਡਣਾ ਔਖਾ ਲੱਗੇਗਾ, ਇਸੇ ਲਈ ਮੈਂ ਬੇਬੇ ਬਾਪੂ ਨੂੰ ਵੀ ਦੋ ਦਿਨ ਪਹਿਲਾਂ ਸ਼ਹਿਰ ਰਿਸਤੇਦਾਰ ਘਰੇ ਛੱਡ ਦਿੱਤਾ ਸੀ, ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਜੇ ਉਹ ਭਾਵੁਕ ਹੋ ਗਏ ਤਾਂ ਸਾਂਭਣਾ ਔਖਾ ਹੋ ਜਾਵੇਗਾ।
ਪਰ ਸਾਡੇ ਗਵਾਂਢੀ ਦਿਆਲੇ ਬੁੜ੍ਹੇ ਅਤੇ ਓਹਦੇ ਘਰਵਾਲੀ ਸੀਤੋ ਨੂੰ ਪਤਾ ਨਹੀਂ ਕਿਥੋਂ ਸੂਹ ਮਿਲ ਗਈ, ਰਾਤ ਵੇਲ੍ਹੇ ਹੀ ਸਾਡੇ ਘਰ ਆ ਬੈਠੇ ਸੀਤੋ ਬੁੜੀ ਮੇਰੇ ਗਲ੍ਹ ਲੱਗ ਰੋਣ ਲੱਗ ਪਈ, ਅਸੀ ਦੋਵੇਂ ਜੀਅ ਥੋਡੇ ਸਹਾਰੇ ਦਿਨ ਕੱਟਦੇ ਸੀ, ਤੇਰੇ ਬੇਬੇ ਬਾਪੂ ਨਾਲ ਦੁਖ-ਸੁੱਖ ਸਾਂਝਾ ਕਰ ਲੈਂਦੇ ਸੀ, ਹੁਣ ਸਾਨੂੰ ਕਿਹਨੇ ਪੁੱਛਣਾ ਦਿਆਲੇ ਬੁੜ੍ਹੇ ਦੀਆਂ ਦੋ ਧੀਆਂ ਹੀ ਸਨ, ਜੋ ਵਿਆਹ ਪਿੱਛੋਂ ਆਪਣੇ-ਆਪਣੇ ਘਰ ਸੁੱਖੀ-ਸਾਂਦੀ ਰਹਿ ਰਹੀਆਂ ਸਨ ਜਿਸ ਕਰਕੇ ਉਹ ਦੋਵੇਂ ਜੀਅ ਇਕੱਲੇ ਰਹਿ ਗਏ ਸੀ, ਮੈਂ ਦਿਲਾਸਾ ਦਿੰਦਿਆਂ ਕਿਹਾ ਬੇਬੇ ਹੌਸਲਾ ਰੱਖ ਅਸੀ ਸਾਰੇ ਮਿਲਣ ਆਇਆ ਕਰਾਂਗੇ, ਨਾਲੇ ਪਿੰਡ ਛੱਡਣ ਨੂੰ ਕੀਹਦਾ ਦਿੱਲ ਕਰਦਾ, ਕੁੱਝ ਮਜਬੂਰੀਆਂ ਮਜਬੂਰ ਕਰ ਦਿੰਦੀਆਂ ਹਨ, ਮੈਂ ਲੰਮਾ ਹੋਕਾਂ ਲੈ ਕੇ ਕਿਹਾ ਸੀ, ਦਿਆਲੇ ਬੁੜ੍ਹੇ ਨੇ ਜਾਣ ਲੱਗਿਆ ਇੱਕ ਨਸੀਹਤ ਵੀ ਦਿੱਤੀ ਸੀ ਕਿ ਪੁੱਤਰਾ, ਸ਼ਹਿਰ ਵਿੱਚ ਚਾਦਰ ਦੇਖ ਕਿ ਪੈਰ ਪਸਾਰਿਓ ਪਿੰਡਾਂ ਵਿੱਚ ਸੌ ਪਰਦਾ ਹੁੰਦਾ, ਸੁਣਿਐ ਸ਼ਹਿਰ ਚ ਦੁੱਧ ਦੇ ਨਾਲ-ਨਾਲ ਪਾਣੀ ਵੀ ਮੁੱਲ ਮਿਲਦਾ। ਉਹ ਸਾਰੀ ਰਾਤ ਬੇਚੈਨੀ ਲੱਗੀ ਰਹੀ, ਨੀਂਦ ਨਾ ਆਈ, ਸਵੇਰੇ ਛੇ ਵੱਜਦੇ ਨੂੰ ਬੱਚੇ ਬੱਸ ਚ ਚੜ੍ਹਾਏ,ਸਮਾਨ ਕਿਰਾਏ ਦੀ ਟਰਾਲੀ ਚ ਲਦਿਆ, ਚੇਤਕ ਸਕੂਟਰ ਟਰਾਲੀ ਦੇ ਪਿੱਛੇ ਲਾਇਆ, ਪਿੰਡ ਤੋਂ ਬਾਹਰ ਨਿਕਲਦੇ ਇੱਕ ਪਲ ਲਈ ਲੱਗਿਆ ਜਿਵੇਂ ਕੋਈ ਗੁਨਾਹ ਕਰਕੇ ਜਾ ਰਿਹਾ ਹੋਵਾਂ, ਪਿੰਡ ਦੀਆਂ ਗਲੀਆਂ ਲਾਹਨਤਾਂ ਪਾ ਰਹੀਆਂ ਹੋਣ, ਕਿ ਸਾਡੇ ਵਿੱਚ ਖੇਡਣ ਦਾ ਮੁੱਲ ਤਾਂ ਮੋੜਦਾ ਜਾ।
ਇਹੋ ਸੋਚਾਂ ਸੋਚਦਾ ਹੋਇਆ ਅੱਜ ਫੇਰ ਮੈਂ ਆਪਣੇ ਘਰ ਮੁਹਰੇ ਖੜਾ ਸੀ, ਘਰ ਵੱਲ ਵੇਖਿਆ ਤਾਂ ਇੰਝ ਲੱਗਾ ਜਿਵੇਂ ਸਮੇਂ ਦੇ ਨਾਲ ਇਹ ਵੀ ਆਪਣਾ ਬੁਢਾਪਾ ਹੰਡਾ ਰਿਹਾ ਹੋਵੇ ਘਰ ਵਿੱਚ ਪਈਆਂ ਤਰੇੜਾਂ ਇੰਝ ਲੱਗ ਰਹੀਆਂ ਸਨ ਜਿਵੇਂ ਕਿਸੇ ਬਜ਼ੁਰਗ ਦੇ ਮੂੰਹ ਤੇ ਝੁਰੜੀਆਂ ਪਈਆਂ ਹੋਣ, ਇੱਕ ਪਲ ਲਈ ਮੈਨੂੰ ਲੱਗਿਆ ਜਿਵੇਂ ਮੇਰਾ ਘਰ ਕਹਿ ਰਿਹਾ ਹੋਵੇ ਕਿ ਤੂੰ ਸ਼ਹਿਰ ਜਾ ਕੇ ਮੈਂਨੂੰ ਭੁੱਲ ਹੀ ਗਿਆ ਸੀ, ਮੇਰਾ ਤਾਂ ਤੇਰੇ ਕੋਲ ਸ਼ਹਿਰ ਆਉਣਾ ਮਜਬੂਰੀ ਸੀ ਪਰ ਤੂੰ ਤਾਂ ਆ ਸਕਦਾ ਸੀ,ਅੱਜ ਪਹਿਲੀ ਵਾਰ ਲੱਗਿਆ ਜਿਵੇਂ ਕੋਈ ਬੇਜਾਨ ਚੀਜ ਗੱਲਾਂ ਕਰਦੀ ਹੋਵੇ, ਬਸ ਸਮਝਣ ਦੀ ਲੋੜ ਸੀ।ਘਰ ਵੱਲ ਵੇਖ ਮੇਰੀਆਂ ਅੱਖਾਂ ਭਰ ਆਈਆਂ ਮੈਂ ਕਿੰਨਾ ਚਿਰ ਹੀ ਉੱਥੇ ਖੜਾ ਸੋਚਦਾ ਰਿਹਾ, ਕਿ ਜੇ ਮੈਂ ਵੀ ਇਸ ਨੂੰ ਆਪਣਾ ਦਰਦ ਸਮਝਾ ਸਕਦਾ।
ਭਾਵੇਂ ਮਜਬੂਰੀਆਂ ਸਾਨੂੰ ਜਿੱਥੇ ਮਰਜੀ ਲੈ ਜਾਣ ਪਰ ਪਿੰਡਾ ਵਾਲਿਆਂ ਨੂੰ ਆਪਣੇ ਪਿੰਡ ਭਲਾਉਣੇ ਬਹੁਤ ਔਖੇ ਨੇ।
ਦਵਿੰਦਰ ਸਿੰਘ ਰਿੰਕੂ
ਸਤਵੰਤ ਤੇ ਬਲਜੀਤ ਬਚਪਨ ਤੋਂ ਹੀ ਚੰਗੇ ਦੋਸਤ ਸਨ ।ਦੋਨੋਂ ਇਕੱਠੇ ਪੜ੍ਹਦੇ ਸਨ ।ਵੱਡੇ ਹੋਏ ਤਾਂ ਸੁਖਵੰਤ ਨੂੰ ਇੱਕ ਸਰਕਾਰੀ ਨੌਕਰੀ ਮਿਲ ਗਈ ਤੇ ਉਸ ਦਾ ਆਪਣੇ ਪਰਿਵਾਰ ਵਿੱਚ ਚੰਗਾ ਗੁਜ਼ਾਰਾ ਚੱਲ ਰਿਹਾ ਸੀ। ਦੂਜੇ ਪਾਸੇ ਬਲਜੀਤ ਦੀ ਸੰਗਤ ਕੁਝ ਗਲਤ ਮੁੰਡਿਆਂ ਨਾਲ ਹੋਣ ਕਰਕੇ ਉਹ ਸ਼ਰਾਬੀ ਬਣ ਗਿਆ।ਉਹ ਸ਼ਰਾਬ ਪੀ ਕੇ ਕੋਈ ਨਾ ਕੋਈ ਬਖੇੜਾ ਖੜ੍ਹਾ ਕਰੀ ਰੱਖਦਾ ।ਉਸ ਦੇ ਬੱਚੇ ਵੀ ਡਰੇ ਸਹਿਮੇ ਰਹਿੰਦੇ ।ਸਤਵੰਤ ਨੇ ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਸਭ ਵਿਅਰਥ। ਉਸ ਤੇ ਕੋਈ ਅਸਰ ਨਾ ਹੋਇਆ । ਕਈ ਮਹੀਨਿਆਂ ਬਾਅਦ ਦੋਨੋਂ ਦੋਸਤ ਜਦੋਂ ਮਿਲੇ ਤਾਂ ਸਤਵੰਤ ਨੂੰ ਬਲਜੀਤ ਦੇ ਵਿੱਚ ਕੁਝ ਬਦਲਾਅ ਨਜ਼ਰ ਆਇਆ। ਉਹ ਪਹਿਲਾਂ ਨਾਲੋਂ ਹਸਮੁੱਖ ਨਜ਼ਰ ਆ ਰਿਹਾ ਸੀ। ਸਤਵੰਤ ਨੇ ਪੁੱਛਿਆ ,”ਬਲਜੀਤ ਕਿੱਧਰ ਜਾ ਰਿਹਾ ?” ” ਮੈਂ ਖੇਤ ਗੇੜਾ ਮਾਰਨ ਚੱਲਿਆ ਸੀ ।ਆਜਾ ਤੂੰ ਵੀ ਚੱਲਣਾ ਤਾਂ।” ਦੋਨੋਂ ਸੈਰ ਕਰਦੇ ਕਰਦੇ ਸੜਕ ਤੇ ਤੁਰ ਪਏ ।ਗੱਲਾਂ ਗੱਲਾਂ ਵਿੱਚ ਸੁਖਵੰਤ ਨੇ ਬਲਜੀਤ ਤੋਂ ਪੁੱਛਿਆ ,”ਕੀ ਗੱਲ ਅੱਜ ਤੂੰ ਸ਼ਰਾਬ ਨਹੀਂ ਪੀਤੀ ?ਅੱਗੇ ਤਾਂ ਇਸ ਵਕਤ ਵੀ ਤੂੰ ਡੱਕਿਆ ਹੁੰਦਾ ਹੈਂ ਸ਼ਰਾਬ ਨਾਲ਼ ।” ਤਾਂ ਬਲਜੀਤ ਬੋਲਿਆ ,”ਯਾਰ!ਮੈਂ ਛੱਡ ਦਿੱਤੀ ਸ਼ਰਾਬ ।” “ਕਿਉਂ ਕੀ ਹੋ ਗਿਆ ?ਤੂੰ ਤਾਂ ਸ਼ਰਾਬ ਬਿਨਾਂ ਇੱਕ ਮਿੰਟ ਨਹੀਂ ਰਹਿੰਦਾ ਸੀ ।”ਸੁਰਿੰਦਰ ਸਤਵੰਤ ਨੇ ਹੈਰਾਨ ਹੋ ਕੇ ਪੁੱਛਿਆ। “ਯਾਰ !ਮੈਨੂੰ ਤਾਂ ਸ਼ਰਾਬ ਨਾਲੋਂ ਵੀ ਵੱਡਾ ਨਸ਼ਾ ਮਿਲ ਗਿਆ। ਸ਼ਰਾਬ ਦੀ ਕੋਈ ਲੋੜ ਨਹੀਂ ਰਹੀ ਹੁਣ ! ” ਸਤਵੰਤ ਹੈਰਾਨ ਹੋ ਗਿਆ।” ਸ਼ਰਾਬ ਨਾਲੋਂ ਵੱਡਾ ਨਸ਼ਾ ਕਿਹੜਾ ?ਕਿਤੇ ਸਮੈਕ ਤਾਂ ਨੀਂ ਲੈਣ ਲੱਗ ਗਿਆ? ਇੱਕ ਖਾਈ ਚੋਂ ਨਿਕਲ ਕੇ ਦੂਜੀ ਖਾਈ ‘ਚ ਤਾਂ ਨਹੀਂ ਡਿੱਗ ਪਿਆ ਕਿਤੇ ?” ਸਤਵੰਤ ਨੇ ਕਾਹਲ਼ੀ ਨਾਲ ਪੁੱਛਿਆ। ਤਾਂ ਬਲਜੀਤ ਹੱਸ ਪਿਆ ,” ਚੱਲ ਆ ਬੈਠ ਕੇ ਕਰਦੇ ਹਾਂ ਗੱਲਾਂ ।” ਇੰਨੇ ਨੂੰ ਉਹ ਖੇਤ ਪਹੁੰਚ ਗਏ ।ਉੱਥੇ ਕੋਲ਼ ਪਏ ਮੰਜੇ ਤੇ ਬੈਠਦਿਆਂ ਬਲਜੀਤ ਬੋਲਿਆ ,”ਆ ਦੱਸਦਾ ਤੈਨੂੰ ਸਾਰੀ ਗੱਲ ।”