ਟਾਲਸਟਾਏ ਦੀ ਇੱਕ ਪ੍ਰਸਿੱਧ ਕਹਾਣੀ ਹੈ। ਕਹਿੰਦੇ ਕੇਰਾਂ ਇੱਕ ਆਦਮੀ ਦੇ ਘਰ ਇੱਕ ਸੰਨਿਆਸੀ ਮਹਿਮਾਨ ਹੋਇਆ।
ਰਾਤ ਨੂੰ ਖਾਣਾ ਖਾਕੇ ਬੈਠਿਆਂ ਦਾ ਹਾਸੀ-ਮਜਾਕ ਚੱਲ ਰਿਹਾ ਸੀ, ਸੰਨਿਆਸੀ ਨੇ ਸਹਿਜ ਸੁਭਾਏ ਹੀ ਕਹਿਤਾ ਕਿ ਤੂੰ ਕੀ ਐਥੇ ਖੇਤੀ ਕਰਨ ਲੱਗਿਆਂ। ਸਾਇਬੇਰੀਆ ਜਾ ! ਜ਼ਮੀਨ ਬਹੁਤ ਸਸਤੀ ਆ ਉੱਥੇ – ਮੁਫ਼ਤ ਹੀ ਮੰਨ । ਐਥੋਂ ਬੇਚ ਕੇ ਸਾਇਬੇਰੀਆ ਚਲਾ ਜਾ, ਹਜਾਰਾਂ ਏਕੜ ਜਮੀਨ ਆਜੂ ਓਧਰ, ਫੇਰ ਐਸ਼ ਕਰੀਂ। ਉੱਥੇ ਲੋਕ ਐਨੇ ਭੋਲ਼ੇ ਨੇ ਕਿ ਸਮਝ ਲੈ ਜਮੀਨ ਮੁਫ਼ਤ ਵਾਂਗੂ ਹੀ ਦੇ ਦਿੰਦੇ ਨੇ।
ਉਸ ਆਦਮੀ ਚ ਵਾਸਨਾ ਜਗੀ। ਅਗਲੇ ਦਿਨ ਤੜਕੇ ਹੀ ਜਮੀਨ ਬੇਚ ਕੇ, ਜੁੱਲੀ-ਬਿਸਤਰਾ ਬੰਨ੍ਹ ਕੇ ਚੜ੍ਹ ਗਿਆ ਗੱਡੇ ਤੇ ਪਹੁੰਚ ਗਿਆ ਆਥਣ ਨੂੰ ਸਾਇਬੇਰੀਆ।
ਜਦ ਪਹੁੰਚਿਆ ਤਾਂ ਗੱਲ ਉਸਨੂੰ ਸੱਚੀ ਲੱਗੀ ਸੰਨਿਆਸੀ ਦੀ। ਆਦਮੀ ਨੇ ਜਾਕੇ ਕਿਹਾ ਕਿ ਮੈਂ ਐਥੇ ਜਮੀਨ ਖਰੀਦਣੀ ਚਾਹੁੰਨਾ, ਤਾਂ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਜਮੀਨ ਖਰੀਦਣੀ ਹੈ, ਤਾਂ ਪਹਿਲਾਂ ਤਾਂ ਆਹ ਪੈਸਿਆਂ ਦੀ ਪੋਟਲੀ ਪਾਸੇ ਰੱਖਦੇ।
ਜਮੀਨ ਖਰੀਦਣ ਦਾ ਇੱਕੋ ਉਪਾਅ ਆ ਬਸ ! ਕੱਲ ਸਵੇਰੇ ਤੁਰਪੀਂ ਐਥੋਂ, ਜਿੱਥੇ ਤੱਕ ਜਮੀਨ ਤੁਰਕੇ ਘੇਰ ਲਵੇਂ ਉਹ ਤੇਰੀ, ਬਸ ਸ਼ਰਤ ਇਹ ਆ ਕਿ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਆਉਣਾ ਪੈਣਾ ਜਿੱਥੋਂ ਚੱਲਿਆ ਸੀ। ਜਿੰਨੀ ਜਮੀਨ ਦਾ ਚੱਕਰ ਲੱਗਾ ਕੇ ਵਾਪਸ ਆਜੇ ਉਹ ਤੇਰੀ।
ਰਾਤ ਭਰ ਨਾ ਸੋ ਸਕਿਆ ਉਹ ਆਦਮੀ। ਤੁਸੀ ਹੁੰਦੇ ਤਾਂ ਵੀ ਸੋ ਨਾ ਸਕਦੇ, ਏਹਜੇ ਸਮੇਂ ਚ ਕੋਈ ਸੌਂਦਾ ਹੈ ਭਲਾ ? ਯੋਜਨਾਵਾਂ ਬਣਾਉਂਦਾ ਰਿਹਾ ਸਾਰੀ ਰਾਤ ਕਿ ਕਿੰਨੀ ਜਮੀਨ ਘੇਰ ਲਵਾਂ। ਸਵੇਰ ਹੁੰਦੇ ਹੀ ਭੱਜ ਲਿਆ, ਨਾਲ ਸਭ ਰੋਟੀ ਪਾਣੀ ਚੱਕ ਕੇ।
ਸੋਚਿਆ ਸੀ ਕਿ ਬਾਰਾਂ ਵਜੇ ਮੁੜ ਪਊਂ ਵਾਪਸ, ਤਾਂ ਕਿ ਸੂਰਜ ਡੁੱਬਦੇ ਡੁੱਬਦੇ ਪਹੁੰਚ ਜਾਵਾਂ ਵਾਪਸ ਪਿੰਡ। ਬਾਰਾਂ ਵੱਜ ਗਏ, ਕਿੰਨੇ ਹੀ ਮੀਲ ਚੱਲ ਚੁੱਕਿਆ ਸੀ, ਪਰ… ਵਾਸਨਾ ਦਾ ਕੋਈ ਅੰਤ ਹੈ ?
