ਇਕ ਰਾਜੇ ਨੇ ਕਿਸੇ ਇਕ ਸੰਨਿਆਸੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ | ਵਜ਼ੀਰ ਨੂੰ ਸੰਨਿਆਸੀਆ ਨਾਲ ਚਿੜ ਸੀ | ਉਸਨੇ ਕਿਹਾ ਹਰ ਗਲੀ ਦੇ ਮੋੜ ਤੇ ਸੰਨਿਆਸੀ ਮਿਲ ਜਾਂਦੇ ਹਨ | ਉਹ ਰਾਜੇ ਦੀ ਮੰਗ ਟਾਲਦਾ ਰਿਹਾ | ਜਦੋਂ ਰਾਜੇ ਨੇ , ਸੰਨਿਆਸੀ ਨੂੰ ਮਿਲਣ ਦੀ ਇੱਛਾ ਦੁਹਰਾਈ ਤਾ ਵਜ਼ੀਰ ਨੇ ਆਪਣੇ ਇਕ ਜਾਣੂ ਨੂੰ , ਸੰਨਿਆਸੀ ਦਾ ਢੋਂਗ ਰਚਣ ਲਈ ਕਿਹਾ ਅਤੇ ਉਸ ਨੂੰ ਇਸ ਢੋਂਗ ਉਪਰੰਤ , ਇਕ ਥੈਲੀ ਦੇਣੀ ਕੀਤੀ | ਅਸਲੀ ਸੰਨਿਆਸੀ ਕੁਝ ਸਵੀਕਾਰ ਨਹੀਂ ਕਰਦੇ |
ਵਜੀਰ ਵਲੋਂ ਨਿਸ਼ਚਿਤ ਥਾਂ ਤੇ ਸੰਨਿਆਸੀ ਬੈਠ ਗਿਆ | ਰਾਜੇ ਨੂੰ ਪਾਲਕੀ ਵਿਚ ਲਿਆਂਦਾ ਗਿਆ , ਉਸਨੇ ਸੰਨਿਆਸੀ ਵੇਖਿਆ , ਝੁਕਿਆ , ਮੋਹਰਾ ਦਾ ਥਾਲ ਭੇਂਟ ਕਰਨਾ ਚਾਹਿਆ | ਸੰਨਿਆਸੀ ਨੇ ਕਿਹਾ , ਕੁਝ ਨਹੀਂ ਲੈਣਾ , ਵਾਪਸ ਲੈ ਜਾਓ | ਰਾਣੀਆਂ , ਰਾਜਕੁਮਾਰਾਂ , ਰਾਜਕੁਮਾਰੀਆਂ ਆਦਿ ਨੇ ਝੁਕ-ਝੁਕ ਕੇ ਮੱਥੇ ਟੇਕੇ , ਭਾਂਤ-ਭਾਂਤ ਦੀਆ ਚੀਜ਼ਾਂ-ਚੀਜ਼ਾਂ ਵਸਤਾਂ ਭੇਂਟ ਕਰਨੀਆਂ ਚਾਹੀਆਂ , ਸੰਨਿਆਸੀ ਨੇ ਕੋਈ ਚੀਜ਼ ਨਾ ਲਈ , ਹਰ ਕਿਸੇ ਨੂੰ ਕਿਹਾ ਕੁਝ ਨਹੀਂ ਚਾਹੀਦਾ , ਲੈ ਜਾਓ | ਰਾਜੇ ਨੇ ਵਜ਼ੀਰ ਨੂੰ ਵੀ ਕਿਹਾ ਕਿ ਝੁਕ ਕੇ ਡੰਡੌਤ ਕਰੋ | ਰਾਜਾ-ਰਾਣੀ ਸਾਰੇ ਪ੍ਰਸ਼ਨ ਹੋ ਕੇ ਚਲੇ ਗਏ |
ਜਦੋ ਸਾਰੇ ਚਲੇ ਗਏ ਤਾ ਵਜ਼ੀਰ ਵਾਅਦੇ ਅਨੁਸਾਰ ਥੈਲੀ ਦੇਣ ਗਿਆ ਤਾਂ ਸੰਨਿਆਸੀ ਨੇ ਇਹ ਵੀ ਲੈਣ ਤੋਂ ਇਨਕਾਰ ਕਰ ਦਿੱਤਾ | ਵਜ਼ੀਰ ਨੇ ਕਿਹਾ : ਮੂਰਖ ਨਾ ਬਣ , ਨਾਟਕ ਮੁਕ ਗਿਆ ਹੈ , ਖਤਮ ਕਰ ਆਪਣੀ ਨਾਂਹ-ਨਾਂਹ , ਇਹ ਸਵੀਕਾਰ ਕਰ ਲੈ | ਆਨੰਦ-ਪ੍ਰਸ਼ਨ ਹੋਏ ਸੰਨਿਆਸੀ ਨੇ ਕਿਹਾ , ਕੋਈ ਥੈਲੀ ਨਹੀਂ ਲੈਣੀ | ਵਜ਼ੀਰ ਹੈਰਾਨ ਸੀ | ਸੰਨਿਆਸੀ ਨੇ ਕਿਹਾ : ਜੇ ਢੋਂਗ ਨਾਲ ਇਤਨਾ ਆਨੰਦ ਮਿਲਿਆ ਹੈ , ਜੇ ਝੂਠ ਦੇ ਸੰਨਿਆਸ ਵਿਚ ਇਤਨਾ ਸੁਖ ਹੈ ਤਾਂ ਸਾਚੇ ਸੰਨਿਆਸ ਦਾ ਕਿਤਨਾ ਆਨੰਦ ਹੋਵੇਗਾ | ਲੈ ਜਾ ਆਪਣੀ ਥੈਲੀ , ਕੁਝ ਨਹੀਂ ਚਾਹੀਦਾ |
ਸੰਨਿਆਸ ਵਿਚ ਤਿਆਗ ਦਾ ਆਨੰਦ ਹੈ | ਇਹ ਕਹਿੰਦਿਆਂ ਸੰਨਿਆਸੀ ਵਿਦਾ ਹੋ ਗਿਆ | ਵਜ਼ੀਰ , ਜਾਂਦੇ ਸੰਨਿਆਸੀ ਦੀ ਪਿੱਠ ਵੇਖ ਰਿਹਾ ਸੀ ਅਤੇ ਸੰਨਿਆਸੀ ਦੇ ਚਿਹਰੇ ਨੂੰ ਸੂਰਜ ਨਿਹਾਰ ਰਿਹਾ ਸੀ |
ਨਰਿੰਦਰ ਸਿੰਘ ਕਪੂਰ
ਪੁਸਤਕ : ਖਿੜਕੀਆਂ