ਦੋਵੇਂ ਦੋਸਤ ਮੰਜੇ ਤੇ ਆਰਾਮ ਨਾਲ ਬੈਠ ਗਏ ਤਾਂ ਬਲਜੀਤ ਨੇ ਗੱਲ ਸ਼ੁਰੂ ਕੀਤੀ,” ਤੈਨੂੰ ਯਾਦ ਨਾ ਆਪਣਾ ਇੱਕ ਦੋਸਤ ਸੀ ।ਜਿਸਦੇ ਦੇ ਨਾਲ਼ ਰਲ਼ ਕੇ ਸ਼ਰਾਬ ਪੀਂਦਾ ਸੀ ਮੈਂ। ਉਹਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ।ਜਿਗਰ ਖ਼ਰਾਬ ਹੋਣ ਨਾਲ਼।ਜ਼ਿਆਦਾ ਸ਼ਰਾਬ ਪੀਣ ਕਾਰਨ ਉਹਦੇ ਗੁਰਦੇ ਵੀ ਫੇਲ੍ਹ ਹੋ ਚੁੱਕੇ ਸਨ। ਉਸ ਦੀ ਮੌਤ ਨੇ ਮੈਨੂੰ ਝੰਜੋੜ ਦਿੱਤਾ ਤੇ ਮੈਂ ਬਦਲ ਗਿਆ। ਮੈਂ ਨਿਸ਼ਚਾ ਕਰ ਲਿਆ ਕਿ ਮੈਂ ਸ਼ਰਾਬ ਛੱਡ ਕੇ ਹੀ ਰਹਾਂਗਾ। ਤੇ ਇੱਕ ਨਵਾਂ ਨਸ਼ਾ ਲੱਭ ਲਿਆ।” “ਯਾਰ! ਦੱਸ ਤਾਂ ਸਹੀ ਕਿਹੜਾ ਨਵਾਂ ਨਸ਼ਾ?” “ਜਦੋਂ ਮੈਂ ਉਸ ਦੇ ਰੋਂਦੇ ਕੁਰਲਾਉਂਦੇ ਬੱਚਿਆਂ ਨੂੰ ਦੇਖਿਆ ਤਾਂ ਮੈਨੂੰ ਆਪਣੇ ਪਰਿਵਾਰ ਦਾ ਖਿਆਲ ਆਇਆ। ਮੈਂ ਸੋਚਿਆ ਕਿਤੇ ਉਨ੍ਹਾਂ ਨਾਲ ਵੀ ਇਹੀ ਨਾ ਹੋ ਜਾਵੇ ।ਮੈਂ ਬਹੁਤ ਡਰ ਗਿਆ ਤੇ ਮੈਂ ਸੁਧਰਨ ਦਾ ਫੈਸਲਾ ਕੀਤਾ ।ਜਿਹੜਾ ਸਮਾਂ ਬਾਹਰ ਠੇਕੇ ਉੱਤੇ ਬੈਠ ਕੇ ਮੈਂ ਯਾਰਾਂ ਦੋਸਤਾਂ ਦਾ ਬਿਤਾਉਂਦਾ ਸੀ। ਉਹ ਮੈਂ ਆਪਣੇ ਪਰਿਵਾਰ ਨਾਲ ਬਿਤਾਉਣ ਦਾ ਪ੍ਰਣ ਲਿਆ। ਮੇਰੇ ਬੱਚੇ ਮੇਰੇ ਕੋਲ ਆਉਣ ਆਉਣ ਤੋਂ ਝਿਜਕਦੇ ਸੀ ।ਉਹ ਡਰੇ ਸਹਿਮੇ ਰਹਿੰਦੇ ।ਮੈਂ ਉਨ੍ਹਾਂ ਨੂੰ ਉਨ੍ਹਾਂ ਨਾਲ ਸਮਾਂ ਬਿਤਾਉਣਾ ਸ਼ੁਰੂ ਕੀਤਾ ਤੇ ਉਨ੍ਹਾਂ ਵਿੱਚ ਰਹਿ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਹੁਣ ਤੱਕ ਕੀ ਕੁਝ ਗਵਾ ਲਿਆ ਸੀ। ਪਰ ਫਿਰ ਮੈਂ ਸੋਚਿਆ ਕਿ ਜੋ ਗੁਆਚ ਗਿਆ ਤਾਂ ਗਿਆ ਪਰ ਜਿਹੜਾ ਰਹਿ ਗਿਆ ਉਹਨੂੰ ਨੀ ਕਿਤੇ ਨਹੀਂ ਜਾਣ ਦੇਣਾ। ਆਪਣੇ ਬੱਚੇ ਦੀਆਂ ਤੋਤਲੀਆਂ ਗੱਲਾਂ ਸੁਣ ਕੇ ਮੇਰੀ ਰੂਹ ਨਸ਼ਿਆ ਜਾਂਦੀ ਤੇ ਮੈਂ ਖਿੜ੍ਹ ਉੱਠਦਾ ਤੇ ਸੋਚਦਾ ਹਾਏ ਰੱਬਾ !ਏਨਾ ਕੀਮਤੀ ਸਮਾਂ ਪਹਿਲਾਂ ਕਿਉਂ ਗਵਾਇਆ !ਹੌਲ਼ੀ ਹੌਲ਼ੀ ਮੇਰੀ ਰੁਚੀ ਕੰਮ ਵਿੱਚ ਵਧਦੀ ਗਈ ਅਤੇ ਮੇਰਾ ਜੀ ਆਪਣੇ ਕੰਮਾਂ ਵਿੱਚ ਵੀ ਲੱਗਣ ਲੱਗ ਪਿਆ। ਸਾਡੇ ਪਰਿਵਾਰ ਦੀ ਰੌਣਕ ਪਰਤ ਆਈ ਸੀ ਅਤੇ ਸਾਡਾ ਪਰਿਵਾਰ ਫਿਰ ਤੋਂ ਖੁਸ਼ਹਾਲ ਹੋ ਗਿਆ।” ਏਨਾ ਸੁਣ ਕੇ ਬਲਜੀਤ ਨੇ ਸੁੱਖ ਦਾ ਸਾਹ ਲਿਆ,” ਸੱਚੀਂ ਯਾਰ!ਇਹ ਨਸ਼ਿਆਂ ਤੋਂ ਸਾਰੇ ਨਸ਼ਿਆਂ ਤੋਂ ਵੱਧਕੇ ਐ। ਸ਼ੁਕਰ ਐ ਤੈਨੂੰ ਸਮੇਂ ਸਿਰ ਸਮਝ ਚ ਆ ਗਈ।”
ਰਮਨਦੀਪ ਕੌਰ ਵਿਰਕ
“ਹੈਂਅ ਦੇਖ ਲੈ ਕਹਿੰਦੇ ਆਥਣ ਨੂੰ ਏ ਪੂਰੀ ਹੋਗੀ ਤੀ ਮਹਿੰਦਰ ਕੁਰ ਦੀ ਭਤੀਜੀ”,”ਖਬਨੀਂ ਆਪਾਂ ਨੂੰ ਏ ਉਡੀਕਦੀ ਸੀ” ਬਲਤੇਜ ਦੀ ਪਤਨੀ ਜਸਵੀਰ ਨੇ ਉਹਨੂੰ ਚਾਹ ਫੜਾਉਦਿਆਂ ਆਖਿਆ।
“ਅੱਛਿਆ” ਇੰਨਾਂ ਕਹਿ ਉਹ ਅੰਦਰ ਚਲਾ ਗਿਆ ਸੀ ।
ਬੀਤੇ ਕੱਲ ਜਦ ਉਹ ਦੋਵੇਂ ਜੀਅ ਪਟਿਆਲੇ ਤੋਂ ਵਾਪਿਸ ਆਉਂਦੇ ਵਖਤ ਰਾਹ ਵਿੱਚ ਗੱਡੀ ਦਾ ਪੈਂਚਰ ਲਵਾ ਰਹੇ ਸਨ ਤਾਂ ਉਥੇ ਖੜੇ
ਇਕ ਨੌਜਵਾਨ ਮੁੰਡੇ ਨਾਲ ਰਸਮੀ ਗੱਲਬਾਤ ਸ਼ੁਰੂ ਹੋਈ
“ਜੀ ਪਿੰਡ ਕਿਹੜਾ ਆਪਣਾ” ਦੱਸਣ ਤੇ
“ਥੋਡੇ ਪਿੰਡ ਜੀ ਮੇਰੀ ਮਾਂ ਦੀ ਭੂਆ ਐ,ਪ੍ਰਧਾਨ ਜੀਤ ਸਿਓਂ ਦੇ ਘਰੋਂ ਮਹਿੰਦਰ ਕੁਰ,ਮੈਂ ਉਹਨਾਂ ਦੀ ਭਤੀਜੀ ਦਾ ਬੇਟਾ ਆਂ”ਮੁੰਡੇ ਨੇ ਦੱਸਿਆ ਨਾਲੇ ਦੋਵਾਂ ਦੇ ਗੋਡੀਂ ਹੱਥ ਲਾਏ।
“ਜਿਉਂਦਾ ਰਹਿ ਪੁੱਤ,ਉਹਨਾਂ ਨੇ ਤਾਂ ਬਹੁਤ ਸਾਲ ਪਹਿਲਾਂ ਘਰ ਖੇਤ ਚ ਪਾ ਲਿਆ ਸੀ,ਤਾਂ ਕਰਕੇ ਤੈਂਨੂੰ ਸਿਆਣਿਆ ਨੀਂ”ਜਸਬੀਰ ਕੌਰ ਨੇ ਦੱਸਿਆ
” ਹਾਂ ਪੱਚੀ-ਛੱਬੀ ਸਾਲ ਹੋ ਗਏ”ਬਲਤੇਜ ਨੂੰ ਜਿਵੇਂ ਸਭ ਯਾਦ ਸੀ।
“ਆਹ ਨਾਲ ਵਾਲਾ ਪਿੰਡ ਆਪਣਾ ਈ ਆ ਜੀ ਘਰੇਂ ਚੱਲੋ;ਐਨੇ ਚਾਹ ਪਾਣੀ ਪੀ ਲਿਓ,ਮੈਂ ਆਪ ਆਕੇ ਗੱਡੀ ਲੈ ਜਾਊਂ”,ਨਾਲੇ ਮੰਮੀ ਬਹੁਤ ਬਿਮਾਰ ਐ,ਪਤਾ ਨਹੀਂ ਕਿੰਨੇ ਕੁ ਸਮਾਂ ਐ ਉਹਦੇ ਕੋਲ,ਡਾਕਟਰ ਨੇ ਜਵਾਬ ਦੇ ਦਿੱਤੈ,ਮਿਲ ਜਾਇਓ” ਆਖ ਉਹਨੇ ਅੱਖਾਂ ਭਰ ਲਈਆਂ ।
ਇਹ ਗੱਲ ਸੁਣ ਬਲਤੇਜ ਦਾ ਦਿਲ ਜ਼ੋਰ ਨਾਲ ਧੜਕਿਆ ਸੀ।
ਮੁੰਡੇ ਦੇ ਬਹੁਤਾ ਜ਼ੋਰ ਦੇਣ ਤੇ ਨਾ ਚਾਹੁੰਦੇ ਹੋਏ ਵੀ ਉਹ ਮੰਨ ਗਏ ਸਨ ਤੇ ਉਸਦੀ ਕਾਰ ਵਿੱਚ ਬੈਠ ਗਏ।
ਬਲਤੇਜ ਦੀ ਸੋਚਾਂ ਦੀ ਸੂਈ ਤੀਹ ਸਾਲ ਪਿੱਛੇ ਘੁੰਮਦੀ ਹੈ, ਜਦੋਂ ਪਰਮ ਆਪਣੀ ਭੂਆ ਕੋਲ ਦਸਵੀਂ ਕਰਨ ਤੋਂ ਬਾਅਦ ਅੱਗੇ ਪੜਨ ਆਈ ਸੀ। ਉਹਨਾਂ ਦੇ ਪਿੰਡ ਦਾ ਸਰਕਾਰੀ ਸਕੂਲ ਬਾਰਵੀਂ ਤੱਕ ਸੀ। ਉਹ ਆਪ ਦਸਵੀਂ ਕਰਕੇ ਪੜਨੋਂ ਹਟ ਗਿਆ ਸੀ। ਦੋਵੇਂ ਘਰ ਨੇੜੇ ਨੇੜੇ ਈ ਸਨ। ਪਰਮ ਦੇ ਸਕੂਲੋਂ ਆਉਂਦੇ ਜਾਂਦੇ ਦੋਵਾਂ ਦੀਆਂ ਅੱਖਾਂ ਚਾਰ ਹੋਈਆਂ ਸਨ। ਦੋਵੇਂ ਮਨ ਈ ਮਨ ਇੱਕ ਦੂਜੇ ਨੂੰ ਚਾਹੁਣ ਲੱਗੇ ਸਨ,ਪਰ ਦਿਲ ਦੀ ਗੱਲ ਕਹਿ ਨਾ ਸਕੇ। ਬਲਤੇਜ ਨੇ ਕਈ ਵਾਰ ਚਿੱਠੀ ਲਿਖਕੇ ਮੁਹੱਬਤ ਦਾ ਇਜ਼ਹਾਰ ਕਰਨਾ ਚਾਹਿਆ ਸੀ,ਪਰ ਹਿੰਮਤ ਨਾ ਕਰ ਸਕਿਆ,ਨਾਲੇ ਜਾਣਦੇ ਤਾਂ ਦੋਵੇਂ ਈ ਸਨ,ਫੇਰ ਹੋਰ ਕੀ ਕਹਿਣਾ ਵੀ ਕੀ ਸੀ? ਜਜ਼ਬਾਤਾਂ ਉੱਪਰ ਪਰਿਵਾਰ ਤੇ ਸਮਾਜ ਦਾ ਡਰ ਭਾਰੀ ਪੈ ਗਿਆ ਸੀ। ਪਰਮ ਵੀ ਆਪਣੀ ਤੇ ਮਾਪਿਆਂ ਦੀ ਬਦਨਾਮੀ ਦੇ ਡਰੋਂ ਚੁੱਪ ਈ ਰਹੀ।
ਬਾਰਵੀਂ ਦੀ ਪੜਾਈ ਪੂਰੀ ਕਰਕੇ ਪਰਮ ਵਾਪਿਸ ਚਲੀ ਗਈ ਸੀ ਤੇ ਦੋ ਕੁ ਸਾਲਾਂ ਬਾਅਦ ਉਹਦਾ ਵਿਆਹ ਹੋ ਗਿਆ ਸੀ। ਬਲਤੇਜ ਵੀ ਘਰ ਗ੍ਰਹਿਸਥੀ ਚ ਰਮ ਗਿਆ ਸੀ।
ਸੋਚਾਂ ਚ ਗੁੰਮ ਹੋਏ ਨੂੰ ਜਸਵੀਰ ਨੇ ਹਲੂਣ ਕੇ ਕਾਰ ਚੋਂ ਉਤਰਨ ਲਈ ਕਿਹਾ ਸੀ।
ਅੱਜ ਜ਼ਿੰਦਗੀ ਦੇ ਇਸ ਮੋੜ ਤੇ ਉਹ ਇੱਕ ਦੂਜੇ ਦੇ ਆਹਮੋ ਸਾਹਮਣੇ ਸਨ।