ਉਸਨੇ ਸੋਚਿਆ ਕਿ ਬਾਰਾਂ ਵੱਜ ਗਏ, ਹੁਣ ਮੁੜਨਾ ਚਾਹੀਦਾ। ਪਰ ਫੇਰ ਅਚਾਨਕ ਦਿਮਾਗ ਚ ਆਇਆ ਕਿ ਥੋੜੀ ਜਿਹੀ… ਬਸ ਥੋੜੀ ਜਿਹੀ ਜਮੀਨ ਹੋਰ ਘੇਰ ਲਵਾਂ। ਮੁੜਨ ਲੱਗੇ ਬਸ ਥੋੜਾ ਤੇਜ ਭੱਜਣਾ ਪਊ – ਐਨੀ ਕ੍ ਹੀ ਤਾਂ ਗੱਲ ਐ, ਇੱਕ ਹੀ ਦਿਨ ਦੀ ਤਾਂ ਗੱਲ ਐ !
ਉਸਨੇ ਪਾਣੀ ਵੀ ਨਾ ਪੀਤਾ, ਕਿਉਂਕਿ ਰੁਕਣਾ ਪੈਂਦਾ ਪੀਣ ਲਈ। ਇੱਕ ਦਿਨ ਦੀ ਹੀ ਤਾਂ ਗੱਲ ਐ, ਪਹੁੰਚ ਕੇ ਪੀ ਲਊ, ਫੇਰ ਸਾਰੀ ਉਮਰ ਪੀਂਦੇ ਰਹਾਂਗੇ। ਖਾਣਾ ਵੀ ਨਾ ਖਾਇਆ, ਰੋਟੀ ਪਾਣੀ ਸਭ ਰਸਤੇ ਚ ਹੀ ਸੁੱਟ ਦਿੱਤੇ, ਕਿਉਂਕਿ ਉਹਨਾਂ ਦਾ ਭਾਰ ਚੱਕਣਾ ਪੈ ਰਿਹਾ ਸੀ, ਭੱਜਿਆ ਨੀ ਸੀ ਜਾ ਰਿਹਾ ਚੰਗੀ ਤਰ੍ਹਾਂ।
ਕਰਦਾ ਕਰਦਾ ਦੋ ਵਜੇ ਵਾਪਸ ਮੁੜਿਆ, ਹੁਣ ਘਬਰਾਇਆ। ਸਾਰਾ ਜੋਰ ਲਗਾਇਆ – ਲੇਕਿਨ ਕਿੰਨਾ ਕ੍ ਭੱਜਦਾ ਸਾਰੀ ਤਾਕਤ ਖਤਮ ਹੋ ਚੁੱਕੀ ਸੀ।
ਉਹ ਪੂਰੀ ਜਾਨ ਲਗਾ ਕੇ ਦੌੜਿਆ, ਸਭ ਦਾਅ ਤੇ ਲਗਾ ਕੇ। ਸੂਰਜ ਡੁੱਬਣ ਲੱਗਿਆ। ਲੋਕ ਵੀ ਦਿਖਾਈ ਦੇਣੇ ਸ਼ੁਰੂ ਹੋਗੇ ਸੀ। ਜਿਆਦਾ ਦੂਰੀ ਨਹੀਂ ਸੀ ਰਹਿ ਗਈ।
ਪਿੰਡ ਦੇ ਲੋਕ ਖੜੇ ਸੀ, ਅਵਾਜ਼ਾਂ ਮਾਰ ਰਹੇ ਸੀ, ਉਤਸਾਹ ਵਧਾ ਰਹੇ ਸੀ। ਅਜੀਬ ਸਿੱਧੇ ਸਾਦੇ ਲੋਕ ਨੇ – ਸੋਚਣ ਲੱਗਿਆ ਮਨ ਚ – ਇਨ੍ਹਾਂ ਨੂੰ ਤਾਂ ਸੋਚਣਾ ਚਾਹੀਦਾ ਕਿ ਮੈਂ ਮਰ ਹੀ ਜਾਵਾਂ, ਇਹਨਾਂ ਨੂੰ ਧਨ ਵੀ ਮਿਲ ਜਾਵੇ ਟੇ ਜਮੀਨ ਵੀ ਨਾ ਦੇਣੀ ਪਵੇ।
