“ਇੱਕ ਸੱਚੀ ਘਟਨਾ,
ਮੈਂ ਉਦੋਂ ਪਿੰਡ ਤੋਂ ਸ਼ਹਿਰ ਨਵਾਂ ਨਵਾਂ ਆਇਆ ਸੀ ਮੈਨੂੰ ਕੁੱਝ ਅਜਿਹੇ ਦੋਸਤਾਂ ਦੀ ਭਾਲ ਸੀ ਜਿਨ੍ਹਾਂ ਦੇ ਵਿਚਾਰ ਥੋੜੇ ਬਹੁਤੇ ਮੇਰੇ ਨਾਲ ਮਿਲਦੇ ਹੋਣ ਕਿਉਂਕਿ ਸੌ ਪ੍ਰੀਤਸਤਿ ਤਾਂ ਕਿਸੇ ਨਾਲ ਵੀ ਨਹੀਂ ਮਿਲਦੇ ਭਾਵ ਕਿ ਮੁਸੀਬਤ ਵਿੱਚ ਫਸੇ ਕਿਸੇ ਇਨਸਾਨ ਲਈ ਸੇਵਾ ਭਾਵਨਾ ਰੱਖਦੇ ਹੋਣ ਅਤੇ ਨਸ਼ਿਆਂ ਤੋਂ ਪਰਹੇਜ਼ ਕਰਦੇ ਹੋਣ ਵਾਹਿਗੁਰੂ ਦੀ ਕ੍ਰਿਪਾ ਨਾਲ ਮੈਨੂੰ ਅਜਿਹੇ ਮਿੱਤਰ ਮਿਲ ਵੀ ਗਏ ਅਤੇ ਮੈਂ ਉਹਨਾਂ ਦੇ ਕਲੱਬ ਵਿੱਚ ਸ਼ਾਮਿਲ ਹੋ ਗਿਆ ਜਿਥੋਂ ਤੱਕ ਸੰਭਵ ਹੋ ਸਕਦਾ ਅਸੀਂ ਤਨ ਮਨ ਅਤੇ ਸਮਰੱਥਾ ਅਨੁਸਾਰ ਧਨ ਨਾਲ ਕਿਸੇ ਮੁਸੀਬਤ ਵਿੱਚ ਫ਼ਸੇ ਵਿਅਕਤੀ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਹੁਣ ਮੈਂ ਜਿਸ ਘਟਨਾ ਬਾਰੇ ਇਸ ਲੇਖ ਵਿੱਚ ਲਿਖ ਰਿਹਾ ਹਾਂ ਉਹ ਬਿਲਕੁੱਲ ਸੱਚ ਦੇ ਅਧਾਰਿਤ ਹੈ।
ਸ਼ਹਿਰਾਂ ਵਿੱਚ ਲੋਕ ਆਪਣੇ ਕੰਮਾਂ ਕਾਰਾ ਵਿੱਚ ਇੰਨੇ ਰੁੱਝੇ ਹੁੰਦੇ ਹਨ ਗਵਾਂਢ ਵਿੱਚ ਕੀ ਹੋ ਰਿਹਾ ਹੈ ਇਸ ਬਾਰੇ ਕੁੱਝ ਪਤਾ ਨਹੀਂ ਹੁੰਦਾ ਕਈਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਆਪਣੇ ਗੁਆਂਢ ਵਿੱਚ ਕੋਣ ਰਹਿ ਰਿਹਾ ਹੈ ! ਅਜਿਹਾ ਹੀ ਇੱਕ ਕੇਸ ਸਾਡੇ ਕੋਲ ਆਇਆ ਬਜ਼ਾਰ ਵਿੱਚ ਦੁਕਾਨਾਂ ਦੇ ਪਿੱਛੇ ਇੱਕ ਖੰਡਰ ਬਣੇ ਮਕਾਨ ਨੇੜੇ ਕੁੱਝ ਬੱਚੇ ਕ੍ਰਿਕਟ ਖੇਡ ਰਹੇ ਸੀ ਉਨ੍ਹਾਂ ਕੋਲੋਂ ਬਾਲ ਅਚਾਨਕ ਉਸ ਖੰਡਰ ਬਣੇ ਮਕਾਨ ਅੰਦਰ ਚਲੀ ਗਈ ਜਦੋਂ ਉਹ ਬਾਲ ਲੱਭਣ ਲਈ ਮਕਾਨ ਅੰਦਰ ਗਏ ਤਾਂ ਚੀਕਾਂ ਮਾਰਦੇ ਬਹਾਰ ਵੱਲ ਨੂੰ ਭੱਜੇ ਅਤੇ ਰੌਲਾ ਪਾਉਣ ਲੱਗੇ ਕਿ ਅੰਦਰ ਕੋਈ ਭੂਤ ਹੈ ਕਿਸੇ ਸਿਆਣੇ ਬੰਦੇ ਨੇ ਹੌਸਲਾ ਜਿਹਾ ਕਰ ਜਾਕੇ ਵੇਖਿਆ ਕਿ ਇੱਕ ਡਰਾਵਣੀ ਜਿਹੀ ਸ਼ਕਲ ਦਾ ਬਜ਼ੁਰਗ ਜਿਸ ਦੇ ਸਿਰ ਦੇ ਵਾਲ ਅਤੇ ਦਾੜੀ ਬਹੁਤ ਵਧੇ ਹੋਏ ਸਨ ਇੱਕ ਫਟੀ ਹੋਈ ਰਜਾਈ ਲੈ ਮੰਜੇ ਤੇ ਕੰਧ ਨਾਲ ਢੂ ਲਾਈ ਬੈਠਾ ਸੀ ਉਹ ਵਿਅਕਤੀ ਉਸ ਨੂੰ ਦੇਖ ਬਾਹਰ ਆ ਗਿਆ ਪਰ ਉਸਨੇ ਕਿਸੇ ਤਰ੍ਹਾਂ ਇਹ ਗੱਲ ਸਾਡੇ ਕੋਲ ਪਹੁੰਚਦੀ ਕਰ ਦਿੱਤੀ ਜਦੋਂ ਅਸੀ ਜਾ ਕੇ ਵੇਖਿਆ ਤਾਂ ਉਸ ਬਜ਼ੁਰਗ ਦੀ ਹਾਲਤ ਬਹੁਤ ਖਰਾਬ ਸੀ ਉਸ ਦਾ ਮਲ ਮੂਤਰ ਸਭ ਬਿਸਤਰੇ ਵਿੱਚ ਹੀ ਸੀ ਸਿਰ ਅਤੇ ਦਾੜੀ ਵਿਚ ਬਹੁਤ ਸਾਰੀਆਂ ਜੂਆਂ ਨੇ ਵਾਸ ਕੀਤਾ ਹੋਇਆ ਸੀ ਸਰੀਰ ਦੇ ਤੇ ਜਖਮਾਂ ਨਾਲ ਟਾਕੀਆਂ ਬਣੀਆਂ ਹੋਈਆਂ ਸਨ ਉਸ ਕੋਲ ਅੱਧਾ ਪੈਕਟ ਖ਼ਰਾਬ ਹੋਏ ਰਸ ਅਤੇ ਖਾਲੀ ਜੱਗ ਗਲਾਸ ਤੋਂ ਬਿਨਾਂ ਉਸ ਨੇ ਇੱਕ ਘਸਮੇਲੀ ਜਿਹੀ ਲੀਰ ਵਿੱਚ ਲਪੇਟੇ ਦਸ- ਦਸ ਦੇ ਦੋ ਨੋਟ ਆਪਣੀ ਮੁੱਠੀ ਵਿੱਚ ਘੁੱਟ ਕੇ ਫੜ੍ਹੇ ਹੋਏ ਸੀ ਜੋ ਉਹ ਛੱਡਣਾ ਨਹੀਂ ਸੀ ਚਹੁੰਦਾ ਸ਼ਾਇਦ ਬੁਰੇ ਵਕਤ ਲਈ ਸੰਭਾਲ ਕੇ ਰੱਖੇ ਹੋਣ , ਹੋ ਸਕਦਾ ਸਾਡੇ ਤੋਂ ਪਹਿਲਾਂ ਵੀ ਕੋਈ ਭਲਾ ਪੁਰਸ਼ ਇਹਦੇ ਲਈ ਕੁੱਝ ਖਾਣ ਨੂੰ ਲੈ ਕੇ ਆਉਂਦਾ ਰਿਹਾ ਹੋਵੇ ਕਿਉਂਕਿ ਬਿਨਾਂ ਕੁੱਝ ਖਾਧੇ ਜਿਆਦਾ ਦਿਨ ਜਿੰਦਾ ਰਹਿਣਾ ਸੰਭਵ ਨਹੀਂ ਅਸੀਂ ਸੱਭ ਤੋਂ ਪਹਿਲਾਂ ਤਾਂ ਉਸ ਦੇ ਵਾਲਾ ਦੀ ਕਟਿੰਗ ਕਰ ਗਰਮ ਪਾਣੀ ਅਤੇ ਡੇਟੋਲ ਨਾਲ ਉਹਦੇ ਸਰੀਰ ਦੀ ਸਫ਼ਾਈ ਕੀਤੀ ਜਿਨ੍ਹਾਂ ਸੰਭਵ ਹੋ ਸਕਿਆ ਦਵਾਈ ਬੂਟੀ ਦਾ ਪ੍ਰਬੰਧ ਵੀ ਕੀਤਾ ਹੌਲੀ ਹੌਲੀ ਉਸ ਦੀ ਸਿਹਤ ਵਿੱਚ ਸੁਧਾਰ ਹੁੰਦਾ ਗਿਆ ਗਵਾਂਢੀਆਂ ਤੋਂ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਇਸ ਘਰ ਦਾ ਮਾਲਿਕ ਹੀ ਹੈ ਕੁੱਝ ਸਮਾਂ ਪਹਿਲਾਂ ਇਹਦੇ ਬੇਟੇ ਇਹ ਘਰ ਛੱਡ ਕਿਸੇ ਹੋਰ ਸ਼ਹਿਰ ਚਲੇ ਗਏ ਪਰ ਇਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇਹਨੂੰ ਇਥੇ ਹੀ ਛੱਡ ਗਏ ਨੇ, ਅਸੀ ਉਸ ਦੇ ਕਮਰੇ ਦੀ ਸਫ਼ਾਈ ਵੀ ਕੀਤੀ ਅਤੇ ਸਵੇਰੇ ਸ਼ਾਮ ਉਸ ਦੇ ਖਾਣ ਪੀਣ ਦਾ ਪ੍ਰਬੰਧ ਵੀ ਕਰਦੇ ਰਹੇ ਇੱਕ ਦੋ ਵਾਰ ਫੋਨ ਤੇ ਉਸ ਦੇ ਬੇਟਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸਹੀ ਢੰਗ ਨਾਲ ਗੱਲ ਨਹੀਂ ਸਨ ਕਰਦੇ, ਕੁੱਝ ਸਮਾਂ ਬੀਤਣ ਮਗਰੋਂ ਜਦੋਂ ਹਰ ਰੋਜ਼ ਦੀ ਤਰ੍ਹਾਂ ਸਵੇਰੇ ਉਸ ਦਾ ਖਾਣਾ ਲੈ ਕੇ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਅਸੀਂ ਰੱਲ ਮਿਲ ਕੇ ਉਸ ਦੇ ਸੰਸਕਾਰ ਦਾ ਪ੍ਰਬੰਧ ਕੀਤਾ ਬੇਟਿਆਂ ਨੂੰ ਵਾਰ- ਵਾਰ ਫ਼ੋਨ ਕਰਨ ਤੇ, ਕਿ ਯਾਰ ਤੁਹਾਡਾ ਪਿਓ ਸੀ ਉਹ, ਕਹਿਣ ਤੇ ਆ ਤਾਂ ਗਏ ਪਰ ਬੇਗਾਨਿਆਂ ਵਾਂਗੂੰ ਅਰਥੀ ਤੋਂ ਦੂਰ ਹੀ ਰਹੇ ਕਿਸੇ ਨੇ ਮੋਢਾ ਤੱਕ ਨਹੀਂ ਦਿੱਤਾ।
ਪਤਾ ਨਹੀਂ ਇਹੋ ਜਿਹੀ ਕਿਹੜੀ ਮਜਬੂਰੀ ਹੋ ਜਾਂਦੀ ਹੈ ਜਿਸ ਔਲਾਦ ਦੇ ਭਵਿੱਖ ਲਈ ਇਨਸਾਨ ਨੇ ਦਿਨ ਰਾਤ ਇੱਕ ਕੀਤੀ ਹੋਵੇ ਉਹ ਹੀ ਔਲਾਦ ਆਪਣੇ ਉਸ ਮਾਂ ਪਿਉ ਦੀ ਸ਼ਕਲ ਤੱਕ ਦੇਖਣਾ ਪਸੰਦ ਨਹੀਂ ਕਰਦੀ।
ਮਾਂ ਪਿਓ ਦੀ ਜਿੰਨੀ ਵੀ ਸੇਵਾ ਕੀਤੀ ਜਾਵੇ, ਉਹ ਵੀ ਘੱਟ ਹੈ , ਕਿਉਂਕਿ ਔਲਾਦ ਉਨ੍ਹਾਂ ਦਾ ਇਹ ਦੁਨੀਆਂ ਦਿਖਾਉਣ ਦਾ ਹੀ ਕਰਜ ਨਹੀਂ ਉਤਾਰ ਸਕਦੀ। ਸੋ ਆਪਣੇ ਮਾਂ ਬਾਪ ਦਾ ਖ਼ਿਆਲ ਰੱਖਿਆ ਕਰੋ।
“ਦਵਿੰਦਰ ਸਿੰਘ ਰਿੰਕੂ,