ਪਰਮ ਹੱਡੀਆਂ ਦੀ ਮੁੱਠ ਬਣੀ ਬੈੱਡਤੇ ਪਈ ਸੀ। ਉਹ ਕੋਲ ਪਈਆਂ ਕੁਰਸੀਆਂ ਤੇ ਬੈਠ ਗਏ ਸਨ। ਇੱਕ ਪਲ ਲਈ ਦੋਵਾਂ ਦੀਆਂ ਨਜ਼ਰਾਂ ਮਿਲੀਆਂ ਸਨ। ਉਹਦੀਆਂ ਅੱਖਾਂ ਚੋਂ ਪਾਣੀ ਸਿੰਮ ਆਇਆ,ਪਰ ਉਹ ਕੁੱਝ ਬੋਲ ਨਾ ਸਕੀ।
“ਦਿਲ ਰੱਖ ਭੈਣੇ ਕੋਈ ਨਾ ਹੋ ਜੇਂਗੀ ਠੀਕ”ਜਸਬੀਰ ਨੇ ਹੌਂਸਲਾ ਦਿੱਤਾ। ਉਹਦੀਆਂ ਅੱਖਾਂ ਆਪਣੇ ਆਪ ਬੰਦ ਹੋ ਗਈਆਂ ਸਨ।
ਚਾਹ ਦੀ ਘੁੱਟ ਪੀ ਉਹ ਵਾਪਿਸ ਮੁੜ ਆਏ ਸਨ।
“ਅੱਜ ਬਾਹਰ ਆਏ ਈ ਨਹੀ,ਰੋਟੀ ਨਹੀਂ ਖਾਣੀ”ਜਸਬੀਰ ਨੇ ਬਾਹਰੋਂ ਈ ਆਵਾਜ਼ ਮਾਰੀ,ਕੁੱਝ ਸਮੇਂ ਬਾਅਦ ਜਦੋਂ ਅੰਦਰ ਜਾਕੇ ਦੇਖਿਆ ਤਾਂ ਬਲਤੇਜ ਦੇ ਸਾਹਾਂ ਦਾ ਪੰਖੇਰੂ ਉੱਡ ਚੁੱਕਾ ਸੀ।
ਕਦੇ ਨਾ ਵਿਛੜਨ ਲਈ ਦੋ ਰੂਹਾਂ ਇੱਕ ਹੋ ਗਈਆਂ ਸਨ।
ਖਤਮ
ਹਰਿੰਦਰ ਕੌਰ ਸਿੱਧੂ
ਸਮਝ ਨਹੀਂ ਆਉਂਦੀ ਕਿ ਉਹ ਪੰਜਾਬ ,ਜਿਸਦੀ ਬਹਾਦਰੀ ,ਸਰੀਰਕ ਡੀਲ ਡੌਲ ,ਮਿਲਣ ਸਾਰਤਾ ਬਾਰੇ ਦੁਨੀਆਂ ਵਿੱਚ ਚਰਚੇ ਸਨ,ਉਹ ਝੂਠ ਸੀ ਜਾਂ ਅੱਜ ਦਾ ਪੰਜਾਬ,ਰੂੜੀਆਂ ਤੇ ਰੁਲ਼ਦਾ ਪੰਜਾਬ ,ਉਜਾੜ ,ਢੱਠੀਆਂ,ਖੰਡਰ ਇਮਾਰਤਾਂ ਵਿੱਚ ਲੁਕ ਕੇ ਟੀਕੇ ਲੌਂਦਾ,ਨਾਮਰਦ ,ਮੁਰਦਾ ਹੁੰਦਾ ਪੰਜਾਬ ।ਕੀ ਸੀ ,ਕੀ ਬਣ ਗਏ ਅਸੀਂ ।
ਮੰਨ ਲਿਆ ,ਕੁਝ ਲੋਕ ਬੇਸ਼ਰਮ ਹੋ ਕੇ ਆਪਣੀ ਧੀ ਨਾਲ ਜਿਨਾਹ ਕਰਨ ਵਰਗਾ ਬੇਗੈਰਤ ਧੰਦਾ ਕਰਕੇ ਨਸ਼ੇ ਵੇਚ ਰਹੇ ਨੇ ,ਪਰ ਕੀ ਸਾਨੂੰ ਏਨੀ ਅਕਲ ਵੀ ਨਹੀਂ ਕਿ ਜਦ ਅਸੀਂ ਡਰੱਗ ਪਹਿਲੀ ਵਾਰ ਇਸਤੇਮਾਲ ਕਰਦੇ ਹਾਂ ਤਾਂ ਅਸੀਂ ਆਪਣੇ ਮੌਤ ਦੇ ਫੁਰਮਾਨਾਂ ਤੇ ਆਪ ਈ ਸਹਿਮਤੀ ਦੇ ਦਸਤਖਤ ਕਰ ਦੇਂਦੇ ਹਾਂ । ਕਿਸੇ ਪਸ਼ੂ ਨੂੰ ਡਰੱਗ ਦੇਣ ਦੀ ਕੋਸ਼ਿਸ਼ ਕਰੋ ,ਕਦੀ ਮੂੰਹ ਨਹੀਂ ਲਾਉਂਦਾ,ਤਾਂ ਫਿਰ ਅਸੀਂ ਕੀ ਹਾਂ ,ਪਸ਼ੂਆਂ ਤੋਂ ਵੀ ਗਏ ਗੁਜਰੇ ,ਸਿਰ ਵਿੱਚ ਦਿਮਾਗ਼ ਦੀ ਥਾਂ ਸ਼ਾਇਦ ਰੇਤਾ,ਜਾਂ ਗਾਰਾ ਭਰਿਆ ਏ ,ਜੋ ਕਿਸੇ ਨੇ ਜੋ ਮਰਜੀ ਖੇਹ ਸਵਾਹ ਖਾਣ ਨੂੰ ਸੁਲਾਹ ਮਾਰੀ ,ਅਸੀਂ ਵਿਛ ਗਏ ।
ਹਰ ਰੋਜ ਸੋਸ਼ਲ ਮੀਡੀਆ ਵੀਡੀਓ ,ਫੋਟੋਆਂ ਛਾਇਆ ਕਰ ਰਿਹਾ ਏ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ,ਪਰ ਅਸਲ ਅੰਕੜੇ ਕਿਤੇ ਵੱਧ ਡਰਾਵਣੇ ਨੇ ,ਲੋਕ ਨਮੋਸ਼ੀ ਡਰੋਂ ਜਾਹਰ ਨਹੀਂ ਕਰਦੇ ਕਿ ਸਾਡਾ ਕੋਈ ਖਾਸ,ਨਸ਼ੇ ਨਾਲ ਮਰਿਆ ਏ ।
ਦੋਸਤੋ ,ਚੁੱਪ ਰਹਿਣਾ ਵੀ ਅੱਧੀ ਸਹਿਮਤੀ ਹੁੰਦੀ ਏ,ਕਬੂਤਰ ਦੇ ਅੱਖਾਂ ਮੀਟਿਆਂ ਬਿੱਲੀ ਰੂਪੀ ਮੌਤ ਦਾ ਖਤਰਾ ਟਲ਼ ਨਹੀਂ ਜਾਣਾ ।ਬਚਾ ਲੋ ਆਪਣੇ ਸ਼ਿੰਦਿਆਂ ਨੂੰ ਜੇ ਬਚਾ ਸਕਦੇ ਓ ਤਾਂ ।ਗੁਟਕਿਆਂ ਦੀਆਂ ਸਹੁੰਆਂ ਵਾਲੇ ਦੇ ਭਰੋਸੇ ਨਾ ਬੈਠੇ ਰਿਹੋ ,ਓਹਨੇ ਕੀ ਪਤਾ ਸਹੁੰ ਕਿਸ ਗੱਲ ਦੀ ਖਾਧੀ ਹੋਵੇ,ਕਿ ਨੌਜਵਾਨ ਰਹਿਣ ਈ ਕੋਈ ਨਹੀਂ ਦੇਣਾ।
ਕਾਨੂੰਨ ਤਾਂ ਗਿਆ ਤੇਲ ਲੈਣ ,ਡਰੱਗ ਵੇਚਣ ਵਾਲਿਆਂ ਦਾ ਆਪ ਖੁਦ ਜਲੂਸ ਕੱਢੋ,ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਖਤਮ ਕਰੋ ,ਠਿੱਠ ਕਰੋ ਇਹਨਾਂ ਹਰਾਮਖੋਰਾਂ ਨੂੰ ।
ਆਪ ਜੋ ਮਾੜੇ ਮੋਟੇ ਨਸ਼ੇ ਦਾ ਵੀ ਇਸਤੇਮਾਲ ਕਰਦੇ ਓ ਤਾਂ ਤਿਆਗ ਕਰੋ ,ਬੱਚਿਆਂ ਨੂੰ ਕਸਮਾਂ ਖਵਾਓ ਕਿ ਨਸ਼ਿਆਂ ਦਾ ਸੇਵਨ ਤਾਂ ਕੀ ,ਨਾਮ ਵੀ ਜਬਾਨ ਤੇ ਨਾ ਲਿਆਉਣ । ਨਹੀਂ ਤਾਂ ਅਸੀਂ ਵੀ ਹੜੱਪਾ ਸੱਭਿਅਤਾ ਵਾਂਗ ਹੜੱਪੇ ਜਾਵਾਂਗੇ ।
ਮੇਰੀ ਰਿਸ਼ਤੇਦਾਰੀ ਵਿੱਚ ਅਜੇ ਕੱਲ੍ਹ ਹੀ ਇੱਕ ਨੌਜਵਾਨ ਦੀ ਮੌਤ ਹੋਈ ਏ,ਜੋ ਤਿੰਨ ਭਰਾ ਸਨ। ਇਹ ਵਿਚਕਾਰਲਾ ਸੀ,ਸਭ ਤੋਂ ਛੋਟਾ ਪਹਿਲਾਂ ਤੁਰ ਗਿਆ ਸੀ ।ਵਜ੍ਹਾ ,ਏਹੀ ,ਡਰੱਗ ।
ਮਨ ਬੇਹੱਦ ਦੁਖੀ ਏ ,ਅਗਰ ਕੋਈ ਸ਼ਬਦ ਖਰ੍ਹਵਾ ਲਿਖਿਆ ਗਿਆ ਹੋਵੇ ਤਾਂ ਮਾਫ ਕਰਨਾ ।
ਦਵਿੰਦਰ ਸਿੰਘ ਜੌਹਲ
ਮਈ ਨੂੰ ਮਜਦੂਰ ਦਿਵਸ ਮਨਾਇਆ ਗਿਆ । 2500 ਬੰਦਿਆਂ ਦਾ ਖਾਣਾ ਤਿਆਰ ਕਰਵਾਇਆ ਗਿਆ ਸੀ । ਬਾਈ ਕੁ ਸੌ ਬੰਦਾ ਆਇਆ । ਖਾਣਾ ਦੋ ਕੁ ਹਜਾਰ ਬੰਦੇ ਨੇ ਖਾਧਾ । ਇਹਨਾਂ ਦੋ ਕੁ ਹਜਾਰ ਬੰਦਿਆਂ ਨੇ ਪੱਚੀ ਸੌ ਬੰਦਿਆਂ ਦਾ ਖਾਣਾ,ਖਾਧਾ ਘੱਟ ਖੇਹ ਖਰਾਬ ਵੱਧ ਕਰਿਆ । ਡਸਟਬਿੰਨਾਂ ਵਿੱਚ ਰੋਟੀਆਂ ਦੇ ਥੱਬੇ,ਚਾਵਲ,ਦਾਲਾਂ ਸਬਜੀਆਂ,ਅਚਾਰ,ਦਹੀਂ,ਸਲਾਦ,ਮਤਲਬ ਖਾਣ ਲਈ ਰੱਖਿਆ ਸਾਰਾ ਕੁੱਝ ਈ ਸਾਡੇ ਪ੍ਰਬੰਧਕਾਂ ਦਾ ਮੂੰਹ ਚਿੜਾ ਰਿਹਾ ਸੀ । ਕਿਉਂਕਿ ਸਾਡੇ ਸਮੇਤ ਹੋਰਨਾਂ ਲੋਕਾਂ ਦੇ ਖਾਣ ਲਈ,ਕੁੱਝ ਵੀ ਨਹੀਂ ਸੀ । ਹਾਂ,ਵੇਖਣ ਲਈ ਬਚੇ ਹੋਏ ਵੇਸਟੇਜ ਖਾਣੇ ਦੇ ਭਰੇ ਡਸਟਬਿੰਨ ਜਰੂਰ ਸਨ ।
ਉਦਾਹਰਨਾਂ ਹੋਰ ਵੀ ਬਹੁਤ ਨੇ,ਪਰ ਸਿਰਫ ਦੋ ਲਿਖਦਾਂ । ਸਾਡੀ ਯੂਨੀਅਨ ਦੇ ਪ੍ਰਧਾਨ ਸ੍ਰ ਹਰੀ ਸਿੰਘ ਟੌਹੜਾ ਦੀ ਰਿਟਾਇਰਮੈਂਟ ਸੀ । ਇੱਕੋ ਗੱਲ ਲਿਖਾਂਗਾ,ਬਾਕੀ ਤੁਸੀਂ ਖੁਦ ਸਮਝ ਲਿਓ,ਬੀ ਕੀ ਹੋਇਆ ਹੋਊ । ਹੋਰ ਆਈਟਮਾਂ ਤੋਂ ਇਲਾਵਾ,ਜਲੇਬੀਆਂ ਵੀ ਸਨ । ਲੋਕਾਂ ਨੇ ਪਹਿਲਾਂ ਉਹ ਜਲੇਬੀਆਂ ਸਾਂਭੀਆਂ, ਜੋ ਤਿਆਰ ਸਨ । ਫੇਰ ਓਧਰ ਟੁੱਟ ਕੇ ਪੈ ਗਏ,ਜਿੱਧਰ ਜਲੇਬੀਆਂ ਤਿਆਰ ਕੀਤੀਆਂ ਜਾ ਰਹੀਆਂ ਸੀ । ਪਤੰਦਰਾਂ ਨੇ,ਚਾਸਣੀ ਵਿੱਚ ਡੁੱਬਣ ਦਾ ਇੰਤਜਾਰ ਵੀ ਨਹੀਂ ਕੀਤਾ । ਕੱਚੀਆਂ, ਭਾਵ ਸਿਰਫ ਤਲੀਆਂ ਹੋਈਆਂ ਈ ਬਿਨਾਂ ਮਿੱਠੇ ਤੋਂ ਸਮੇਟ ਲਈਆਂ ।
ਇਉਂ ਈ,ਇਕੇਰਾਂ ਧਰਨੇ ਤੋਂ ਬਾਅਦ, ਰੋਟੀਆਂ ਨਾਲ ਆਲੂ ਜੀਰਾ ਵਰਤਾਉਣ ਦਾ ਪ੍ਰੋਗਰਾਮ ਸੀ । ਮੈਂ,ਬਾਤਸ਼,ਚੀਮਾ ਤੇ ਦੋ ਚਾਰ ਹੋਰ,ਵਰਤਾ ਰਹੇ ਸੀ । ਰੋਟੀਆਂ ਅਤੇ ਆਲੂਆਂ ਵਾਲੇ ਦੇਗੇ ਜਿਪਸੀ ਵਿੱਚ ਰੱਖੇ ਹੋਏ ਸਨ । ਲੋਕਾਂ ਨੂੰ ਲਾਈਨ ਵਿੱਚ ਲੱਗਣ ਲਈ ਕਿਹਾ ਗਿਆ । ਕਿਹੜੀ ਲਾਈਨ !!!! ਅਜਿਹੀ ਭੁੱਖ ਜਾਗੀ ਕਿ ਮਾਰ ਮਾਰ ਹੁੱਡੇ,ਜਿਪਸੀ ਦੀ ਤ੍ਰਿਪਾਲ ਪਾੜ ਦਿੱਤੀ ਤੇ ਕੁਸ਼ ਮਿੰਟਾਂ ਵਿੱਚ ਹੀ,ਸਾਰਾ ਕੁੱਝ ਕਲੀਨ । ਬਾਅਦ ਵਿੱਚ ਥਾਂ ਥਾਂ ‘ਤੇ ਰੋਟੀਆਂ ਤੇ ਆਲੂ ਖਿੱਲਰੇ ਮਿਲੇ ।