ਉਸਨੇ ਇੱਕ ਲੰਬਾ ਸਾਹ ਲਿਆ – ਭੱਜਿਆ ਭੱਜਿਆ ਭੱਜਿਆ …! ਸੂਰਜ ਡੁੱਬਣ ਲੱਗਿਆ, ਡੁੱਬਦੇ ਡੁੱਬਦੇ ਆਦਮੀ ਉਹ ਡਿੱਗ ਪਿਆ ਧਰਤੀ ਤੇ। ਬਸ ਪੰਜ-ਸੱਤ ਗਜ ਦੂਰੀ ਹੀ ਬਾਕੀ ਸੀ।
ਘਸੀਟ ਘਸੀਟ ਕੇ ਓਹ ਉਸ ਰੇਖਾ ਤੱਕ ਪਹੁੰਚਿਆ ਜਿੱਥੋਂ ਭੱਜਿਆ ਸੀ। ਸੂਰਜ ਡੁੱਬ ਗਿਆ, ਤੇ ਏਧਰ ਇਹ ਆਦਮੀ ਵੀ ਮਰ ਗਿਆ।
ਪਿੰਡ ਦੇ ਸਿੱਧੇ-ਸਾਦੇ ਲੋਕ ਜਿੰਨਾ ਨੂੰ ਉਹ ਸਮਝਦਾ ਸੀ, ਹੱਸਣ ਲੱਗੇ – ਕਿ ਪਾਗਲ ਲੋਕ ਐਥੇ ਆਉਂਦੇ ਹੀ ਰਹਿੰਦੇ ਨੇ। ਇਹ ਕੋਈ ਪਹਿਲੀ ਘਟਨਾ ਨਹੀਂ ਸੀ, ਅਕਸਰ ਲੋਕ ਆਉਂਦੇ ਸੀ, ਤੇ ਇਸੇ ਤਰਾਂ ਮਰਦੇ ਸੀ। ਕੋਈ ਵੀ ਅੱਜ ਤੱਕ ਜਮੀਨ ਘੇਰ ਕੇ ਮਾਲਿਕ ਨਹੀਂ ਬਣ ਪਾਇਆ।
ਇਹ ਕਹਾਣੀ ਤੁਹਾਡੀ ਕਹਾਣੀ ਹੈ, ਸਭ ਦੀ ਜਿੰਦਗੀ ਦੀ ਕਹਾਣੀ ਹੈ। ਇਹੀ ਤਾਂ ਤੁਸੀਂ ਕਰ ਰਹੇ ਹੋਂ – ਦੌੜ ਰਹੇ ਓ ਕਿ ਸਭ ਕੁੱਝ ਪਾ ਲਈਏ – ਸਮਾਂ ਵੀ ਪੂਰਾ ਹੋਣ ਲੱਗਦਾ – ਪਰ ਸੋਚਦੇ ਹਾਂ ਕਿ ਥੋੜਾ ਹੋਰ ਦੌੜ ਲਈਏ। ਜਿਉਣ ਦਾ ਸਮਾਂ ਕਿੱਥੇ ਹੈ।
ਗਰੀਬ ਮਰ ਜਾਂਦੇ ਨੇ ਭੁੱਖੇ , ਅਮੀਰ ਮਰ ਜਾਂਦੇ ਨੇ ਭੁੱਖੇ, ਕਦੇ ਕੋਈ ਨਹੀਂ ਜੀ ਪਾਉਂਦਾ। ਜੀਉਣ ਲਈ ਥੋੜੀ ਸਮਝ ਚਾਹੀਦੀ ਆ, ਥੋੜੀ ਸਹਿਜਤਾ।
ਸਿਰਫ ਬੁੱਧ ਪੁਰਸ਼ ਜਿਉਂ ਪਾਉਂਦੇ ਨੇ। ਕਿਉਂਕਿ ਉਹ ਠਹਿਰ ਗਏ, ਕਿਉਂਕਿ ਉਹਨਾਂ ਦਾ ਚਿੱਤ ਹੁਣ ਚੰਚਲ ਨਹੀਂ। ਜਮੀਨ ਘੇਰ ਕੇ ਕਰੋਗੇ ਕੀ ? ਸਭ ਇੱਥੇ ਹੀ ਰਹਿ ਜਾਂਦਾ, ਨਾ ਕੁੱਛ ਲੈਕੇ ਆਉਂਦੇ ਹਾਂ , ਨਾ ਲੈਕੇ ਜਾਵਾਂਗੇ।
– ਓਸ਼ੋ