ਪਰਸੋਂ ਚੌਥ, Surjit Singh ਜੀ ਨਾਲ ਇਸੇ ਵਿਸ਼ੇ ‘ਤੇ ਗੱਲ ਹੋ ਰਹੀ ਸੀ । 2011 ਵਿੱਚ, ਜਪਾਨ ਵਿੱਚ ਤਸੁਨਾਮੀ ਸਮੁੰਦਰੀ ਤੂਫਾਨ ਆਇਆ ਸੀ । ਹਜਾਰਾਂ ਲੋਕ ਮਾਰੇ ਗਏ ਸਨ । ਲੱਖਾਂ ਘਰੋਂ ਬੇਘਰ ਹੋ ਗਏ ਸਨ । ਜਪਾਨੀਆਂ ਦਾ ਸਬਰ ਸੰਤੋਖ ਵੇਖੋ । ਜੇਕਰ ਦੋ ਸੌ ਬੰਦੇ ਨੂੰ ਸੌ ਪੈਕੇਟ ਬਰੈਡਾਂ ਦੇ ਮਿਲਦੇ ਤਾਂ ਉਹ ਅਰਾਮ ਨਾਲ ਆਪਸ ਵਿੱਚ ਵੰਡ ਕੇ ਛਕ ਲੈਂਦੇ ।
1993 ਵਿੱਚ ਪੰਜਾਬ ਵਿੱਚ ਹੜ੍ਹ ਆਏ । ਸਾਡੇ ਪਿੰਡ ਦੇ ਇੱਕ ਬੰਦੇ ਨੇ ਰਸਦ ਵੰਡਣ ਆਉਣ ਵਾਲਿਆਂ ਤੋਂ ਏਨਾ ਆਟਾ ਜਮ੍ਹਾਂ ਕਰ ਲਿਆ ਕਿ ਬਾਅਦ ਵਿੱਚ ਸੁੱਟਣਾ ਪਿਆ । ਕਿਉਂਕ ਸੁੰਡ ਪੈਣ ਕਾਰਨ ਉਹ ਆਟਾ ਡੰਗਰਾਂ ਨੇ ਵੀ ਨਹੀਂ ਸੀ ਖਾਧਾ । ਬਾਬੇ ਨਾਨਕ ਨੂੰ ਜਪਾਨ ਵਾਲੇ ਲੋਕ ਜਾਣਦੇ ਨਹੀਂ ਹੋਣੇ । ਨਾ ਹੀ ਉਹਨਾਂ ਨੂੰ ਬਾਬੇ ਦੇ ਵੰਡ ਛਕਣ ਦੇ ਸਿਧਾਂਤ ਦਾ ਪਤਾ ਹੋਣਾ । ਪਰ ਓਹਨਾਂ ਲੋਕਾਂ ਵਿੱਚ ਇਹ ਸਾਰਾ ਕੁੱਝ ਹੈ । ਪਰ ਅਸੀਂ ਇਸ ਨੂੰ ਤਿਆਗ ਰਹੇ ਹਾਂ ।
ਸਾਡੇ ਵਡੇਰਿਆਂ ਨੇ ਜੰਗਲਾਂ ਵਿੱਚ ਲੁਕ ਛਿਪ ਕੇ ਰਹਿੰਦਿਆਂ, ਜੋ ਮਿਲਿਆ ਉਸਨੂੰ ਵੰਡ ਕੇ ਛਕਿਆ । ਭੁੱਖੇ ਭਾਣੇ,ਵੈਰੀਆਂ ‘ਤੇ ਟੁੱਟ ਕੇ ਪੈਂਦੇ ਰਹੇ । ਪਰ ਅਸੀਂ ਲੋਕ ਰੱਜ ਕੇ ਵੀ ਬਹੁਤੀ ਵੇਰਾਂ ਭੁੱਖ ਵਿਖਾ ਦਿੰਦੇ ਆਂ ।
ਮੇਰੀ ਜਾਣ ਪਛਾਣ ਵਾਲਾ ਘਰ ਪਾ ਰਿਹਾ ਸੀ ਤੇ ਜਦੋਂ ਉਹਦੇ ਕੋਲ ਇਕ ਗੋਰਾ ਆਇਆ ਜੋ Fire Places ਵੇਚ ਰਿਹਾ ਸੀ ਕਿ ਮੇਰੇ ਕੋਲ ਦੋ ਹਨ ਜੇ ਲੈਣੀਆਂ ਤਾਂ 700$ ਦੀ ਇਕ ਦੇ ਦਊਂ । ਵੈਸੇ ਉਹ ਹਜ਼ਾਰ ਦੀ ਆਉਂਦੀ ਸੀ । ਕਰ ਕਰਾ ਕੇ ਸੌਦਾ ਹਜ਼ਾਰ ਤੇ ਟੁਟਿਆ ਤੇ ਉਹਨੇ ਹਜ਼ਾਰ ਡਾਲਰ ਕੈਸ਼ ਉਹਨੂੰ ਬੈਂਕ ਤੋਂ ਲਿਆ ਕੇ ਦੇ ਦਿੱਤਾ ਤੇ ਦੋਨੋ Fire Places ਰੱਖਾ ਲਈਆਂ । ਜਦੋਂ ਉਹ ਦੂਜੇ ਘਰੇ ਗੇੜਾ ਮਾਰਨ ਗਿਆ ਜੋ ਥੋੜੀ ਦੂਰ ਬਣਦਾ ਸੀ ਤਾਂ ਜਾ ਕੇ ਕੀ ਦੇਖਦਾ ਕੋਈ ਉਹਦੀਆਂ ਦੋਨੋ Fire Places ਲਾਹ ਕੇ ਲੈ ਗਿਆ ਸੀ ਤੇ ਫੇਰ ਉਹਨੰੂ ਪਤਾ ਲਗਾ ਕਿ ਚੋਰ ਉਹਨੂੰ ਉਹਦਾ ਸਮਾਨ ਚੋਰੀ ਕਰਕੇ ਉਹਨੂੰ ਹੀ ਵੇਚ ਗਿਆ ।
ਰਿਚਮਿੰਡ ਵਿੱਚ ਕਾਫ਼ੀ ਮਹਿੰਗੇ ਘਰ ਬਣਦੇ ਹਨ ਤੇ ਉੱਥੇ ਉਸ ਦਿਨ Windows ਸ਼ੀਸ਼ੇ ਦੀਆਂ ਤਾਕੀਆਂ ਆਉਣੀਆਂ ਸੀ ਤੇ ਉਨਾਂ ਨੇ ਆਪ ਦੇ ਬਜ਼ੁਰਗ ਨੂੰ ਉੱਥੇ ਰਾਖੀ ਬਹਾ ਦਿੱਤਾ ਕਿ ਜਦੋਂ ਤੱਕ ਫ਼ਰੇਮਰ ( ਲਾਉਣ ਵਾਲਾ ) ਨਹੀਂ ਆਉਂਦਾ ਤੂੰ ਉੱਥੇ ਰਹੀਂ । ਕੰਪਨੀ ਟਰੱਕ ਵਿੱਚ ਸਾਰੀਆਂ ਤਾਕੀਆਂ ਲਾਹ ਗਈ ਤੇ ਮਗਰੇ ਹੀ ਦੂਜਾ ਟਰੱਕ ਆ ਗਿਆ ਤੇ ਆ ਕੇ ਬਜ਼ੁਰਗ ਨੂੰ ਕਹਿੰਦੇ ਕਿ ਤੁਹਾਡੇ ਘਰੇ ਗਲਤੀ ਨਾਲ ਕਿਸੇ ਹੋਰ ਘਰ ਦੀਆਂ ਤਾਕੀਆਂ ਆ ਗਈਆਂ ਤੇ ਤੁਹਾਡੀਆਂ ਦੂਜੇ ਟਰੱਕ ਚ ਆ ਰਹੀਆਂ ਇਹ ਅਸੀਂ ਦੂਜੇ ਘਰ ਲੈ ਕੇ ਜਾਣੀਆਂ । ਬਜ਼ੁਰਗ ਨੇ ਨਾਲ ਲੱਗ ਕੇ ਆਪ ਟਰੱਕ ਚ ਲਦਾਈਆਂ ਤੇ ਬਾਅਦ ਚ ਪਤਾ ਲੱਗਾ ਕਿ ਉਹ ਚੋਰ ਸਨ ।
ਕਈ ਵਾਰੀ ਬੀਬੀਆਂ ਕਾਰ ਵਿੱਚ ਗਰੋਸਰੀ ਲੈਣ ਜਾਂਦੀਆਂ ਤੇ ਕਾਰ ਵਿੱਚ ਸਾਹਮਣੇ ਘਰ ਦੇ ਗੈਰਾਜ ਦਾ ਰੀਮੋਟ ਲਟਕਦਾ ਹੁੰਦਾ । ਚੋਰ ਨੇ ਕਾਰ ਦਾ ਸ਼ੀਸ਼ਾ ਭੰਨਿਆ ਤੇ ਵਿੱਚੋਂ Insurance ਇੰਸ਼ੋਰਿੰਸ ਦੇ ਪੇਪਰ ਤੋਂ ਐਡਰੈਸ ਲੈ ਲਿਆ ਤੇ ਰੀਮੋਟ ਕੱਢ ਲਿਆ । ਬੀਬੀ ਪੁਲੀਸ ਦੀ ਉਡੀਕ ਕਰ ਰਹੀ ਹੈ ਕਿ ਕਲੇਮ ਕਰ ਸਕੇ ਚੋਰ ਉਨੇ ਚਿਰ ਵਿੱਚ ਘਰੇ ਟਰੱਕ ਲਾ ਕੇ ਗੈਰਾਜ ਰਾਹੀਂ ਘਰ ਖਾਲ਼ੀ ਕਰ ਜਾਂਦੇ ਹਨ ।
ਕਾਰਾਂ ਵਿੱਚੋਂ ਚੀਜ ਕੱਢਣੀ ਕੋਈ ਖ਼ਾਸ ਗੱਲ ਨਹੀਂ ਹੈ । ਚੋਰੀ ਕੋਈ ਵੀ ਦੇਸ਼ ਹੋਵੇ ਹਰ ਥਾਂ ਹੁੰਦੀ ਹੈ । ਇਹ ਵੱਖਰੀ ਗੱਲ ਹੈ ਕਿ ਕਈ ਦੇਸ਼ਾਂ ਵਿੱਚ ਸਜ਼ਾ ਬਹੁਤ ਹੈ ਪਰ ਕੈਨੇਡਾ ਵਰਗੇ ਮੁਲ਼ਖ ਵਿੱਚ ਨਾ ਹੋਇਆਂ ਨਾਲ ਦੀ ਹੀ ਹੈ ।
ਸਿਆਣੇ ਕਹਿੰਦੇ ਏਕੇ ਵਿੱਚ ਬਰਕਤ ਹੁੰਦੀ ਹੈ ।ਏਕੇ ਵਿੱਚ ਬਰਕਤ ਹੀ ਨਹੀਂ ਤਾਕਤ ਵੀ ਹੁੰਦੀ ਹੈ । ਸੂਰਜ ਦੀਆਂ ਕਿਰਨਾਂ ਜੇ ਇਕ ਥਾਂ ਕੱਠੀਆਂ ਹੋ ਜਾਣ ਤਾਂ ਅੱਗ ਲਾ ਦਿੰਦੀਆਂ । ਪਾਣੀ ਦੀਆਂ ਬੂੰਦਾਂ ਦਰਿਆ ਬਣ ਕੇ ਵਗ ਉਠਦੀਆਂ ਕਿਤੇ ਸਮੁੰਦਰ ਵਿੱਚ ਲੱਖਾਂ ਬੇੜਿਆਂ ਨੂੰ ਚੁੱਕੀ ਫਿਰਦੀਆਂ । ਇਕ ਵੋਟ ਦੀ ਕੀਮਤ ਕੀ ਹੁੰਦੀ ਹੈ ? ਇਹਦਾ ਪਤਾ ਉਦੋਂ ਲਗਦਾ ਜਦੋਂ ਸਾਰੀਆਂ ਰਲ ਜਾਣ ਤੇ ਰਾਜ-ਭਾਗ ਪਲਟ ਦਿੰਦੀ ਹੈ । ਇਕ ਪੈਸਾ ਕੁਝ ਅਰਥ ਨਹੀਂ ਰੱਖਦਾ ਪਰ ਜਦੋਂ ਪੈਸਾ ਪੈਸਾ ਜੁੜ ਜਾਵੇ ਤਾਂ ਕੋਹਿਨੂਰ ਵੀ ਖਰੀਦ ਸਕਦਾ ।
ਜੇ ਫੌਜਾਂ ਦੀ ਗੱਲ ਕਰੀਏ ਤਾਂ ਫੌਜ ਦੀ ਤਾਕਤ ਹੀ ਏਕੇ ਵਿੱਚ ਬਣਦੀ ਹੈ ਕਿਉਂਕਿ ਉਨਾਂ ਦਾ ਕਮਾਂਡਰ ਇਕ ਹੁੰਦਾ ਤੇ ਇੱਕੋ ਹੁਕਮ ਥੱਲੇ ਉਹ ਲੜਦੇ ਹਨ । ਜੇ ਅਸੀਂ ਹਿੰਦੁਸਤਾਨ ਦਾ ਇਤਿਹਾਸ ਪੜੀਏ ਤਾਂ ਇੰਨਾ ਚਿਰ ਗੁਲਾਮ ਰਹਿਣ ਦਾ ਕਾਰਨ ਆਪਸ ਵਿੱਚ ਫੁੱਟ ਤੇ ਆਪਸੀ ਲੜਾਈ ਸੀ । ਗੁਰੁ ਸਾਹਿਬਾਨ ਨੇ ਫੇਰ ਲੋਕਾਂ ਨੂੰ ਜਗਾਇਆ ਤੇ ਇਕ ਸੇਧ ਦਿਤੀ ਇਕ ਕੀਤਾ ਤੇ ਜੇ ਮੁੜ ਆਪਣੇ ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਜਦੋਂ ਜਦੋਂ ਵੀ ਸਾਡੇ ਬਜ਼ੁਰਗ ਇਕ ਹੋ ਕੇ ਲੜੇ ਤਾੰ ਹਰ ਮੈਦਾਨ ਫਤਹਿ ਹੋਈ । ਰਾਜਭਾਗ ਦੇ ਮਾਲਕ ਬਣੇ ਤੇ ਮੁੜ ਫੇਰ ਉਸੇ ਫੁਟ ਤੇ ਭਰਾ ਮਾਰੂ ਜੰਗ ਨੇ ਸਾਰਾ ਕੁਝ ਤਬਾਹ ਕਰ ਦਿਤਾ ।
ਮੈ ਕਈ ਵਾਰ ਸੋਚਦਾਂ ਕਿ ਜੇ ਦੁਨੀਆਂ ਵਿਚ ਸੱਭ ਤੋ ਛੋਟੀ ਫੌਜ ਹੋਈ ਹੈ ਤਾਂ ਉਹ ਸੀ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ
ਉਨਾਂ ਦੀ ਲੜਨ ਦੀ ਤਕਨੀਕ ਨੂੰ ਅਸੀਂ ਕਦੀ ਨਹੀਂ ਵਿਚਾਰਿਆ । ਉਹ ਦੋਨੋ ਇੱਕੋ ਪਾਸੇ ਮੂੰਹ ਕਰਕੇ ਨਹੀਂ ਸੀ ਲੜੇ । ਉਨਾਂ ਨੇ ਪਿੱਠ ਨਾਲ ਪਿੱਠ ਜੋੜੀ ਸੀ । ਮਤਲਬ ਉਹ ਦੋਨੋ ਇਕ ਦੂਜੇ ਨੂੰ ਬਚਾ ਵੀ ਰਹੇ ਸੀ ਤੇ ਲੜ ਵੀ ਰਹੇ ਸੀ । ਇਉੰ ਉਨਾਂ ਦੀ ਪਿੱਠ ਤੇ ਕੋਈ ਖੜਾ ਸੀ । ਇਹ ਇਕ ਬਹੁਤ ਵੱਡੀ ਸੋਚ ਤੇ ਤਾਕਤ ਸੀ ।
ਦੂਜਾ ਦੁਨੀਆਂ ਵਿੱਚ ਕੋਈ ਵੀ ਫੌਜ ਜਿੱਤ ਨਹੀਂ ਸਕਦੀ ਜੋ ਬਹੁਤੇ ਫਰੰਟ ਖੋਲ ਦੇਵੇ । ਕਦੀ ਉਧਰ ਨੂੰ ਲੜਨ ਦੌੜ ਪਏ ਤੇ ਕਦੀ ਉਧਰ ਨੂੰ
ਇਉਂ ਸਾਰੀ ਫੌਜ ਦੀ ਤਾਕਤ ਖਿੱਲਰ ਜਾਂਦੀ ਹੈ ਤੇ ਉਹਨੂੰ ਹਰਾਉਣਾ ਵੱਡੀ ਗੱਲ ਨਹੀਂ । ਸ਼ੇਰ ਵੱਡੇ ਵੱਡੇ ਸਿੰਗਾਂ ਵਾਲ਼ਿਆਂ ਨੂੰ ਪਹਿਲਾਂ ਭਜਾ ਲੈਦਾਂ ਤੇ ਇਕ ਇਕ ਨੂੰ ਪਾਸੇ ਕੱਢ ਕੇ ਮਾਰ ਲ਼ੈਂਦਾ
ਤੁਸੀ ਦੇਖਿਆ ਹੋਣਾ ਕਦੀ ਕਦੀ ਝੋਟੇ ਕੱਠੇ ਹੋ ਕੇ ਸ਼ੇਰ ਵੀ ਮਾਰ ਸਕਦੇ ਹਨ । ਇਹ ਹੁੰਦੀ ਏਕੇ ਦੀ ਤਾਕਤ ।
ਸਾਡੀ ਬਦਕਿਸਮਤੀ ਕਹਿ ਲਉ ਬੇਅਕਲੀ ਕਹਿ ਲਉ ਅਸੀਂ ਦੋਨੋ ਪਾਸਿਆਂ ਤੋਂ ਮਾਰ ਖਾ ਰਹੇ ਹਾਂ । ਇਕ ਤਾਂ ਅਸੀਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਵਾੰਗ ਇਕ ਦੂਜੇ ਦੀ ਪਿੱਠ ਪਿੱਛੇ ਨਹੀਂ ਖੜਦੇ । ਦੂਜਾ ਸਾਰੀ ਕੌਮ ਧੜਿਆਂ ਵਿੱਚ ਵੰਡ ਹੋ ਕੇ ਫੌਜ ਦੇ ਖਿੱਲਰਨ ਵਾਂਗ ਕੋਈ ਪ੍ਰਾਪਤੀ ਨਹੀਂ ਕਰ ਰਹੀ
ਤੀਜਾ ਅਸੀਂ ਇੰਨੇ ਵਿਸ਼ਿਆਂ ਤੇ ਲੜ ਰਹੇ ਹਾਂ ਜਿਵੇਂ ਅਸੀਂ ਹੀ ਸਾਰੀ ਦੁਨੀਆਂ ਦਾ ਸੁਧਾਰ ਕਰਨਾ ਹੋਵੇ । ਕੌਮ ਨੂੰ ਲੋੜ ਹੈ ਇਕ ਇਕ ਕਰਕੇ ਮਿਸ਼ਨ ਮਿਥਣ ਦੀ ਜਿਸ ਦੀ ਸਾਰੀ ਕੌਮ ਨੂੰ ਲੋੜ ਹੈ । ਉਹਦੇ ਤੇ ਸਾਰੇ ਇਕੱਠੇ ਹੋ ਕੇ ਤੁਰਨ ਤੇ ਫੇਰ ਜਦੋਂ ਉਹ ਮੋਰਚਾ ਫਤਹਿ ਹੋਵੇ ਫੇਰ ਦੂਜੇ ਲਈ ਤੁਰਨਾ ਪਊ । ਨਹੀਂ ਭਾਵੇਂ ਅਸੀਂ ਹਜ਼ਾਰਾਂ ਸਾਲ ਲੜੀ ਚਲੀਏ ਕੋਈ ਵੀ ਜਿੱਤ ਸਾਡੀ ਝੋਲੀ ਨਹੀਂ ਪਵੇਗੀ ।
ਏਕਾ ਕਰਨ ਲਈ ਸਭ ਤੋਂ ਜ਼ਰੂਰੀ , ਪਹਿਲੀ ਤੇ ਅਖੀਰੀ ਸ਼ਰਤ ਇਹੀ ਹੁੰਦੀ ਹੈ ਕਿ ਇਕ ਦੂਜੇ ਨਾਲ ਵਿਚਾਰਾਂ ਦਾ ਲੱਖ ਵੱਖਰੇਵਾ ਹੋਵੇ ਪਰ ਉਹਦਾ ਸਿੱਖ ਹੋਣ ਨਾਤੇ ਸਤਿਕਾਰ ਕਰੀਏ
ਉਸ ਦਿਨ ਟਿੰਮ-ਹੋਰਟਨ ਵਿਚ ਮੀਟਿੰਗ ਸੀ..ਮੈਂ ਕੌਫੀ ਲੈ ਕੇ ਚਾਰ ਕੁਰਸੀਆਂ ਵਾਲੇ ਇੱਕ ਟੇਬਲ ਤੇ ਜਾ ਬੈਠਾ!
ਬਿੰਦ ਕੂ ਮਗਰੋਂ ਹੀ ਇੱਕ ਵਹੀਲ-ਚੇਅਰ ਤੇ ਬੈਠੇ ਗੋਰੇ ਨੂੰ ਕੁਝ ਲੋਕ ਸਹਾਰਾ ਦਿੰਦੇ ਹੋਏ ਅੰਦਰ ਲੈ ਆਏ..
ਕੁਝ ਆਡਰ ਦੇਣ ਕਾਊਟਰ ਵੱਲ ਨੂੰ ਹੋ ਗਏ ਤੇ ਕੁਝ ਆਸੇ ਪਾਸੇ ਤੱਕਦੇ ਹੋਏ ਖਾਲੀ ਥਾਂ ਲੱਭਣ ਲੱਗੇ..
ਏਧਰ ਵੀਲ-ਚੇਅਰ ਤੇ ਬੈਠਾ ਗੋਰਾ ਲਗਾਤਾਰ ਮੇਰੇ ਤੇ ਮੇਰੇ ਟੇਬਲ ਵੱਲ ਦੇਖੀ ਜਾ ਰਿਹਾ ਸੀ…
ਮੈਂ ਮੁਸਕੁਰਾ ਪਿਆ ਤੇ ਉਸਨੂੰ ਹੈਲੋ ਆਖ ਦਿੱਤੀ..
ਅੱਗੋਂ ਮੇਰੀ ਉਨਾਬੀ ਪੱਗ ਵੱਲ ਤੱਕਦਾ ਹੋਇਆ ਆਖਣ ਲੱਗਾ ਬੜਾ ਪਿਆਰਾ ਰੰਗ ਹੈ..ਫੇਰ ਆਹਂਦਾ ਕੇ ਗੱਲ ਪੁੱਛਣੀ ਏ ਜੇ ਮਾਈਂਡ ਨਾ ਕਰੇਂ ਤਾਂ..ਮੈਂ ਆਖਿਆ ਪੁੱਛ ਲੈ ਦੋਸਤਾ!
ਕਹਿੰਦਾ ਦੂਜੀ ਵਰਡ ਵਾਰ World War Second ਵਿਚ ਮੇਰੇ ਬਾਪ ਨਾਲ ਸਾਂਝੇ ਫਰੰਟ ਤੇ ਲੜਦੇ ਹੋਏ ਕੁਝ ਟਰਬਨ(ਪੱਗਾਂ) ਵਾਲੇ ਫੌਜੀ ਅਕਸਰ ਹੀ ਦਸਿਆ ਕਰਦੇ ਸੀ ਕੇ ਇਸ ਵਿਚੋਂ ਦੀ ਗੋਲੀ ਨਹੀਂ ਲੰਘ ਸਕਦੀ..ਇਹ ਗੱਲ ਕਿੰਨੀ ਕੂ ਸਹੀ ਏ?
ਮੈਂ ਆਖਿਆ ਥੋੜਾ ਸੋਚ ਲੈਣ ਦੇ ਫੇਰ ਜੁਆਬ ਦਿੰਨਾ..ਪਰ ਪਹਿਲਾਂ ਤੂੰ ਇਹ ਦੱਸ ਕੇ ਤੂੰ ਅੱਜ ਇਥੇ ਕਿੱਦਾਂ?
ਆਖਣ ਲੱਗਾ ਕੇ ਮੇਰੇ ਪੋਤਰੇ ਪੋਤਰੀਆਂ ਮੈਨੂੰ ਮੇਰੇ “ਆਖਰੀ ਜਨਮ” ਦਿਨ ਤੇ ਮੇਰੀ ਮਨਪਸੰਦ ਜਗਾ ਤੇ ਪਾਰਟੀ ਦੇਣ ਲਿਆਏ ਨੇ..ਇਸੇ ਜਗਾ ਹੀ ਦੋਸਤਾਂ ਮਿੱਤਰਾਂ ਨਾਲ ਮੇਰੀ ਜਿੰਦਗੀ ਦੀਆਂ ਪਤਾ ਨਹੀਂ ਕਿੰਨੀਆਂ ਸ਼ਾਮਾਂ ਇੱਕਠਿਆਂ ਗੁਜ਼ਰੀਆਂ..ਬਾਕੀ ਸਬ ਤੇ ਤੁਰ ਗਏ ਤੇ ਮੈਂ ਬੱਸ ਹੁਣ..
ਵਿਚੋਂ ਹੀ ਟੋਕਦਿਆਂ ਹੋਇਆਂ ਮੈਂ ਉਸਨੂੰ ਪੁੱਛ ਲਿਆ ਕੇ “ਆਖਰੀ ਜਨਮ ਦਿਨ”….ਮੈਂ ਕੁਝ ਸਮਝਿਆ ਨਹੀਂ..?
ਆਖਣ ਲੱਗਾ ਕੇ ਕੈਂਸਰ ਦੀ ਲਾਸਟ ਸਟੇਜ ਏ…ਸ਼ਾਇਦ ਕੁਝ ਹਫਤੇ ਹੀ ਬਾਕੀ ਨੇ ਬਸ…ਹਸਪਤਾਲੋਂ ਇੱਕ ਦਿਨ ਦੀ ਸਪੈਸ਼ਲ ਛੁੱਟੀ ਦਵਾ ਕੇ ਲਿਆਏ ਨੇ ਇਹ ਸਾਰੇ..
ਮੈਂ ਉਦਾਸੀ ਲੁਕਾਉਂਦਿਆਂ ਹੋਇਆ ਪੁੱਛਿਆ ਕੇ ਇਥੇ ਤੇਰਾ ਫ਼ੇਵਰੇਟ ਟੇਬਲ ਕਿਹੜਾ ਹੁੰਦਾ ਸੀ?
ਅੱਗੋਂ ਆਖਣ ਲੱਗਾ ਕੇ ਏਹੀ ਜਿਥੇ ਹੁਣ ਤੂੰ ਬੈਠਾ ਹੋਇਆਂ ਏ…ਮੈਂ ਸਮਾਨ ਸਮੇਟਣ ਵਿਚ ਭੋਰਾ ਜਿੰਨੀ ਵੀ ਦੇਰ ਨਾ ਲਾਈ..ਤੇ ਉਸਨੂੰ ਦੱਸ ਦਿੱਤਾ ਕੇ ਦੋਸਤਾ ਜੇ ਜਿਊਣ ਦਾ ਜਜਬਾ ਅਤੇ ਉਸ ਦੀ ਹੋਂਦ ਵਿਚ ਵਿਸ਼ਵਾਸ਼ ਹੋਵੇ ਤਾਂ ਵਾਕਿਆ ਹੀ ਇਸ ਟਰਬਨ ਵਿਚੋਂ ਗੋਲੀ ਤਾਂ ਕੀ ਟੈਂਕ ਦਾ ਗੋਲਾ ਵੀ ਨੀ ਨਹੀਂ ਲੰਘ ਸਕਦਾ…
ਅੱਗੋਂ ਸੁਆਲੀਆ ਨਜਰਾਂ ਨਾਲ ਮੇਰੇ ਵੱਲ ਤੱਕਣ ਲੱਗਾ..ਸ਼ਾਇਦ ਆਖੀ ਗੱਲ ਦਾ ਵਿਸਥਾਰ ਜਾਣਨਾ ਚਾਹ ਰਿਹਾ ਸੀ…
ਪਰ ਚੱਲਦੇ ਵਾਰਤਾਲਾਪ ਦੇ ਖਾਤਮੇਂ ਦਾ ਇੰਤਜਾਰ ਕਰਦੇ ਹੋਏ ਉਸਦੇ ਨਾਲਦਿਆਂ ਵੱਲ ਦੇਖ ਮੈਂ ਕਾਹਲੀ ਨਾਲ ਏਨੀ ਗੱਲ ਆਖ ਫਤਹਿ ਬੁਲਾ ਦਿੱਤੀ ਕੇ ਦੋਸਤਾ ਜੇ ਜਿੰਦਗੀ ਨੇ ਫੇਰ ਕਦੀ ਦਰਸ਼ਨ ਮੇਲੇ ਕਰਵਾਏ ਤਾਂ ਜਰੂਰ ਦੱਸਾਂਗਾ..!
ਸੋ ਦੋਸਤੋ ਜੇ ਕਿਸੇ ਮਿੱਤਰ ਪਿਆਰੇ ਦੀ ਅਸਲ ਮਾਇਨਿਆਂ ਵਿੱਚ ਖਾਤਿਰਦਾਰੀ ਕਰਨੀ ਹੋਵੇ ਤਾਂ ਉਸਦੇ ਜਿਉਂਦੇ ਜੀ ਹੀ ਕਰ ਲੈਣੀ ਬਣਦੀ ਏ…ਉਸਦੇ ਤੁਰ ਜਾਣ ਮਗਰੋਂ ਦੁਨੀਆਦਾਰੀ ਸਾਹਵੇਂ ਸਿਰਫ ਦਿਖਾਵੇ ਖ਼ਾਤਿਰ ਪਾਏ ਵੈਣ/ਕੀਰਣੇ ਅਤੇ ਭੋਗ ਤੇ ਕੱਢੀਆਂ ਜਲੇਬੀਆਂ ਦੀ ਭੋਰਾ ਜਿੰਨੀ ਵੀ ਵੁੱਕਤ ਨਹੀਂ ਹੁੰਦੀ…
ਕਈ ਵਰ੍ਹੇ ਪਹਿਲਾਂ ਦੀ ਗੱਲ ਆ ਮੋਗੇ ਪੁਰਾਣੀ ਦਾਣਾ ਮੰਡੀ ਦੇ ਨੇੜ੍ਹ ਤੇੜ ਇੱਕ ਪੱਧਰ ਜਿਆ ਬੰਦਾ ਘੁੰਮਦਾ ਰਹਿੰਦਾ ਸੀ। ਬਾਬੇ ਦੇ ਤਨ ਉੱਪਰ ਕੱਪੜੇ ਦੇ ਨਾ ‘ਤੇ ਕੱਲਾ ਕੰਬਲ਼ ਹੁੰਦਾ ਸੀ ਚਾਹੇ ਕੱਕਰ ਵਰ੍ਹਦਾ ਹੋਵੇ ਭਾਵੇਂ ਗਰਮੀਂ ਪੈਂਦੀ ਹੋਵੇ। ਬੰਦਾ ਭਾਵੇਂ ਖਾਸ ਨਹੀਂ ਸੀ ਪਰ ਮੰਗਣ ਦਾ ਅੰਦਾਜ਼ ਓਹਦਾ ਨਿਰਾਲਾ ਸੀ ਦੁਨੀਆਂ ਤੋਂ; ਜਾਂ ਤਾਂ ਸਿੱਧਾ ਈ ਤੁਰੇ ਜਾਂਦੇ ਬੰਦੇ ਨੂੰ ਖਲ੍ਹਾਰ ਕਹਿ ਦਿੰਦਾ ਸੀ ਕਿ, “ਵੀਹ ਰੁਪਈਏ ਕੱਢ ਬਾਊ”,,,,, ਜੇ ਅਏਂ ਕੰਮ ਨਾ ਬਣਦਾ ਫੇਰ ਪਿੰਡਾਂ ਨੂੰ ਤੁਰਨ ਲਈ ਤਿਆਰ ਖੜ੍ਹੇ ਟੈਂਪੂਆਂ ਜਾਂ ਸਬਜ਼ੀ ਲੈਣ ਆਏ ਜੀਪਾਂ ਆਲਿਆਂ ਕੋਲ਼ ਜਾਕੇ ਮਾੜਾ ਜਿਆ ਕੰਬਲ਼ ਖਿਸਕਾਉਂਦਾ ਤਾਂ ਅਗਲਾ ਝੱਟ ਈ ਏਕਾ ਦੂਆ ਕੱਢਕੇ ਤਲ਼ੀ ਤੇ ਧਰ ਦਿੰਦਾ। ਬਿਲਕੁਲ ਏਸੇ ਤਰ੍ਹਾਂ ਉਹ ਦੁਕਾਨਾ ਆਲ਼ੇ ਲਾਲਿਆਂ ਨਾਲ ਵੀ ਕਰਦਾ, ਜਿੱਥੋਂ ਓਹਨੂੰ ਲੋੜ ਹੁੰਦੀ ਸ਼ੋਲ੍ਹੇ ਆਲ਼ੇ ਠਾਕਰ ਆਂਗੂ ਦੁਕਾਨ ਅੱਲ ਨੂੰ ਮੂੰਹ ਕਰਕੇ ਖੜ੍ਹ ਜਾਂਦਾ।
ਇੱਕ ਵਾਰ ਬਾਹਰੋਂ ਆਇਆ ਕੋਈ ਬਾਈ ਦਾਣਾ ਮੰਡੀ ‘ਚੋਂ ਜੀਪ ਤੇ ਲੰਘਿਆ ਜੇਹੜਾ ਸ਼ਾਇਦ ਬਾਬੇ ਦਾ ਭੇਤੀ ਨਹੀਂ ਸੀ। ਬਾਈ ਦੀ ਠੰਡ ‘ਚ ਭੁੰਜੇ ਬੈਠੇ ਬਾਬੇ ਤੇ ਨਿਗ੍ਹਾ ਪੈਰੀ, ਬਾਬੇ ਦੀ ਹਾਲਤ ਵੇਖ ਬਾਈ ਨੂੰ ਤਰਸ ਜਿਆ ਆਇਆ ਤੇ ਉਹ ਜੀਪ ਸਾਈਡ ਤੇ ਲਾ ਬਾਬੇ ਕੋਲ਼ ਆ ਖੜ੍ਹਾ। ਬਾਈ ਬਾਬੇ ਨੂੰ ਪੁੱਛਦਾ ਅਖੇ ਬਾਬਾ ਜੀ ਕੋਈ ਸੇਵਾ? ਬਾਬਾ ਆਂਹਦਾ ਵੀਹ ਰੁਪਈਏ ਕੱਢ,,, ਬਾਈ ਦਾ ਅੱਧਾ-ਪਚੱਦਾ ਤਰਸ ਤਾਂ ਜਦੇ ਉੱਡ ਗਿਆ ਪਰ ਫੇਰ ਵੀ ਬਾਈ ਨੇ ਭਲੇ ਮਨ ਨਾਲ ਉੱਪਰ ਥੱਲੇ ਬਾਬੇ ਨੂੰ ਕਈ ਆਫਰਾਂ ਕੱਢ ਮਾਰੀਆਂ, “ਬਾਬਾ ਜੇ ਖਾਣਾ ਕੁਝ ਤਾਂ ਗੱਲ ਕਰ?,, ਭੁੱਖ ਲੱਗੀ ਆ?,, ਪੂਰੀਆਂ ਲਿਆਵਾਂ?,, ਫਰੂਟ ਦੱਸ ਕੇਹੜਾ ਖਾਣਾ?,, ਕੱਪੜਾ ਲੱਤਾ ਲੈਣਾ ਓ ਦੱਸ?,, ਪਰ ਪੈਸੇ ਪੂਸੇ ਨੀ ਮਿਲਦੇ ਬਾਬਾ ਛੱਡਦੇ ਭੁਲੇਖਾ।” ਜਦੋਂ ਬਾਈ ਨਾ ਈ ਹਟਿਆ ਤਾਂ ਬਾਬਾ ਕੰਬਲ਼ ਲਾਹਕੇ ਰੇਲਵੇ ਰੋਡ ਅੱਲ ਨੂੰ ਹੱਥ ਕਰਕੇ ਆਂਹਦਾ, “ਜਾ ਫਿਰ ਜੇ ਬਾਹਲਾ ਹੇਜ ਆਉਂਦਾ ਤਾਂ ਠੇਕੇ ਤੋਂ ਦੋ ਬੀਅਰਾਂ ਫੜ੍ਹ ਲਿਆ ਭੱਜਕੇ, ਤੇਰੀਆਂ ਪੂਰੀਆਂ-ਸ਼ਕੂਰੀਆਂ ਆਲਿਆਂ ਦੇ ਤਾਂ ਮੇਰਾ ATM ਚੱਲ ਜਾਂਦਾ ਬੱਸ ਆ ਠੇਕੇ ਆਲੇ ਨੀ ਚਲਾਉਂਦੇ ਮਾਂ ਯਾਵ੍ਹੇ
ਏਹ ਗੱਲ ਸਨਾਉਣ ਤੋਂ ਮੇਰਾ ਭਾਵ ਏਹ ਆ ਭਲਿਓ ਲੋਕੋ ਕਿ ਜੇ ਕਿਸੇ ਨੂੰ ਦਾਨ ਪੁੰਨ ਕਰਨਾ ਹੋਵੇ ਤਾਂ ਪੈਹੇ ਕੈਸ਼ ਦਿਆ ਕਰੋ, ਐਵੇਂ ਨਾ ਆਫਰਾਂ ਦੇਈ ਜਾਇਆ ਕਰੋ ਵਈ ਮੈਂ ਤੇਰਾ ਤੂੜੀ ਆਲਾ ਕੋਠਾ ਪਵਾਦਿਆਂ?,, ਥੋਡੇ ਘਰੇ ਗਾਂ ਬੰਨ੍ਹਜਾਂ?,, ਥੋਡੇ ਗੁਸਲਖਾਨੇ ਨੂੰ ਤਖਤੇ ਲਵਾ ਦਿਆਂ?,, ਵਗੈਰਾ ਵਗੈਰਾ; ਨਹੀਂ ਤਾਂ ਜਦੋਂ ਅਗਲੇ ਨੇ ATM ਕੱਢ ਕੇ ਮੇਜ਼ ਤੇ ਧਰਤਾ ਫੇਰ ਵੀ ਜੀਪ ਆਲੇ ਬਾਈ ਆਂਗੂ ਬਣੋਂਗੇ ਵਰ੍ਹੋਲ਼ਾ
ਦੋ ਕੀੜੀਆਂ ਜਾ ਰਹੀਆਂ ਸਨ, ਸਾਹਮਣਿਓਂ ਹਾਥੀ ਆ ਰਿਹਾ ਸੀ । ਇਕ ਨੇ ਦੂਜੀ ਨੂੰ ਕਿਹਾ : ਨੀ ਵੇਖ, ਕਿਤਨਾ ਵੱਡਾ ਹੈ, ਸਾਨੂੰ ਤਾਂ ਮਿੱਧ ਹੀ ਦੇਵੇਗਾ ।
ਦੂਜੀ ਨੇ ਕਿਹਾ : ਡਰ ਨਾ , ਉਹ ਇਕੱਲਾ ਹੈ, ਅਸੀਂ ਦੋ ਹਾਂ ।
ਇਕ ਹੋਰ ਦਿਨ ,ਉਨ੍ਨ੍ਹਾਂ ਨੂੰ ਸਾਹਮਣਿਓਂ ਸ਼ੇਰ ਆਉਂਦਾ ਵਿਖਾਈ ਦਿੱਤਾ । ਇਕ ਨੇ ਦੂਜੀ ਨੂੰ ਕਿਹਾ : ਚੱਲ ਆਪਾਂ ਅੱਜ ਸ਼ੇਰ ਨੂੰ ਕੁੱਟੀਏ । ਦੂਜੀ ਨੇ ਕਿਹਾ : ਰਹਿਣ ਦੇ, ਲੋਕ ਕਹਿਣਗੇ , ਵਿਚਾਰੇ ਇਕੱਲੇ ਨੂੰ ਵੇਖ ਕੇ ਦੋਨਾਂ ਨੇ ਕੁੱਟ ਦਿੱਤਾ ।
ਇਕ ਹੋਰ ਦਿਨ , ਕਿਧਰੇ ਜਾਂਦਿਆਂ, ਇਕ ਕੀੜੀ ਨੇ ਦੂਜੀ ਨੂੰ ਪੁੱਛਿਆ : ਤੂੰ ਪਰੀਆਂ ਵੇਖੀਐਂ ? ਦੂਜੀ ਨੇ ਕਿਹਾ : ਨੀ ਹੌਲੀ ਬੋਲ , ਕੋਈ ਆਪਾਂ ਨੂੰ ਵੇਖ ਨਾ ਲਵੇ।
ਬਲਕਾਰ ਨੇ ਕਦੇ ਵੀ ਉਸ ਰੇਲਵੇ ਲਾਈਨ ਦੀ ਪ੍ਰਵਾਹ ਨਹੀਂ ਕੀਤੀ ਜਿਸ ਤੇ ਨਾ ਤਾਂ ਫਾਟਕ ਬਣਿਆ ਹੋਇਆ ਸੀ ਅਤੇ ਨਾ ਹੀ ਕੋਈ ਚੌਂਕੀਦਾਰ ਤੈਨਾਤ ਸੀ। ਉਹ ਅਕਸਰ ਹੀ ਆਪਣੀ ਮਰਜ਼ੀ ਨਾਲ ਟ੍ਰੈਕਟਰ ਪੂਰੀ ਰਫ਼ਤਾਰ ਨਾਲ ਰੇਵਲੇ ਲਾਈਨ ਤੋਂ ਪਾਰ ਕਰ ਲੈਂਦਾ। ਜੇ ਕਦੇ ਉਸ ਦਾ ਬਾਪੂ ਨਾਲ ਹੁੰਦਾ ਤਾਂ ਉਸ ਨੂੰ ਦੋ ਚਾਰ ਖਰੀਆਂ-ਖਰੀਆਂ ਜ਼ਰੂਰ ਸੁਣਨੀਆਂ ਪੈਂਦੀਆਂ, ਪਰ ਉਸ ਨੇ ਇਸ ਦੀ ਵੀ ਕਦੇ ਪ੍ਰਵਾਹ ਨਹੀਂ ਸੀ ਕੀਤੀ।
ਉਹ ਸ਼ੁਰੂ ਤੋਂ ਹੀ ਜਿੱਦੀ ਸੁਭਾਅ ਦਾ ਸੀ ਤੇ ਉਸ ਦਾ ਬਾਪੂ ਅਕਸਰ ਹੀ ਉਸ ਨੂੰ ਸਮਝਾਉਂਦਾ, “ਬਲਕਾਰ ਤੂੰ ਆਪਣੀ ਮਨਮਰਜ਼ੀ ਨਾ ਕਰਿਆ ਕਰ, ਹੁਣ ਸੁਧਰ ਜਾ, ਨਹੀਂ ਤਾਂ ਬੜੀ ਦੇਰ ਹੋ ਜਾਵੇਗੀ ਤੇ ਤੇਰੇ ਹੱਥ ਕੁਝ ਵੀ ਨਹੀਂ ਆਵੇਗਾ।”
“ਠੀਕ ਏ ਬਾਪੂ ਜੀ।”
ਪਰ ਅਸਰ ਕੁੱਝ ਵੀ ਨਾ ਹੁੰਦਾ। ਅਸਲ ਵਿੱਚ ਬਲਕਾਰ ਦੇ ਦੋਵੇਂ ਭਰਾ ਚੰਗੀ ਪੜਾਈ ਕਰਕੇ ਸ਼ਹਿਰ ਵਿੱਚ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਸਨ ਤੇ ਬਲਕਾਰ ਪਿੰਡ ਆਪਣੇ ਬਾਪੂ ਨਾਲ ਖੇਤੀ ਕਰਦਾ ਸੀ। ਪਿੰਡ ਦੇ ਸਕੂਲ ਵਿੱਚ ਪੜਦਿਆਂ ਆਪਣੇ ਮਾਸਟਰ ਨਾਲ ਲੜਾਈ ਕਰਕੇ ਬਲਕਾਰ ਨੇ ਮੁੜ ਫਿਰ ਸਕੂਲ ਦਾ ਮੂੰਹ ਨਹੀਂ ਸੀ ਵੇਖਿਆ।
ਉਸ ਦੇ ਬਾਪੂ ਨੂੰ ਬੜੀ ਚਿੰਤਾ ਰਹਿੰਦੀ ਕਿ ਬਲਕਾਰ ਆਪਣੇ ਜ਼ਿੰਦਗੀ ਵਿੱਚ ਕੀ ਕਰੇਗਾ? ਕਦੇ ਸੋਚਦਾ ਕੀ ਇਸ ਨੂੰ ਸ਼ਹਿਰ, ਇਸ ਦੇ ਭਰਾਵਾਂ ਕੋਲ ਭੇਜ ਦਿਆਂ ਪਰ ਫਿਰ ਖੇਤ ਕੌਣ ਸੰਭਾਲੇਗਾ? ਇਸ ਲਈ ਉਹ ਚੁੱਪ ਕਰ ਜਾਂਦਾ।
ਤੇ ਅੱਜ ਫਿਰ ਆਪਣੇ ਬਾਪੂ ਦੇ ਨਾਲ ਹੁੰਦਿਆਂ ਵੀ ਬਲਕਾਰ ਨੇ ਰੇਲਵੇ ਲਾਈਨ ਦੇ ਇੱਧਰ-ਉੱਧਰ ਦੇਖੇ ਬਿਨਾਂ ਪੂਰੀ ਰਫ਼ਤਾਰ ਨਾਲ ਆਪਣਾ ਟ੍ਰੈਕਟਰ ਪਾਰ ਕਰਨਾ ਚਾਹਿਆ ਤਾਂ ਪਿੱਛੇ ਟ੍ਰਾਲੀ ਵਿੱਚ ਕਣਕ ਦਾ ਭਾਰ ਹੋਣ ਕਾਰਣ ਟ੍ਰੈਕਟਰ ਦਾ ਅਗਲਾ ਪਹੀਆ ਰੇਲਵੇ ਲਾਈਨ ਦੇ ਐਨ ਵਿੱਚਕਾਰ ਫੱਸ ਗਿਆ।
ਬਲਕਾਰ ਨੇ ਬਿਨਾਂ ਘਬਰਾਹਟ ਦੇ ਦੂਜੀ ਵਾਰ ਫਿਰ ਟ੍ਰੈਕਟਰ ਨੂੰ ਰੇਸ ਦਿੱਤੀ ਕਿ ਸ਼ਾਇਦ ਪਹੀਆ ਬਾਹਰ ਨਿਕਲ ਆਏ ਪਰ ਪਹੀਆ ਕਣਕ ਦੇ ਭਾਰੀ ਵਜ਼ਨ ਕਾਰਣ ਬਾਹਰ ਨਾ ਨਿਕਲਿਆ।
ਬਲਕਾਰ ਪ੍ਰੇਸ਼ਾਨ ਹੋ ਕੇ ਫਿਰ ਲੱਗਾ ਟ੍ਰੈਕਟਰ ਦਾ ਜ਼ੋਰ ਲਵਾਉਣ। ਦੂਜੇ ਪਾਸੇ ਉਸ ਦੇ ਬਾਪੂ ਦੀ ਨਜ਼ਰ ਲਾਈਨ ਤੇ ਆਉਂਦੀ ਰੇਲਗੱਡੀ ਤੇ ਪੈ ਗਈ।
“ਉਏ, ਬਲਕਾਰੇ ਚੱਲ ਛੇਤੀ ਥੱਲੇ ਉੱਤਰ ਟ੍ਰੈਕਟਰ ਤੋਂ, ਨਹੀਂ ਤਾਂ ਇੱਥੇ ਹੀ ਭੋਗ ਪੈ ਜਾਏਗਾ, ਦੋਵਾਂ ਪਿਉ ਪੁੱਤਾਂ ਦਾ।”
“ਬਾਪੂ ਤੂੰ ਉੱਤਰ ਕੇ ਸਾਹਮਣੇ ਚੱਲ ਮੈਂ ਦੇਖਦਾ ਹਾਂ।”
“ਉਏ ਸਾਹਮਣੇ ਗੱਡੀ ਪਈ ਆਉਂਦੀ ਏ।” ਬਾਪੂ ਨੇ ਗੁੱਸੇ ਨਾਲ ਕਿਹਾ।
“ਕੋਈ ਗੱਲ ਨਹੀਂ ਬਾਪੂ ਤੂੰ ਚੱਲ ਮੈਂ ਆਇਆ।” ਬਲਕਾਰ ਨੇ ਆਪਣੇ ਬਾਪੂ ਦੀ ਗੱਲ ਅਣਸੁਣੀ ਕਰਦਿਆਂ ਕਿਹਾ।
“ਉਏ ਕੰਜਰਾ 20-25 ਹਜਾਰ ਦੀ ਕਣਕ ਤੇ ਟ੍ਰੈਕਟਰ ਟ੍ਰਾਲੀ ਦਾ ਘਾਟਾ ਤਾਂ 2-4 ਸਾਲਾਂ ਵਿੱਚ ਪੂਰਾ ਹੋ ਜਾਊ, ਪਰ ਜੇ ਆਪਾਂ ਹੀ ਨਾ ਰਹੇ ਤਾਂ ਫਿਰ…?”
“ਬਾਪੂ ਤੂੰ ਫ਼ਿਕਰ ਨਾ ਕਰ, ਮੈਂ ਹੁਣੇ ਕੱਢ ਦੇਂਦਾ ਹਾਂ ਟ੍ਰੈਕਟਰ।”
ਤੇ ਹਰ ਵਾਰ ਦੀ ਤਰਾਂ ਉਸ ਨੇ ਜਿੱਦ ਫੜ ਲਈ ਕੀ ਕਿਸੇ ਨਾ ਕਿਸੇ ਤਰਾਂ ਟ੍ਰੈਕਟਰ ਨੂੰ ਬਾਹਰ ਕੱਢਿਆ ਜਾਏ। ਦੂਜੇ ਪਾਸੇ ਮੌਤ ਰੂਪੀ ਰੇਲਗੱਡੀ ਤੇਜੀ ਨਾਲ ਉਸ ਵੱਲ ਵੱਧ ਰਹੀ ਸੀ ਤੇ ਉਸ ਦਾ ਬਾਪੂ ਦੂਜੇ ਪਾਸੇ ਥੱਲੇ ਉੱਤਰ ਆਉਣ ਲਈ ਰੌਲਾ ਪਾ ਰਿਹਾ ਸੀ।
ਬਲਕਾਰ ਫਿਰ ਲੱਗਾ ਰੇਸ ਦੇਣ ਪਰ ਪਹੀਆ ਲਾਈਨ ਦੇ ਐਨ ਵਿੱਚਕਾਰ ਫੱਸਿਆ ਹੋਇਆ ਸੀ। ਟ੍ਰਾਲੀ ਵਿੱਚ ਪਿਆ ਕਣਕ ਦਾ ਵਜ਼ਨ ਉਸ ਨੂੰ ਬਾਹਰ ਨਹੀਂ ਸੀ ਆਉਣ ਦੇ ਰਿਹਾ ਤੇ ਮੌਤ ਪਲ-ਪਲ ਉਸ ਵੱਲ ਵੱਧ ਰਹੀ ਸੀ।
“ਉਏ ਉੱਲੂ ਦੇ ਪੱਠਿਆ, ਛੇਤੀ ਉੱਤਰ ਥੱਲੇ।” ਬਾਪੂ ਨੇ ਚੀਖਦਿਆਂ ਕਿਹਾ।
ਉਸ ਦੇ ਕੋਈ ਅਸਰ ਨਾ ਹੋਇਆ। ਹੁਣ ਤੱਕ ਗੱਡੀ ਤਕਰੀਬਨ ਅੱਧੇ ਕਿਲੋਮੀਟਰ ਦੀ ਦੂਰੀ ਤੇ ਆ ਗਈ ਸੀ ਤੇ ਗੱਡੀ ਦੇ ਡਰਾਈਵਰ ਨੇ ਹਾਰਨ ਮਾਰਨੇ ਸ਼ਰੂ ਕਰ ਦਿੱਤੇ ਸਨ ਕਿਸੇ ਨਾ ਕਿਸੇ ਤਰਾਂ ਇਸ ਟ੍ਰੈਕਟਰ ਨੂੰ ਛੇਤੀ ਲਾਈਨ ਤੋਂ ਪਾਰ ਕਰੋ।
ਪਰ ਬਲਕਾਰ ਨੇ ਆਪਣੀ ਜਿੱਦ ਨਾ ਛੱਡੀ। ਉਹ ਆਪਣੀ ਸੀਟ ਤੇ ਬੈਠਾ ਰਿਹਾ। ਆਪਣੇ ਪੁੱਤਰ ਦੀ ਜਿੱਦ ਨੂੰ ਜਾਣਦਿਆਂ ਉਸ ਦਾ ਬਾਪੂ ਪੂਰੀ ਰਫ਼ਤਾਰ ਨਾਲ ਭੱਜ ਕੇ ਉਸ ਵੱਧ ਵਧਿਆ ਤੇ ਉਸ ਨੂੰ ਬਾਂਹ ਤੋਂ ਫੱੜ ਕੇ ਲਗਭਗ ਘਸੀਟਦਿਆਂ ਥੱਲੇ ਲੈ ਆਇਆ।
ਗੱਡੀ ਆਪਣੀ ਰਫ਼ਤਾਰ ਨਾਲ ਆਈ ਅਤੇ ਟ੍ਰੈਕਟਰ-ਟ੍ਰਾਲੀ ਦੇ ਪਰਖੱਚੇ ਉਡਾਉਂਦੀ ਹੋਈ ਅੱਗੇ ਵੱਧ ਗਈ। ਕੁੱਝ ਦੂਰ ਜਾ ਕੇ ਗੱਡੀ ਰੁੱਕ ਗਈ ਕਿਉਂਕਿ ਰੇਲ ਦੇ ਇੰਜਨ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ। ਰੇਲਵੇ ਪੁਲੀਸ ਨੇ ਕੇ ਆ ਕੇ ਟ੍ਰੈਕਟਰ-ਟ੍ਰਾਲੀ ਨੂੰ ਘੇਰਾ ਪਾ ਲਿਆ। ਗੱਡੀ ਦੀਆਂ ਸਵਾਰੀਆਂ ਥੱਲੇ ਆ ਕੇ ਹਾਦਸੇ ਵਾਲੀ ਜਗ੍ਹਾਂ ਤੇ ਇੱਕਠੀਆਂ ਹੋ ਗਈਆਂ। ਬਲਕਾਰ ਤੇ ਉਸ ਦਾ ਬਾਪੂ ਲੋਕਾਂ ਦੀ ਭੀੜ ਵਿੱਚ ਅਨਜਾਣ ਬਣੇ ਖੜੇ ਰਹੇ ਪਰ ਕਿਸੇ ਨੂੰ ਉਸ ਵਕਤ ਪਤਾ ਨਾ ਲੱਗਾ ਕਿ ਟ੍ਰੈਕਟਰ ਨੂੰ ਕੋਣ ਚਲਾ ਰਿਹਾ ਸੀ?
ਬਲਕਾਰ ਦੇ ਬਾਪੂ ਨੇ ਮਨ ਵਿੱਚ ਸੋਚਿਆ ਕਿ ਹੁਣ ਕੋਈ ਵੱਡੀ ਮੁਸੀਬਤ ਆਉਣ ਵਾਲੀ ਹੈ ਤੇ ਇਸ ਦਾ ਉਪਾਅ ਬਹੁਤ ਜ਼ਰੂਰੀ ਹੈ। ਉਸ ਨੇ ਬਲਕਾਰ ਨੂੰ ਕਿਹਾ, “ਬਲਕਾਰੇ, ਛੇਤੀ ਚੱਲ ਇਸ ਮੁਸੀਬਤ ਤੋਂ ਬਚਣ ਦਾ ਹੱਲ ਲੱਭੀਏ।”
“ਬਾਪੂ, ਕੇਸ ਤਾਂ ਵੱਡਾ ਪੈ ਗਿਆ ਏ।” ਬਲਕਾਰ ਵੀ ਥੋੜਾ ਡਰਿਆ ਹੋਇਆ ਸੀ।
“ਕੋਈ ਗੱਲ ਨਹੀਂ…ਪੁੱਤ…ਤੂੰ ਫ਼ਿਕਰ ਨਾ ਕਰ…ਰੱਬ ਭਲਾ ਕਰੂਗਾ।”
“ਹੁਣ ਰੱਬ ਨਹੀਂ ਥਾਨੇਦਾਰ ਮਹਿੰਗਾ ਸਿੰਘ ਹੀ ਭਲਾ ਕਰ ਸਕਦਾ ਏ ਆਪਣਾ।” ਬਲਕਾਰ ਨੂੰ ਜਿਵੇਂ ਇਸ ਮੁਸੀਬਤ ਵਿੱਚੋਂ ਕੱਢਣ ਵਾਲਾ ਕੋਈ ‘ਦੇਵ ਪੁਰਸ਼’ ਮਿਲ ਗਿਆ ਹੋਵੇ ਅਤੇ ਜਿਸ ਤੇ ਉਸ ਨੂੰ ਪੂਰਾ ਭਰੋਸਾ ਸੀ।
“ਤਾਂ ਫਿਰ ਛੇਤੀ ਚੱਲ।” ਬਾਪੂ ਉਸ ਜਗ੍ਹਾਂ ਤੋਂ ਜਾਣ ਲਈ
ਕਾਹਲਾ ਸੀ।
ਲੋਕ ਥਾਣੇ ਵੱਲ ਨੂੰ ਜਾਣ ਤੋਂ ਕਤਰਾਉਂਦੇ ਹਨ ਪਰ ਅੱਜ ਦੋਵੇਂ ਪਿਉ ਪੁੱਤ ਬੜੀ ‘ਆਸ’ ਲੈ ਕੇ ਕਾਹਲੀ ਨਾਲ ਥਾਣੇ ਵੱਲ ਨੂੰ ਚੱਲ ਪਏ। ਰਸਤੇ ਵਿੱਚ ਉਹਨਾਂ ਕੋਈ ਗੱਲਬਾਤ ਨਾ ਕੀਤੀ।
ਥਾਣੇ ਵਿੱਚ ਪਹੁੰਚ ਕੇ ਉਹਨਾਂ ਮੁਨਸ਼ੀ ਨੂੰ ਥਾਣੇਦਾਰ ਮਹਿੰਗਾ ਸਿੰਘ ਬਾਰੇ ਪੁੱਛਿਆ। ਮੁਨਸ਼ੀ ਨੇ ਕਿਹਾ ਕਿ, “ਸਾਹਬ, ਬਾਹਰ ਗਏ ਨੇ, ਥੋੜੀ ਦੇਰ ਨੂੰ ਆ ਜਾਣਗੇ ਤੁਸੀਂ ਬਾਹਰ ਬੈਠ ਕੇ ਇੰਤਜਾਰ ਕਰ ਸਕਦੇ ਹੋ।”
“ਠੀਕ ਏ ਅਸੀਂ ਬਾਹਰ ਹੀ ਬੈਠਦੇ ਹਾਂ।” ਬਲਕਾਰ ਦੇ ਬਾਪੂ ਨੇ ਕਿਹਾ।
ਤਕਰੀਬਨ ਇੱਕ ਘੰਟੇ ਬਾਅਦ ਥਾਣੇਦਾਰ ਮਹਿੰਗਾ ਸਿੰਘ ਵਾਪਸ ਆ ਗਿਆ ਤੇ ਬਲਕਾਰ ਤੇ ਉਸ ਦਾ ਬਾਪੂ ਥਾਣੇ ਅੰਦਰ ਉਸ ਨੂੰ ਮਿਲਣ ਲਈ ਚਲੇ ਗਏ।
“ਸਤਿ ਸ਼੍ਰੀ ਅਕਾਲ, ਸਾਹਬ ਜੀ।”
“ਸਤਿ ਸ਼੍ਰੀ ਅਕਾਲ, ਦੱਸੋ ਕੀ ਗੱਲ ਏ।” ਥਾਣੇਦਾਰ ਮਹਿੰਗਾ ਸਿੰਘ ਨੇ ਆਪਣੀ ਕੁਰਸੀ ਤੇ ਬੈਠਦਿਆਂ ਕਿਹਾ।
“ਸਾਹਬ ਜੀ ਅਸੀਂ ਬੜੀ ਵੱਡੀ ਮੁਸੀਬਤ ਵਿੱਚ ਫੱਸ ਗਏ ਹਾਂ ਤੇ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ।” ਬਲਕਾਰ ਦੇ ਬਾਪੂ ਨੇ ਗੱਲ ਸ਼ਰੂ ਕਰਦਿਆਂ ਕਿਹਾ।
“…ਸਿਰਫ਼ ਤੁਸੀਂ ਹੀ ਸਾਨੂੰ ਬਚਾ ਸਕਦੇ ਹੋ?” ਬਲਕਾਰ ਨੇ ਆਪਣੇ ਬਾਪੂ ਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਬੋਲਦਿਆਂ ਕਿਹਾ।
“ਗੱਲ ਤਾਂ ਦੱਸੋ ਬਜ਼ੁਰਗੋ?” ਥਾਣੇਦਾਰ ਮਹਿੰਗਾ ਸਿੰਘ ਨੇ ਬਲਕਾਰ ਦੇ ਬਾਪੂ ਨੂੰ ਮੁਖਾਤਿਬ ਹੁੰਦਿਆਂ ਕਿਹਾ।
ਤੇ ਫਿਰ ਬਲਕਾਰ ਦੇ ਬਾਪੂ ਨੇ ਸਾਰੀ ਹੱਡਬੀਤੀ ਥਾਣੇਦਾਰ ਮਹਿੰਗਾ ਸਿੰਘ ਨੂੰ ਸੁਣਾ ਦਿੱਤੀ ਤੇ ਕਿਹਾ ਕਿ, “ਹੁਣ ਰੇਲਵੇ ਪੁਲੀਸ ਸਾਡੇ ਘਰ ਆਉਣ ਵਾਲੀ ਹੋਵੇਗੀ।”
“ਤੁਸੀਂ ਹੀ ਕੁੱਝ ਕਰੋ…ਹੁਣ ਸਾਡੇ ਲਈ।” ਬਲਕਾਰ ਦੇ ਬਾਪੂ ਨੇ ਤਰਲਾ ਕਰਦਿਆਂ ਕਿਹਾ।
ਥਾਣੇਦਾਰ ਮਹਿੰਗਾ ਸਿੰਘ ਨੇ ਪੂਰੇ ਧਿਆਨ ਨਾਲ ਦੋਹਾਂ ਦੀ ਗੱਲਬਾਤ ਸੁਣੀ ਤੇ ਫਿਰ ਕਿਸੇ ਗਹਿਰੀ ਸੋਚ ਵਿੱਚ ਗੁੰਮ ਹੋ ਗਿਆ। ਦੋਵੇਂ ਪਿਉ ਪੁੱਤ ਸਾਹਮਣੇ ਕੁਰਸੀਆਂ ਤੇ ਬੈਠੇ ਕਿਸੇ ‘ਆਸ’ ਨਾਲ ਉਸ ਵੱਲ ਤੱਕ ਰਹੇ ਸਨ।
“ਹੂੰ…ਕੀ ਟ੍ਰੈਕਟਰ ਤੁਹਾਡੇ ਨਾਂ ਹੈ?” ਕੁੱਝ ਚਿਰ ਸੋਚਣ ਤੋਂ ਮਗਰੋਂ ਥਾਣੇਦਾਰ ਮਹਿੰਗਾ ਸਿੰਘ ਨੇ ਬਲਕਾਰ ਦੇ ਬਾਪੂ ਤੋਂ ਪੁੱਛਿਆ।
“ਹਾਂ ਹਾਂ……, ਮੇਰੇ ਨਾਂ ਹੈ।”
“ਤਾਂ ਫਿਰ ਠੀਕ ਏ, ਤੁਹਾਡਾ ਕੰਮ ਹੋ ਜਾਵੇਗਾ।”
“ਅੱਛਾ ਜੀ…!”
“ਪਰ ਇਸ ਲਈ ਖਰਚਾ ਚੋਖਾ ਆ ਜਾਵੇਗਾ…।”
“ਕਿੰਨਾ ਕੂ…?” ਬਲਕਾਰ ਨੇ ਕਾਹਲੀ ਨਾਲ ਪੁੱਛਿਆ।
“ਇਹੋ ਹੀ ਕੋਈ 50 ਕੂ ਹਜ਼ਾਰ ਰੁਪਈਆ ਲੱਗ ਜਾਵੇਗਾ।”
“ਪਰ…ਰਕਮ ਕੁੱਝ ਜਿਆਦਾ……?” ਬਲਕਾਰ ਨੇ ਕਿਹਾ।
“ਤਾਂ ਆਪਣਾ ਬੰਦੋਬਸਤ ਖ਼ੁਦ ਹੀ ਕਰ ਲਵੋ, ਮੇਰੇ ਕੋਲ ਕੀ ਲੈਣ ਆਏ ਹੋ…?” ਥਾਣੇਦਾਰ ਮਹਿੰਗਾ ਸਿੰਘ ਨੇ ਗੁੱਸੇ ਹੁੰਦਿਆਂ ਕਿਹਾ।
“ਨਹੀਂ ਨਹੀਂ ਸਾਹਬ ਇਸ ਦੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਪੈਸਾ ਜਿਆਦਾ ਹੈ ਬਲਕਿ ਇਸ ਦਾ ਮਤਲਬ ਇਸ ਸੀ ਕਿ ਅਸੀਂ ਪੈਸਾ ਕਿਸਤਾਂ ਵਿੱਚ ਦੇਵਾਂਗੇ…ਇੱਕ ਮੁਸ਼ਤ ਦੇਣ ਲਈ ਸਾਡੇ ਕੋਲ ਪੈਸਾ ਨਹੀਂ ਹੈ।” ਬਲਕਾਰ ਦੇ ਬਾਪੂ ਨੇ ਗੱਲ ਨੂੰ ਟਾਲਦਿਆਂ ਕਿਹਾ।
“ਤਾਂ ਠੀਕ ਹੈ 25 ਹਜਾਰ ਪਹਿਲਾਂ ਤੇ ਬਾਕੀ ਕੰਮ ਹੋਣ ਦੇ ਬਾਅਦ ਵਿੱਚ,……ਕੀ ਤੁਹਾਨੂੰ ਮਨਜ਼ੁਰ ਏ?” ਥਾਣੇਦਾਰ ਮਹਿੰਗਾ ਸਿੰਘ ਨੇ ਆਪਣੇ ਵੱਲੋਂ ਸੌਦਾ ਤੈਅ ਕਰਦਿਆਂ ਕਿਹਾ।
“ਹਾਂ ਜੀ ਠੀਕ ਏ, ਅਸੀਂ 25 ਹਜਾਰ ਰੁਪਈਆ ਸ਼ਾਮ ਨੂੰ ਤੁਹਾਡੇ ਕੋਲ ਪਹੁੰਚਾ ਦੇਵਾਂਗੇ।” ਬਲਕਾਰ ਦੇ ਬਾਪੂ ਨੇ ਹੋਲੀ ਜਿਹੀ ਕਿਹਾ।
“ਅੱਛਾ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ।” ਮਹਿੰਗਾ ਸਿੰਘ ਨੇ ਸੋਦਾ ਤੈਅ ਹੋਣ ਤੋਂ ਬਾਅਦ ਬਲਕਾਰ ਦੇ ਬਾਪੂ ਦੇ ਕੰਨ ਕੋਲ ਹੁੰਦਿਆਂ ਹੌਲੀ ਜਿਹੀ ਕਿਹਾ।
“ਹਾਂ ਜੀ…ਦੱਸੋ?”
“ਮੇਰੇ ਨਾਲ ਹੋਈ ਗੱਲਬਾਤ ਬਾਰੇ ਕਿਸੇ ਨੂੰ ਕੰਨੋਂ ਕੰਨ ਖ਼ਬਰ ਨ੍ਹੀਂ ਹੋਣੀ ਚਾਹੀਦੀ।”
“ਨਾ ਨਾ ਜੀ ਰੱਬ ਦਾ ਨਾਂ ਲਵੋ……ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ।” ਬਲਕਾਰ ਦੇ ਬਾਪੂ ਨੇ ਆਵਾਜ਼ ਮੱਠੀ ਰੱਖਦਿਆਂ ਕਿਹਾ।
“ਜਿਸ ਵੇਲੇ ਤੁਹਾਡੇ ਘਰ ਰੇਲਵੇ ਪੁਲੀਸ ਆਵੇ ਤਾਂ ਤੁਸੀਂ ਮੈਨੂੰ ਫ਼ੋਨ ਕਰ ਦੇਣਾ ਬਾਕੀ ਸਭ ਮੈਂ ਸੰਭਾਲ ਲਵਾਂਗਾ।” ਥਾਣੇਦਾਰ ਮਹਿੰਗਾ ਸਿੰਘ ਨੇ ਬੜੇ ਮਾਣ ਨਾਲ ਕਿਹਾ।
“ਪਰ ਤੁਸੀਂ ਕਰੋਗੇ ਕੀ…?” ਬਲਕਾਰ ਨੇ ਪੁੱਛਿਆ।
“ਇਸ ਦੀ ਚਿੰਤਾ ਤੁਸੀਂ ਨਾ ਕਰੋ…ਬਸ ਘਰ ਜਾ ਕੇ ਆਰਾਮ ਕਰੋ।”
“ਪਰ ਕੁੱਝ ਤਾਂ ਦੱਸੋ…………!”
“ਕਿਹਾ ਨਾ…ਚਿੰਤਾ ਨਾ ਕਰੋ।”
“ਠੀਕ ਏ ਪਰ ਹੁਣ ਸਾਰੀ ਜ਼ਿਮੇਵਾਰੀ ਤੁਹਾਡੀ ਹੋਵੇਗੀ।” ਬਲਕਾਰ ਨੇ ਕਿਹਾ।
“ਹਾਂ…ਹਾਂ…ਤੁਸੀਂ ਫ਼ਿਕਰ ਨਾ ਕਰੋ।”
ਤੇ ਫਿਰ ਦੋਵੇਂ ਪਿਉ ਪੁੱਤ ਘਰ ਵੱਲ ਨੂੰ ਚੱਲ ਪਏ। ਬਲਕਾਰ ਆਪਣੇ ਬਾਪੂ ਤੋਂ ਵਧੇਰੇ ਚਿੰਤਾਗ੍ਰਸਤ ਲੱਗ ਰਿਹਾ ਸੀ ਪਰ ਰਸਤੇ ਵਿੱਚ ਉਸ ਨੇ ਆਪਣੇ ਬਾਪੂ ਨਾਲ ਕੋਈ ਗੱਲ ਨਾ ਕੀਤੀ।
ਜਿਸ ਗੱਲ ਦਾ ਡਰ ਸੀ ਉਹੀ ਹੋਇਆ ਸ਼ਾਮ ਪੈਣ ਤੱਕ ਰੇਲਵੇ ਪੁਲੀਸ ਬਲਕਾਰ ਕੇ ਘਰ ਆ ਗਈ ਤੇ ਪੁੱਛਗਿੱਛ ਕਰਨ ਲੱਗੀ ਕਿ ਗੱਡੀ ਨਾਲ ਟਕਰਾਉਣ ਵਾਲਾ ਟ੍ਰੈਕਟਰ ਕਿਸ ਦੇ ਨਾਂ ਹੈ ਤੇ ਉਸ ਨੂੰ ਕੋਣ ਚਲਾ ਰਿਹਾ ਸੀ?
ਇਤਨੇ ਨੂੰ ਨਾਲ ਦੇ ਕਮਰੇ ਵਿੱਚੋਂ ਬਲਕਾਰ ਦੇ ਬਾਪੂ ਨੇ ਥਾਣੇਦਾਰ ਮਹਿੰਗਾ ਸਿੰਘ ਨੂੰ ਫ਼ੋਨ ਕਰ ਦਿੱਤਾ ਤੇ ਅਕਸਰ ਦੇਰ ਨਾਲ ਆਉਣ ਵਾਲੀ ਪੁਲੀਸ ਅਗਲੇ 10 ਮਿਨਟ ਵਿੱਚ ਬਲਕਾਰ ਦੇ ਘਰ ਸੀ।
ਥਾਣੇਦਾਰ ਮਹਿੰਗਾ ਸਿੰਘ ਆਪਣੀ ਜੀਪ ਵਿੱਚੋਂ ਉੱਤਰਿਆ ਤੇ ਰੇਲਵੇ ਪੁਲੀਸ ਦੇ ਅਫ਼ਸਰ ਨੂੰ ਮੁਖਾਤਿਬ ਹੁੰਦਿਆਂ ਕਿਹਾ, ” ਜਨਾਬ ਜਿਸ ਟ੍ਰੈਕਟਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਪਿਛਲੇ ਦੋ ਦਿਨ ਤੋਂ ਚੋਰੀ ਹੋ ਗਿਆ ਸੀ ਤੇ ਇਸ ਦੀ ਰੀਪੋਰਟ ਇਹਨਾਂ ਨੇ ਥਾਣੇ ਵਿੱਚ ਲਿਖਵਾਈ ਹੋਈ ਏ।” ਥਾਣੇਦਾਰ ਮਹਿੰਗਾ ਸਿੰਘ ਨੇ ਰੇਲਵੇ ਅਫ਼ਸਰ ਨੂੰ ਕਿਹਾ।
“ਅੱਛਾ…ਟ੍ਰੈਕਟਰ ਚੋਰੀ ਸੀ…!” ਅਫ਼ਸਰ ਨੇ ਹੈਰਾਨ ਹੁੰਦਿਆਂ ਕਿਹਾ।
“ਹਾਂ ਜੀ…ਆਹ ਦੇਖੋ ਰੀਪੋਰਟ।” ਥਾਣੇਦਾਰ ਮਹਿੰਗਾ ਸਿੰਘ ਨੇ ਚੋਰੀ ਦੀ ਦਰਜ਼ ਰੀਪੋਰਟ ਰੇਲਵੇ ਪੁਲੀਸ ਅਫ਼ਸਰ ਨੂੰ ਦਿਖਾਉਂਦਿਆਂ ਕਿਹਾ।
ਰੇਲਵੇ ਅਫ਼ਸਰ ਨੇ ਰੀਪੋਰਟ ਚੈੱਕ ਕੀਤੀ ਤਾਂ ਟ੍ਰੈਕਟਰ ਚੋਰੀ ਦੀ ਰੀਪੋਰਟ ਦਰਜ਼ ਕੀਤੀ ਹੋਈ ਸੀ।
“ਹੂੰ………, ਹੁਣ ਕੀ ਕੀਤਾ ਜਾ ਸਕਦਾ ਹੈ?” ਰੇਲਵੇ ਅਫ਼ਸਰ ਨੇ ਥਾਣੇਦਾਰ ਮਹਿੰਗਾ ਸਿੰਘ ਤੋਂ ਸਲਾਹ ਲੈਂਦਿਆਂ ਕਿਹਾ।
“ਕਰਨਾ ਕੀ ਏ ਜਨਾਬ, ਅਸੀਂ ਅਣਪਛਾਤੇ ਚੋਰਾਂ ਖ਼ਿਲਾਫ ਟ੍ਰੈਕਟਰ ਚੋਰੀ ਦਾ ਮਾਮਲਾ ਦਰਜ਼ ਕੀਤਾ ਹੋਇਆ ਏ,……ਤੁਸੀਂ ਵੀ ਇਸੇ ਆਧਾਰ ਤੇ ਚੋਰਾਂ ਖ਼ਿਲਾਫ ਮਾਮਲਾ ਦਰਜ਼ ਕਰ ਦਿਓ।”
“ਕਾਨੂੰਨ ਮੁਤਾਬਕ ਵੀ ਇਹੋ ਹੀ ਕਾਰਵਾਈ ਬਣਦੀ ਹੈ।” ਮਹਿੰਗਾ ਸਿੰਘ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ।
“ਤੁਸੀਂ ਠੀਕ ਕਹਿੰਦੇ ਹੋ…।” ਰੇਲਵੇ ਅਫ਼ਸਰ ਨੂੰ ਥਾਣੇਦਾਰ ਮਹਿੰਗਾ ਸਿੰਘ ਦੀ ਗੱਲ ਚੰਗੀ ਲੱਗੀ।
ਅਤੇ ਫਿਰ ਅਣਪਛਾਤੇ ਚੋਰਾਂ ਵਿਰੁੱਧ ਇੱਕ ਮਾਮਲਾ ਹੋਰ ਦਰਜ਼ ਹੋ ਗਿਆ। ਰੇਲਵੇ ਪੁਲੀਸ ਅਫ਼ਸਰ ਅਤੇ ਥਾਣੇਦਾਰ ਮਹਿੰਗਾ ਸਿੰਘ ਦੀ ਜੀਪ ਉਹਨਾਂ ਦੇ ਘਰੋਂ ਬਾਹਰ ਨਿਕਲ ਰਹੀ ਸੀ ਅਤੇ ਬਲਕਾਰ ਤੇ ਉਸ ਦਾ ਬਾਪੂ ਇੱਕ ਦੂਜੇ ਵੱਲ ਕਿਸੇ ਜੇਤੂ ਖਿਡਾਰੀ ਵਾਂਗ ਦੇਖ ਕੇ ਮੁਸਕਰਾ ਰਹੇ ਸਨ।
- 1
- 2